Arash Info Corporation

ਯੂਪੀ ਪੁਲੀਸ ਦੀ ਟੀਮ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਰਵਾਨਾ

06

April

2021

ਰੂਪਨਗਰ, 6 ਅਪਰੈਲ- ਯੂਪੀ ਪੁਲੀਸ ਦੀ ਟੀਮ ਇਥੇ ਰੂਪਨਗਰ ਜੇਲ੍ਹ ਵਿੱਚ ਬੰਦ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਲਈ ਲੈ ਕੇ ਰਵਾਨਾ ਹੋ ਗਈ ਹੈ। ਅੰਸਾਰੀ ਨੂੰ ਜੇਲ੍ਹ ਦੇ ਮੁੱਖ ਦਰਵਾਜ਼ੇ ਦੀ ਥਾਂ ਦੂਜੇ ਦਰਵਾਜ਼ਿਓਂ ਬਾਹਰ ਕੱਢਿਆ ਗਿਆ। ਇਸ ਤੋਂ ਪਹਿਲਾਂ ਗੈਂਗਸਟਰ ਨੂੰ ਵਾਪਸ ਲਿਜਾਣ ਲਈ ਯੂਪੀ ਪੁਲੀਸ ਦੀ ਇਕ ਟੀਮ ਅੱਜ ਵੱਡੇ ਤੜਕੇ ਰੂਪਨਗਰ ਪੁੱਜ ਗਈ ਸੀ। ਅੰਸਾਰੀ ਯੂਪੀ ਵਿੱਚ ਕਈ ਮਾਮਲਿਆਂ ’ਚ ਲੋੜੀਂਦਾ ਹੈ। ਅਧਿਕਾਰੀਆਂ ਮੁਤਾਬਕ ਯੂਪੀ ਪੁਲੀਸ ਦੇ ਮੁਲਾਜ਼ਮ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਸੱਤ ਗੱਡੀਆਂ ਵਿੱਚ ਰੂਪਨਗਰ ਪੁਲੀਸ ਲਾਈਨ ਪੁੱਜੇ, ਜੋ ਕਿ ਰੂਪਨਗਰ ਜੇਲ੍ਹ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਹੈ। ਅੰਸਾਰੀ ਰੰਗਦਾਰੀ ਦੇ ਇਕ ਮਾਮਲੇ ਵਿੱਚ ਜਨਵਰੀ 2019 ਤੋਂ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ। ਪੰਜਾਬ ਦੇ ਗ੍ਰਹਿ ਵਿਭਾਗ ਨੇ ਯੂਪੀ ਸਰਕਾਰ ਨੂੰ ਇਕ ਪੱਤਰ ਲਿਖ ਕੇ 8 ਅਪਰੈਲ ਜਾਂ ਉਸ ਤੋਂ ਪਹਿਲਾਂ ਅੰਸਾਰੀ ਨੂੰ ਰੂਪਨਗਰ ਜੇਲ੍ਹ ’ਚੋਂ ਹਿਰਾਸਤ ਵਿੱਚ ਲੈਣ ਲਈ ਕਿਹਾ ਸੀ। ਵਿਭਾਗ ਨੇ 26 ਮਾਰਚ ਦੇ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਯੂਪੀ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨੂੰ ਉਪਰੋਕਤ ਪੱਤਰ ਲਿਖਿਆ ਸੀ। ਚੇਤੇ ਰਹੇ ਕਿ ਸਰਵਉਚ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਪੰਜਾਬ ਸਰਕਾਰ ਨੂੰ ਅੰਸਾਰੀ ਨੂੰ ਦੋ ਹਫ਼ਤਿਆਂ ਅੰਦਰ ਯੂਪੀ ਦੀ ਬਾਂਦਾ ਜੇਲ੍ਹ ਵਿੱਚ ਭੇਜਣ ਦੇ ਹੁਕਮ ਕੀਤੇ ਸਨ। ਆਧੁਨਿਕ ਹਥਿਆਰਾਂ ਨਾਲ ਲੈਸ ਯੂਪੀ ਪੁਲੀਸ ਦੀ 150 ਮੈਂਬਰੀ ਟੀਮ ਮਊ ਤੋਂ ਬਸਪਾ ਵਿਧਾਇਕ ਅੰਸਾਰੀ ਨੂੰ ਹਿਰਾਸਤ ਵਿੱਚ ਲੈਣ ਲਈ ਸੋਮਵਾਰ ਨੂੰ ਬਾਂਦਾ ਤੋਂ ਤੁਰੀ ਸੀ।