ਏਕਤਾ ਮੁਹਿੰਮ: ਬਾਗ਼ੀ ਧੜੇ ਦੀਆਂ ਸਖ਼ਤ ਸ਼ਰਤਾਂ ਕਾਰਨ ‘ਆਪ’ ਦੀ ਮੀਟਿੰਗ ਬੇਸਿੱਟਾ

24

October

2018

ਚੰਡੀਗੜ੍ਹ, ‘ਆਪ’ ਨੇ ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਭਾਂਪਦਿਆਂ ‘ਏਕਤਾ ਮੁਹਿੰਮ’ ਦੀ ਸ਼ੁਰੂਆਤ ਕਰ ਦਿੱਤੀ ਹੈ। ‘ਆਪ’ ਦੇ ਦੋਹਾਂ ਧੜਿਆਂ ਦਰਮਿਆਨ ਅੱਜ ਚੰਡੀਗੜ੍ਹ ਵਿਚ ਮੀਟਿੰਗ ਹੋਈ। ਤਕਰੀਬਨ ਇੱਕ ਘੰਟੇ ਦੀ ਮੀਟਿੰਗ ਦੌਰਾਨ ਏਕਤਾ ਦਾ ਐਲਾਨ ਨਹੀਂ ਕੀਤਾ ਜਾ ਸਕਿਆ ਤੇ ਬਾਗ਼ੀ ਧੜੇ ਦੀਆਂ ਸਖ਼ਤ ਸ਼ਰਤਾਂ ਕਾਰਨ ਏਕੇ ਦੀਆਂ ਸੰਭਾਵਨਾਵਾਂ ਵੀ ਘੱਟ ਜਾਪਦੀਆਂ ਹਨ। ਖਹਿਰਾ ਧੜੇ ਦੇ ਬਾਗ਼ੀ ਹੋਣ ਤੋਂ ਬਾਅਦ ਇਹ ਪਹਿਲੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿਚ ਪਾਰਟੀ ਵੱਲੋਂ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ, ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰਘ ਪੰਡੋਰੀ ਤੇ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਲ ਸਨ। ਉਧਰ, ਖਹਿਰਾ ਧੜੇ ਵੱਲੋਂ ਵਿਧਾਇਕ ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ, ਸੁਰੇਸ਼ ਕੁਮਾਰ ਸ਼ਰਮਾ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਪਰਮਜੀਤ ਸਿੰਘ ਸਚਦੇਵਾ ਆਦਿ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਭਗਵੰਤ ਸਿੰਘ ਮਾਨ ਅਤੇ ਕੰਵਰ ਸੰਧੂ ਨੇ ਦਾਅਵਾ ਕੀਤਾ ਕਿ ਦੋਹਾਂ ਧੜਿਆਂ ਦਰਮਿਆਨ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਤੇ ਸਾਰੇ ਹੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਦੋਹਾਂ ਆਗੂਆਂ ਦਾ ਕਹਿਣਾ ਹੈ ਕਿ ਏਕੇ ਦੇ ਯਤਨ ਸਿਰੇ ਚਾੜ੍ਹਨ ਲਈ ਮੁੜ ਮੀਟਿੰਗ ਕੀਤੀ ਜਾਵੇਗੀ। ਸੂਤਰਾਂ ਦਾ ਦੱਸਣਾ ਹੈ ਕਿ ‘ਆਪ’ ਦੇ ਬਾਗ਼ੀ ਧੜੇ ਨੇ ਜਿੱਥੇ ਗਿਲੇ ਸ਼ਿਕਵੇ ਜ਼ਾਹਿਰ ਕੀਤੇ, ਉਥੇ ਦਿੱਲੀ ਦੀ ਲੀਡਰਸ਼ਿਪ ਦਾ ਗਲਬਾ ਖ਼ਤਮ ਕਰਨ ਦੀ ਗੱਲ ਵੀ ਕਹੀ। ਇਸ ਧੜੇ ਦਾ ਕਹਿਣਾ ਸੀ ਕਿ ਬਠਿੰਡਾ ਕਨਵੈਸ਼ਨ ਵਿੱਚ ਪਾਸ ਮਤਿਆਂ ਮੁਤਾਬਕ ਜੇਕਰ ਪਾਰਟੀ ਦੀ ਸੂਬਾਈ ਲੀਡਰਸ਼ਿਪ ਫ਼ੈਸਲੇ ਲਵੇ ਤਾਂ ਪੰਜਾਬ ਵਿੱਚ ਜਨ ਆਧਾਰ ਮਜ਼ਬੂਤ ਹੋ ਸਕਦਾ ਹੈ। ਬਾਗ਼ੀ ਧੜੇ ਦੇ ਆਗੂ ਨੇ ਦੱਸਿਆ ਕਿ ‘ਆਪ’ ਦੇ ਆਗੂਆਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਦੋਹਾਂ ਧੜਿਆਂ ਵਿੱਚ ਏਕਤਾ ਦਾ ਮੁੱਢ ਬੰਨ੍ਹਣਾ ਹੈ ਤਾਂ ਸਾਰੇ ਵਿੰਗ ਭੰਗ ਕਰ ਦਿੱਤੇ ਜਾਣ ਤੇ ਨਵੇਂ ਸਿਰੇ ਤੋਂ ਜਥੇਬੰਦਕ ਢਾਂਚਾ ਕਾਇਮ ਕੀਤਾ ਜਾਵੇ। ਪਾਰਟੀ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਦੋਹਾਂ ਧੜਿਆਂ ਵੱਲੋਂ ਜਨਤਕ ਤੌਰ ’ਤੇ ਭਾਵੇਂ ਏਕੇ ਦਾ ਦਿਖਾਵਾ ਕੀਤਾ ਜਾ ਰਿਹਾ ਹੈ, ਪਰ ਜਿਸ ਤਰ੍ਹਾਂ ਅੱਜ ਦੀ ਮੀਟਿੰਗ ਦੌਰਾਨ ਸ਼ਰਤਾਂ ਰੱਖੀਆਂ ਗਈਆਂ ਉਸ ਨੂੰ ਦੇਖਦਿਆਂ ਇਹ ਦੇ ਯਤਨ ਸਿਰੇ ਚੜ੍ਹਨ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ