ਰਤ ਦੀ ਹੱਤਿਆ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ

26

October

2018

ਲਾਲੜੂ, ਬੀਤੀ 17 ਅਕਤੂਬਰ ਨੂੰ ਅੰਬਾਲਾ-ਚੰਡੀਗੜ੍ਹ ਸੜਕ ’ਤੇ ਸਥਿਤ ਝਰਮਲ ਨਦੀ ਦੇ ਨੇੜੇ ਇਕ ਖੰਡਰ ਇਮਾਰਤ ’ਚੋਂ 35 ਸਾਲਾਂ ਦੀ ਅਣਪਛਾਤੀ ਔਰਤ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ। ਬਾਅਦ ਵਿੱਚ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਹੁਣ ਇਸ ਮ੍ਰਿਤਕ ਔਰਤ ਦੀ ਸ਼ਨਾਖਤ ਹੋ ਗਈ ਹੈ ਅਤੇ ਇਹ ਕਥਿਤ ਤੌਰ ’ਤੇ ਕਤਲ ਦਾ ਮਾਮਲਾ ਨਿਕਲਿਆ ਹੈ। ਇਸੇ ਦੌਰਾਨ ਮੁਲਜ਼ਮ ਵੀ ਉਸ ਦਾ ਦੂਰ ਦਾ ਰਿਸ਼ਤੇਦਾਰ ਨਿਕਲੀਆ ਹੈ ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਔਰਤ ਨੂੰ ਜ਼ਖ਼ਮੀ ਕਰਨ ਦੀ ਗੱਲ ਕਬੂਲ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਲੈਹਲੀ ਪੁਲੀਸ ਚੌਕੀ ਦੇ ਇੰਚਾਰਜ ਫੂਲ ਚੰਦ ਨੇ ਦੱਸਿਆ ਕਿ ਔਰਤ ਦੀ 17 ਅਕਤੂਬਰ ਨੂੰ ਮੌਤ ਹੋਈ ਸੀ। ਪੁਲੀਸ ਨੇ ਉਸ ਦੀ ਸ਼ਨਾਖਤ ਲਈ ਕਾਫੀ ਦੌੜ-ਭੱਜ ਕੀਤੀ ਤੇ ਇਹ ਮਾਮਲਾ ਕਤਲ ਦਾ ਨਿਕਲਿਆ। ਔਰਤ ਦੀ ਸ਼ਨਾਖਤ ਰਾਣੀ ਦੇਵੀ ਪਤਨੀ ਵਿਜੇ ਕੁਮਾਰ ਵਾਸੀ ਬਿਹਾਰ ਤੇ ਹਾਲ ਵਾਸੀ ਪ੍ਰੇਮ ਨਗਰ ਲਾਲੜੂ ਮੰਡੀ ਵਜੋਂ ਹੋਈ ਹੈ। ਇਹ ਔਰਤ ਕਿਰਾਏ ਦੇ ਮਕਾਨ ’ਤੇ ਆਪਣੇ ਪਤੀ ਨਾਲ ਰਹਿ ਰਹੀ ਸੀ। ਪੁਲੀਸ ਨੇ ਦੱਸਿਆ ਕਿ ਰਾਣੀ ਦੇਵੀ 8 ਅਕਤੂਬਰ ਨੂੰ ਘਰ ਤੋਂ ਭੇਤ ਭਰੀ ਹਾਲਤ ਵਿੱਚ ਗੁੰਮ ਹੋਈ ਸੀ। ਉਸ ਦੇ ਪਤੀ ਨੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਰਾਣੀ ਦੇਵੀ ਦੇ ਭਰਾ ਅਰਵਿੰਦਰ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਸੁਨੀਲ ਕੁਮਾਰ ਪਾਂਡੇ ਵਾਸੀ ਹਰਦੇਵ ਨਗਰ ਲਾਲੜੂ ਮੰਡੀ ਉਨ੍ਹਾਂ ਦਾ ਦੁੂਰ ਦਾ ਰਿਸ਼ਤੇਦਾਰ ਹੈ ਅਤੇ ਇਕ ਕੰਪਨੀ ਵਿੱਚ ਫੌਰਮੈਨ ਦੀ ਨੌਕਰੀ ਕਰਦਾ ਹੈ। ਉਸ ਨੇ ਹੀ ਵਿਜੇ ਕੁਮਾਰ ਨੁੂੰ ਆਪਣੀ ਕੰਪਨੀ ਵਿੱਚ ਬਤੌਰ ਹੈਲਪਰ ਦੀ ਨੌਕਰੀ ਦਿਵਾਈ ਸੀ। ਅਰਵਿੰਦਰ ਨੇ ਪੁਲੀਸ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੀ ਭੈਣ ਰਾਣੀ ਦੇਵੀ ਦਾ ਉਸ ਦੀ ਪਤਨੀ ਨੂੰ ਫੋਨ ਆਇਆ ਸੀ ਕਿ ਸੁਨੀਲ ਪਾਂਡੇ ਉਸ ਨੂੰ ਧਮਕੀ ਦਿੰਦਾ ਹੈ ਕਿ ਉਸ ਨਾਲ ਸਬੰਧ ਬਣਾਵੇ ਨਹੀਂ ਤਾਂ ਉਸ ਦੇ ਪਤੀ ਨੂੰ ਨੌਕਰੀ ਤੋਂ ਕੱਢਵਾ ਦੇਵੇਗਾ। ਅਰਵਿੰਦਰ ਅਨੁਸਾਰ ਰਾਣੀ ਨੇ ਸੁਨੀਲ ਪਾਂਡੇ ਨਾਲ ਸਬੰਧ ਬਣਾ ਲਏ ਤੇ ਉਹ ਗਰਭਵਤੀ ਹੋ ਗਈ। ਹੁਣ ਸੁਨੀਲ ਪਾਂਡੇ ਉਸ ਨੂੰ ਗਰਭਪਾਤ ਕਰਾਉਣ ਲਈ ਜ਼ੋਰ ਪਾ ਰਿਹਾ ਸੀ ਜਿਸ ਨੂੰ ਲੈ ਕੇ ਉਹ ਕਾਫੀ ਪ੍ਰੇਸ਼ਾਨ ਸੀ। ਪੁਲੀਸ ਨੇ ਅਰਵਿੰਦਰ ਕੁਮਾਰ ਦੇ ਬਿਆਨ ’ਤੇ ਸੁਨੀਲ ਪਾਂਡੇ ਦੇ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਮੁਲਜ਼ਮ 28 ਅਕਤੂਬਰ ਤੱਕ ਪੁਲੀਸ ਰਿਮਾਂਡ ’ਤੇ ਹੈ।