ਪੈਟਰੋਲ ਪੰਪਾਂ ਦੀ ਹੜਤਾਲ ’ਤੇ ਸਿਆਸਤ ਗਰਮਾਈ

23

October

2018

ਨਵੀਂ ਦਿੱਲੀ, ਦਿੱਲੀ ਦੇ 400 ਦੇ ਕਰੀਬ ਪੈਟਰੋਲ ਪੰਪਾਂ ਦੇ ਅੱਜ ਹੜਤਾਲ ਕਰਨ ਮਗਰੋਂ ਦਿੱਲੀ ਦੀ ਸਿਆਸਤ ਭੜਕ ਗਈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੜਤਾਲ ਨੂੰ ਲੈ ਕੇ ਭਾਜਪਾ ’ਤੇ ਸਾਜ਼ਿਸ਼ ਕਰਾਰ ਰਚਣ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਦਿੱਲੀ ਪ੍ਰਦੇਸ਼ ਭਾਜਪਾ ਨੇ ਇਸ ਹੜਤਾਲ ਲਈ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਸ੍ਰੀ ਕੇਜਰੀਵਾਲ ਨੇ ਟਵੀਟ ਜ਼ਰੀਏ ਮੋਦੀ ਸਰਕਾਰ ’ਤੇ ਵੱਡਾ ਹਮਲਾ ਕੀਤਾ ਤੇ ਕਿਹਾ ਪੈਟਰੋਲ ਪੰਪਾਂ ਦੀ ਹੜਤਾਲ ਪਿੱਛੇ ਭਾਜਪਾ ਦਾ ਹੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਪੈਟਰੋਲ ਪੰਪ ਮਾਲਕਾਂ ਨੂੰ ਆਮਦਨ ਕਰ ਵਿਭਾਗ ਦੇ ਛਾਪੇ ਪਵਾਉਣ ਦੀ ਧਮਕੀ ਦਿੱਤੀ ਹੈ। ਤੇਲ ਕੰਪਨੀਆਂ ਨੇ ਵੀ ਧਮਕੀ ਦਿੱਤੀ ਹੈ ਕਿ ਜੋ ਪੈਟਰੋਲ ਪੰਪ ਹੜਤਾਲ ਨਹੀਂ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਸ੍ਰੀ ਕੇਜਰੀਵਾਲ ਨੇ ਚਾਰ ਮਹਾਂਨਗਰਾਂ ਵਿੱਚ ਪ੍ਰਤੀ ਲਿਟਰ ਪੈਟਰੋਲ ਦੀਆਂ ਕੀਮਤਾਂ ਦੀ ਸੂਚੀ ਵੀ ਜਾਰੀ ਕਰਕੇ ਦਰਸਾਇਆ ਕਿ ਦਿੱਲੀ ਅੰਦਰ ਤੇਲ ਉਤਪਾਦਾਂ ਦੀਆਂ ਕੀਮਤਾਂ ਇਨ੍ਹਾਂ ਸ਼ਹਿਰਾਂ ਦੇ ਮੁਕਾਬਲੇ ਘੱਟ ਹੀ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿੱਚ ਭਾਜਪਾ ਦੀ ਸੂਬਾ ਸਰਕਾਰ ਹੋਣ ਕਰਕੇ ਉੱਥੋਂ ਦੇ ਪੈਟਰੋਲ ਪੰਪ ਮਾਲਕ ਹੜਤਾਲ ਨਹੀਂ ਕਰ ਰਹੇ ਜਦੋਂ ਕਿ ਸਭ ਤੋਂ ਵਧ ਭਾਅ ਉੱਥੇ ਹੀ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪੈਟਰੋਲ ਦੀ ਕੀਮਤ 81.74 ਰੁਪਏ ਪ੍ਰਤੀ ਲਿਟਰ ਹੈ ਤੇ ਡੀਜ਼ਲ ਦੀ 75.19 ਰੁਪਏ ਪਰ ਮੁਬੰਈ ਵਿੱਚ ਪੈਟਰੋਲ 87.21 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 78.82 ਰੁਪਏ ਪ੍ਰਤੀ ਲੀਟਰ ਹੈ। ਭਾਜਪਾ ਨੇ ਹੜਤਾਲ ਲਈ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਿਆ ਦਿੱਲੀ ਪ੍ਰਦੇਸ਼ ਭਾਜਪਾ ਵਿਧਾਇਕ ਦਲ ਦੇ ਨੇਤਾ ਵਜਿੰਦਰ ਗੁਪਤਾ ਨੇ ਪੰਪਾਂ ਦੀ ਹੜਤਾਲ ਲਈ ਕੇਜਰੀਵਾਲ ਸਰਕਾਰ ਦੇ ਅੜੀਅਲ ਰਵੱਈਏ ਨੂੰ ਜ਼ਿੰਮੇਵਾਰ ਗਰਦਾਨਿਆ ਹੈ ਤੇ ਕਿਹਾ ਕਿ ਦਿੱਲੀ ਦੀ ਜਨਤਾ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ 2015 ਤੇ 2016 ਵਿੱਚ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਦੋ ਵਾਰ ਵਧਾਈਆਂ। ਸ੍ਰੀ ਗੁਪਤਾ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਨੇ ਕਿਹਾ ਸੀ ਦਿੱਲੀ ਵਿੱਚ ਤੇਲ ਦੀਆਂ ਕੀਮਤਾਂ ਦੂਜੇ ਉੱਤਰੀ ਰਾਜਾਂ ਦੇ ਬਰਾਬਰ ਕਰਨੀਆਂ ਹਨ ਪਰ ਹੁਣ ਉਨ੍ਹਾਂ ਰਾਜਾਂ ਨੇ ਭਾਅ ਘਟਾ ਦਿੱਤੇ ਹਨ ਪਰ ਦਿੱਲੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਵੈਟ ਦਰ ਘਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੁੱਝ ਪੈਟਰੋਲ ਪੰਪਾਂ ਦੇ ਬੰਦ ਹੋਣ ਦੀ ਨੌਬਤ ਆ ਗਈ ਤੇ ਆਮਦਨ ਘਟਨ ਕਾਰਨ ਕੁਝ ਨੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕਰਨੀ ਪਈ। ਭਾਜਪਾ ਪ੍ਰਦੇਸ਼ਕ ਪ੍ਰਧਾਨ ਮਨੋਜ ਤਿਵਾੜੀ ਨੇ ਵੀ ਕੇਜਰੀਵਾਲ ਦੀ ਸਖ਼ਤ ਆਲੋਚਨਾ ਕੀਤੀ।