ਬਾਦਲ ਪਰਿਵਾਰ ਨੇ ਜਨਤਕ ਸਮਾਰੋਹਾਂ ਤੋਂ ਪਾਸਾ ਵੱਟਿਆ

24

October

2018

ਬਠਿੰਡਾ, ਬਾਦਲ ਪਰਿਵਾਰ ਹੁਣ ਜਨਤਕ ਪ੍ਰੋਗਰਾਮਾਂ ਤੋਂ ਪਾਸਾ ਵੱਟਣ ਲੱਗਾ ਹੈ ਜਦੋਂ ਕਿ ਵਿਆਹਾਂ ਦੇ ਸਮਾਰੋਹਾਂ ’ਤੇ ਜ਼ਿਆਦਾ ਹਾਜ਼ਰੀ ਭਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਰੈਲੀ ਮਗਰੋਂ ਬਠਿੰਡਾ ਮਾਨਸਾ ਵਿਚ ਕੋਈ ਜਨਤਕ ਸਮਾਰੋਹ ਨਹੀਂ ਰੱਖਿਆ ਹੈ। ਏਨਾ ਜ਼ਰੂਰ ਹੈ ਕਿ ਹੁਣ ਬਾਦਲ ਪਰਿਵਾਰ ਸਮਾਜਿਕ ਸਮਾਗਮਾਂ ਚੋਂ ਖੁੰਝਦਾ ਨਹੀਂ ਹੈ। ਖ਼ਾਸ ਕਰਕੇ ਪੁਰਾਣੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਸਮਾਰੋਹਾਂ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਦੇ ਸਰਕਾਰੀ ਦੌਰੇ ਤੇ ਗਏ ਹਨ, ਜਿਨ੍ਹਾਂ ਦੀ ਵਾਪਸੀ 26 ਅਕਤੂਬਰ ਦੱਸੀ ਜਾ ਰਹੀ ਹੈ। ਹਾਲਾਂਕਿ ਪਹਿਲਾਂ ਉਹ ਦੀਵਾਲੀ ਤੋਂ ਪਹਿਲਾਂ ਉਨ੍ਹਾਂ ਦੇ ਜਨਤਿਕ ਸਮਾਗਮ ਵੀ ਹੁੰਦੇ ਰਹੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਜ਼ਿਲ੍ਹੇ ਵਿਚ ਆਖ਼ਰੀ ਵਾਰ 10 ਅਕਤੂਬਰ ਨੂੰ ਗੋਨਿਆਣਾ ਮੰਡੀ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਸੀ। ਉਸ ਮਗਰੋਂ 11 ਅਕਤੂਬਰ ਨੂੰ ਮਾਨਸਾ ਦਾ ਦੌਰਾ ਸੀ। ਲੋਕਾਂ ਦੀ ਸ਼ਮੂਲੀਅਤ ਵਾਲਾ ਕੋਈ ਸਮਾਗਮ ਪਿਛਲੇ ਸਮੇਂ ਤੋਂ ਰੱਖਿਆ ਨਹੀਂ ਗਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹਲਕਾ ਲੰਬੀ ਦਾ ਰੋਜ਼ਾਨਾ ਵਾਲਾ ਟੂਰ ਪ੍ਰੋਗਰਾਮ ਪਹਿਲੀ ਅਕਤੂਬਰ ਤੋਂ ਬੰਦ ਕੀਤਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਬਾਦਲ 7 ਅਕਤੂਬਰ ਤੱਕ ਪਟਿਆਲਾ ਰੈਲੀ ਵਿਚ ਰੁੱਝੇ ਰਹੇ ਹਨ। ਉਸ ਤੋਂ ਪਹਿਲਾਂ ਉਨ੍ਹਾਂ ਨੇ ਬਠਿੰਡਾ ਮਾਨਸਾ ਵਿਚ ਵਰਕਰ ਮੀਟਿੰਗਾਂ ਕੀਤੀਆਂ ਸਨ। ਪਿਛਲੇ ਦਿਨਾਂ ਵਿਚ ਸ੍ਰੀ ਬਾਦਲ ਜਦੋਂ ਬੁਢਲਾਡਾ ਹਲਕੇ ਵਿਚ ਦੌਰੇ ’ਤੇ ਗਏ ਤਾਂ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕੀਤਾ ਸੀ। ਬਾਦਲ ਹੁਣ ਪੁਰਾਣੇ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਸਮਾਜਿਕ ਪ੍ਰੋਗਰਾਮਾਂ ’ਤੇ ਹਾਜ਼ਰੀ ਭਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਫ਼ੀ ਸਮੇਂ ਤੋਂ ਬਠਿੰਡਾ ਮਾਨਸਾ ’ਚ ਕੋਈ ਵੀ ਜਨਤਕ ਸਮਾਗਮ ਨਹੀਂ ਕੀਤਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਪਿੰਡ ਬਾਦਲ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਸਨ। ਸੂਤਰ ਆਖਦੇ ਹਨ ਕਿ ਫ਼ਿਲਹਾਲ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਕੋਈ ਜਨਤਕ ਸਮਾਗਮ ਨਹੀਂ ਰੱਖ ਰਹੇ ਹਨ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਪੁਰਾਣੇ ਰੁੱਸੇ ਹੋਏ ਆਗੂ ਸਨ, ਉਨ੍ਹਾਂ ਤੱਕ ਅਕਾਲੀ ਦਲ ਨੇ ਪਹੁੰਚ ਕਰਨੀ ਸ਼ੁਰੂ ਕੀਤੀ ਹੈ।