Arash Info Corporation

ਦਸੰਬਰ ਤੱਕ ਲੋਕ ਸਭਾ ਉਮੀਦਵਾਰ ਐਲਾਨ ਦੇਵੇਗੀ ‘ਆਪ’

24

October

2018

ਚੰਡੀਗੜ੍ਹ, ‘ਆਪ’ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਇੱਥੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਣੇ ਬਾਕੀ ਮੈਂਬਰਾਂ ਨੇ ਹਿੱਸਾ ਲਿਆ। ਪ੍ਰੈੱਸ ਬਿਆਨ ਰਾਹੀਂ ਚੇਅਰਮੈਨ ਬੁੱਧ ਰਾਮ ਨੇ ਦੱਸਿਆ ਕਿ ਬੈਠਕ ’ਚ ਪਾਰਟੀ ਦੇ ਢਾਂਚੇ ਦਾ ਵਿਸਤਾਰ ਕਰਦਿਆਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ‘ਆਪ’ ਕਿਸਾਨ ਵਿੰਗ, ਪੰਜਾਬ ਦਾ ਪ੍ਰਧਾਨ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਨੂੰ ਟਰਾਂਸਪੋਰਟ ਵਿੰਗ ਦਾ ਸੂਬਾ ਪ੍ਰਧਾਨ ਤੇ ਐਡਵੋਕੇਟ ਜਸਤੇਜ ਸਿੰਘ ਅਰੋੜਾ ਨੂੰ ਲੀਗਲ ਸੈੱਲ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਤਿੰਨ ਜ਼ਿਲ੍ਹਾ ਪ੍ਰਧਾਨ, 8 ਹਲਕਾ ਪ੍ਰਧਾਨ ਤੇ ਹੋਰ ਨਿਯੁਕਤੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਜਸਪਾਲ ਸਿੰਘ ਦਾਤੇਵਾਸ ਨੂੰ ਜ਼ਿਲ੍ਹਾ ਮਾਨਸਾ, ਕਰਮਜੀਤ ਸਿੰਘ ਢੀਂਡਸਾ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੇ ਗੁਰਦੀਪ ਸਿੰਘ ਬਾਠ ਨੂੰ ਬਰਨਾਲਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਪ੍ਰਧਾਨਾਂ ਵਿਚ ਮੁਕੇਰੀਆਂ ਤੋਂ ਗੁਰਧਿਆਨ ਸਿੰਘ ਮੁਲਤਾਨੀ, ਜ਼ੀਰਾ ਤੋਂ ਚੰਦ ਸਿੰਘ ਗਿੱਲ, ਗੁਰੂ ਹਰਸਹਾਏ ਤੋਂ ਮਲਕੀਤ ਥਿੰਦ, ਲੁਧਿਆਣਾ ਕੇਂਦਰੀ ਤੋਂ ਸੁਰੇਸ਼ ਗੋਇਲ, ਮਾਲੇਰਕੋਟਲਾ ਤੋਂ ਜਮੀਲ ਉਰ ਰਹਿਮਾਨ, ਅਮਰਗੜ੍ਹ ਤੋਂ ਨਵਜੋਤ ਸਿੰਘ ਜਰਗ, ਅਟਾਰੀ ਤੋਂ ਜਸਵੰਤ ਸਿੰਘ ਨਰਾਇਣਪੁਰਾ ਤੇ ਫ਼ਤਿਹਗੜ੍ਹ ਚੂੜੀਆਂ ਤੋਂ ਪੀਟਰ ਜੀਦਾ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅੰਮ੍ਰਿਤਸਰ ਦੱਖਣੀ ਤੋਂ ਵਿਜੈ ਗਿੱਲ ਅਤੇ ਕੁਲਵੰਤ ਸਿੰਘ ਨੂੰ ਫ਼ਤਿਹਗੜ੍ਹ ਚੂੜੀਆਂ ਦਾ ਹਲਕਾ ਸਹਿ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਹਿਲਾ ਵਿੰਗ ਵਿਚ ਪਰਮਿੰਦਰ ਸਮਾਘ ਨੂੰ ਮਹਿਲਾ ਵਿੰਗ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਮਲਕੀਤ ਕੌਰ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਸਪਸ਼ਟ ਕੀਤਾ ਕਿ ਕੋਰ ਕਮੇਟੀ ਦੀ ਬੈਠਕ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ’ਤੇ ਚਰਚਾ ਕੀਤੀ ਗਈ ਅਤੇ ਦਸੰਬਰ ਅੰਤ ਤੱਕ ਉਮੀਦਵਾਰ ਐਲਾਨ ਦਿੱਤੇ ਜਾਣਗੇ। ਇਸ ਮੌਕੇ ਅੰਮ੍ਰਿਤਸਰ ਰੇਲ ਹਾਦਸੇ ਦੇ ਮ੍ਰਿਤਕਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।