ਮਹਾਂਰਾਸ਼ਟਰ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੰਦੇੜ ਵਿਖੇ 11 ਦਿਨਾਂ ਦੇ ਸੰਪੂਰਨ ਲਾਕਡਾਊਨ ਦਾ ਫੁਰਮਾਨ

22

March

2021

ਹਰਸਾ ਛੀਨਾ 22 ਮਾਰਚ - ਮਹਾਰਾਸ਼ਟਰ ਵਿਖੇ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਲੈ ਕੇ ਨੰਦੇੜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ 11 ਦਿਨਾਂ ਦੇ ਸੰਪੂਰਨ ਲਾਕਡਾਊਨ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅੁਨਸਾਰ ਨੰਦੇੜ ਦੇ ਜ਼ਿਲ੍ਹਾ ਕੁਲੈਕਟਰ ਡਾ.ਵਿਪਨ ਇਟਨਕਰ ਵਲੋਂ ਜਾਰੀ ਆਦੇਸ਼ਾਂ ਵਿਚ ਜ਼ਿਲ੍ਹੇ ਅੰਦਰ ਵਧਦੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ 24 ਮਾਰਚ ਰਾਤ 12 ਵਜੇ ਤੋਂ 4 ਅਪ੍ਰੈਲ 2021 ਰਾਤ 12 ਵਜੇ ਤੱਕ 11 ਦਿਨਾਂ ਦਾ ਸੰਪੂਰਨ ਲਾਕਡਾਊਨ ਲਗਾਉਂਦਿਆਂ ਨਿੱਜੀ ਵਾਹਨਾਂ ਦੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਜਦ ਕਿ ਐਂਬੂਲੈਂਸ, ਰਸੋਈ ਗੈਸ, ਕੋਰੀਅਰ ਵਾਹਨਾਂ ਸਮੇਤ ਸਰਕਾਰੀ ਅਤੇ ਵਿਸ਼ੇਸ਼ ਸੇਵਾ ਵਾਹਨਾਂ ਨੂੰ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ । ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਸਮਾਜਿਕ ਧਾਰਮਿਕ ਤੇ ਰਾਜਨੀਤਕ ਸਮਾਗਮਾਂ 'ਤੇ ਪੂਰਨ ਤੌਰ ਤੇ' ਪਾਬੰਦੀ ਦਾ ਐਲਾਨ ਕੀਤਾ ਗਿਆ ਹੈ । ਇੱਥੇ ਦੱਸਣਯੋਗ ਹੈ ਕਿ ਮਾਰਚ ਮਹੀਨੇ ਦੇ ਅਖੀਰ ਵਿਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਲਾ ਮਹੱਲਾ ਮਨਾਉਣ ਲਈ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤ ਹਰ ਸਾਲ ਪਵਿੱਤਰ ਧਰਤੀ 'ਤੇ ਪੁੱਜਦੀ ਹੈ।