ਤਾਜ ਮਹਿਲ 'ਚ ਬੰਬ ਮਿਲਣ ਦੀ ਖ਼ਬਰ ਨਿਕਲੀ ਝੂਠੀ, ਫੋਨ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

04

March

2021

ਆਗਰਾ, 4 ਮਾਰਚ- ਉੱਤਰ ਦੇ ਪ੍ਰਦੇਸ਼ ਦੇ ਆਗਰਾ 'ਚ ਸਥਿਤ ਤਾਜ ਮਹਿਲ 'ਚ ਬੰਬ ਰੱਖਣ ਦੀ ਕਾਲ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਹਾਲਾਂਕਿ ਬੰਬ ਦੀ ਖ਼ਬਰ ਝੂਠੀ ਨਿਕਲੀ ਹੈ ਅਤੇ ਪੁਲਿਸ ਨੇ ਫੋਨ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਲਾਸ਼ੀ ਤੋਂ ਬਾਅਦ ਤਾਜ ਮਹਿਲ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਤਾਜ ਮਹਿਲ ਨੂੰ ਅਚਾਨਕ ਬੰਦ ਕਰ ਦਿੱਤਾ ਗਿਆ ਸੀ। ਤਾਜ ਮਹਿਲ ਦੇ ਅੰਦਰ ਬੰਬ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਇਸ ਤੋਂ ਬਾਅਦ ਸੀ. ਆਈ. ਐਸ. ਐਫ. ਅਤੇ ਯੂ. ਪੀ. ਪੁਲਿਸ ਦੇ ਜਵਾਨਾਂ ਨੇ ਤਾਜ ਮਹਿਲ 'ਚ ਮੌਜੂਦ ਸੈਲਾਨੀਆਂ ਨੂੰ ਤੁਰੰਤ ਬਾਹਰ ਕੱਢਿਆ ਅਤੇ ਤਾਜ ਮਹਿਲ ਦੇ ਦੋਵੇਂ ਦਰਵਾਜ਼ੇ ਬੰਦ ਕਰ ਦਿੱਤੇ। ਇਸ ਮਗਰੋਂ ਪੁਲਿਸ ਅਤੇ ਸੀ. ਆਈ. ਐਸ. ਐਫ. ਦੇ ਜਵਾਨਾਂ ਵਲੋਂ ਸਰਚ ਅਪਰੇਸ਼ਨ ਚਲਾਇਆ ਗਿਆ। ਮੌਕੇ 'ਤੇ ਪਹੁੰਚੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਕਿਸੇ ਨੇ ਸੂਚਨਾ ਦਿੱਤੀ ਕਿ ਤਾਜ ਮਹਿਲ 'ਚ ਬੰਬ ਰੱਖਿਆ ਹੈ, ਜਿਹੜਾ ਕਿ ਕੁਝ ਸਮੇਂ 'ਚ ਫਟ ਜਾਵੇਗਾ। ਆਗਰਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੀ. ਓ. ਸਦਰ ਦੀ ਅਗਵਾਈ ਹੇਠ ਤਾਜ ਮਹਿਲ ਕੰਪਲੈਕਸ 'ਚ ਚੈਕਿੰਗ ਮੁਹਿੰਮ ਚਲਾ ਕੇ ਤਲਾਸ਼ੀ ਲਈ। ਆਗਰਾ ਦੇ ਆਈ. ਜੀ. ਨੇ ਦੱਸਿਆ ਕਿ ਬੰਬ ਦੀ ਖ਼ਬਰ ਝੂਠੀ ਨਿਕਲੀ ਹੈ, ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਫ਼ਿਰੋਜ਼ਾਬਾਦ ਤੋਂ ਇਕ ਵਿਅਕਤੀ ਨੇ ਫੋਨ ਕਰਕੇ ਬੰਬ ਦੀ ਝੂਠੀ ਖ਼ਬਰ ਦਿੱਤੀ ਸੀ, ਜਿਸ ਨੂੰ ਫੜ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।