ਅਜਨਾਲਾ ਪੁਲਸ ਵੱਲੋਂ ਫਿਰੌਤੀ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਦੋ ਵਿਅਕਤੀਆਂ ਨੂੰ ਕੀਤਾ ਕਾਬੂ

16

March

2021

ਅਜਨਾਲਾ 16 ਮਾਰਚ-ਅਜਨਾਲਾ ਸ਼ਹਿਰ 'ਚ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਇੱਕ ਖਾਦ ਵਿਕਰੇਤਾ ਕੋਲੋਂ 55 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਆਪਣੇ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ ਅਜਨਾਲਾ ਸ੍ਰੀ ਵਿਪਨ ਕੁਮਾਰ ਨੇ ਦੱਸਿਆ ਕਿ 8 ਮਾਰਚ ਨੂੰ ਰਾਜਨ ਗਾਂਧੀ ਪੁੱਤਰ ਅਸ਼ੋਕ ਗਾਂਧੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ 6 ਮਾਰਚ ਨੂੰ ਮੇਰੇ ਮੋਬਾਈਲ ਫੋਨਾਂ ਤੇ 6 ਮੈਸੇਜ ਆਏ ਜਿਨ੍ਹਾਂ ਵਿਚ ਮੇਰੇ ਪਾਸੋਂ 55 ਲੱਖ ਰੁਪਏ ਇਕ ਸਿਮ ਐਕਟਿਵ ਅਤੇ ਇਕ ਮੋਬਾਈਲ ਫ਼ੋਨ ਦੀ ਮੰਗ ਕਰਦਿਆਂ ਲਿਖਿਆ ਸੀ ਕਿ ਫਿਰੌਤੀ ਦੀ ਮੰਗ ਪੂਰੀ ਨਾ ਕਰਨ ਤੇ ਮੇਰੇ ਘਰ ਅਤੇ ਦੁਕਾਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਅਤੇ ਦੁਕਾਨ ਦੀ ਛੱਤ ਉੱਪਰ ਬੰਬ ਨੁਮਾ ਚੀਜ਼ ਹੋਣ ਬਾਰੇ ਲਿਖਿਆ ਸੀ।