ਹੁਣ ਸਮਾਰਟ ਹੋਵੇਗਾ ਗੈਸ ਸਿਲੰਡਰ ਦਾ ਲਾਕ, ਰੁਕੇਗੀ ਗੈਸ ਦੀ ਚੋਰੀ

03

March

2021

ਮੇਰਠ : ਰਸੋਈ ਗੈਸ ਸਿਲੰਡਰ ਤੋਂ ਗੈਸ ਚੋਰੀ ਦੀਆਂ ਸ਼ਿਕਾਇਤਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਕਦੀ ਦੋਸ਼ ਡਲਿਵਰੀ ਮੈਨ 'ਤੇ ਲਗਦਾ ਹੈ ਤਾਂ ਕਦੀ ਗੈਸ ਏਜੰਸੀ ਮੈਨੇਜਮੈਂਟ ਹੀ ਸ਼ੱਕ ਦੇ ਘੇਰੇ 'ਚ ਹੁੰਦੀ ਹੈ। ਦੋਵਾਂ ਹੀ ਹਾਲਾਤ 'ਚ ਨੁਕਸਾਨ ਖਪਤਕਾਰ ਦਾ ਹੀ ਹੁੰਦਾ ਹੈ। ਦੋਸ਼ਾਂ 'ਤੇ ਠੋਸ ਕਾਰਵਾਈ ਵੀ ਨਹੀਂ ਹੁੰਦੀ। ਲਿਹਾਜ਼ਾ, ਹਰ ਘਰ ਨਾਲ ਜੁੜੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਸਾਰਥਕ ਯਤਨ ਸਾਹਮਣੇ ਆਇਆ ਹੈ। ਮੇਰਠ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਾਜੀ (MIET) ਦੇ ਵਿਦਿਆਰਥੀਆਂ ਨੇ ਐਂਟੀ ਥੈਫਟ ਐੱਲਪੀਜੀ ਸਮਾਰਟ ਲਾਕ (Anti Theft Smart LPG Lock) ਤਿਆਰ ਕੀਤਾ ਹੈ। ਇਸ ਨੂੰ ਸਿਲੰਡਰ 'ਤੇ ਲਗਾਉਣ ਤੋਂ ਬਾਅਦ ਖਪਤਕਾਰ ਹੀ ਇਸ ਨੂੰ ਖੋਲ ਸਕਣਗੇ। ਇਸ ਨਾਲ ਗੈਸ ਚੋਰੀ ਰੁਕ ਜਾਵੇਗੀ। ਇਸ ਸਮਾਰਟ ਲਾਕ ਦਾ ਪੇਟੈਂਟ ਹੋ ਚੁੱਕਾ ਹੈ। ਇਸ ਦੀ ਵਰਤੋਂ ਲਈ ਹੁਣ ਗੈਸ ਕੰਪਨੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇੰਝ ਕੰਮ ਕਰੇਗਾ ਸਮਾਰਟ ਲਾਕ ਗੈਸ ਫਿਲਿੰਗ ਸਟੇਸ਼ਨ 'ਚ ਸਿਲੰਡਰ 'ਤੇ ਬਾਰਕੋਡ ਤੇ ਐਂਟੀ ਥੈਫਟ ਐੱਲਪੀਜੀ ਸਮਾਰਟ ਲਾਕ ਲਗਾਇਆ ਜਾਵੇਗਾ। ਡਲਿਵਰੀ ਸਮੇਂ ਡਲਿਵਰੀ ਮੈਨ ਨੂੰ ਸਿਲੰਡਰ 'ਤੇ ਅੰਕਿਤ ਬਾਰਕੋਡ ਸਕੈਨ ਕਰਨਾ ਪਵੇਗਾ। ਸਕੈਨ ਕਰਦਿਆਂ ਹੀ ਖਪਤਕਾਰ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ, ਇਹੀ ਗੈਸ ਸਿਲੰਡਰ ਦੇ ਸਮਾਰਟ ਲਾਕ ਦਾ ਪਾਸਵਰਡ ਹੋਵੇਗਾ। ਲਾਕ ਖੋਲ੍ਹਣ ਤੋਂ ਬਾਅਦ ਖਪਤਕਾਰ ਇਸ ਨੂੰ ਡਲਿਵਰੀ ਮੈਨ ਨੂੰ ਵਾਪਸ ਕਰ ਦੇਵੇਗਾ। ਅਜਿਹੀ ਸਥਿਤੀ 'ਚ ਖਪਤਕਾਰ ਤੋਂ ਪਹਿਲਾਂ ਕੋਈ ਵੀ ਸਿਲੰਡਰ ਨਹੀਂ ਖੋਲ੍ਹ ਸਕੇਗਾ, ਗੈਸ ਚੋਰੀ ਦਾ ਖਦਸ਼ਾ ਖ਼ਤਮ ਹੋ ਜਾਵੇਗਾ। ਐੱਮਆਈਟੀ ਦੇ ਇਲੈਕਟ੍ਰਾਨਿਕਸ ਐਂਡ ਕਮਿਊਨਿਕੇਸ਼ਨ ਦੇ ਵਿਦਿਆਰਥੀ ਨਿਤਿਨ ਸ਼੍ਰੀਵਾਸਤਵ, ਦੀਪਾਂਸ਼ੂ ਸ਼ਰਮਾ, ਅਕਸ਼ਿਤਾ ਤਿਆਗੀ ਨੇ ਵਿਭਾਗ ਮੁਖੀ ਡਾ. ਅਮਿਤ ਆਹੂਜਾ ਦੇ ਮਾਰਗਦਰਸ਼ਨ 'ਚ ਐਂਟੀ ਥੈਫਟ ਐਲਜੀਪੀ ਸਮਾਰਟ ਲਾਕ ਤਿਆਰ ਕੀਤਾ ਹੈ। ਇਸ ਦੇ ਲਈ ਵਿਦਿਆਰਥੀਆਂ ਨੂੰ ਉੱਤਰ ਪ੍ਰਦੇਸ਼ ਕੌਂਸਲ ਆਫ ਸਾਇੰਸ ਐਂਡ ਟੈਕਨੋਲਾਜੀ ਤੋਂ ਫੰਡ ਵੀ ਮਿਲਿਆ। ਸੰਸਥਾਨ ਇਸ ਦੀ ਵਰਤੋਂ ਲਈ ਰਿਲਾਇੰਸ, ਇੰਡੇਨ, ਭਾਰਤ ਗੈਸ ਆਦਿ ਕੰਪਨੀਆਂ ਨਾਲ ਸੰਪਰਕ ਵੀ ਕਰ ਰਿਹਾ ਹੈ। ਮੇਰਠ ਗੈਸ ਏਜੰਸੀ ਦੇ ਸੰਚਾਲਕ ਵੈਭਵ ਨੇ ਕਿਹਾ- ਗੈਸ ਸਿਲੰਡਰ 'ਤੇ ਇਸ ਤਰ੍ਹਾਂ ਦਾ ਕੋਈ ਲਾਕ ਲੱਗ ਜਾਵੇ ਤਾਂ ਬਹੁਤ ਹੀ ਵਧੀਆ ਹੋਵੇਗਾ। ਅਸੀਂ ਲੋਕ ਤਾਂ ਚਾਹੁੰਦੇ ਹਾਂ ਕਿ ਗਾਹਕ ਨੂੰ ਪੂਰੀ ਗੈਸ ਮਿਲੇ ਤੇ ਗੈਸ ਘੱਟ ਹੋਣ ਦੀ ਸ਼ਿਕਾਇਤ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਸੁਆਣੀ ਪੂਨਮ ਸ਼ਰਮਾ ਨੇ ਵੀ ਇਸ ਨੂੰ ਬਿਹਤਰੀਨ ਪਹਿਲ ਦੱਸਿਆ ਹੈ। ਕਿਹਾ- ਜੇਕਰ ਅਜਿਹਾ ਲਾਕ ਲੱਗ ਜਾਵੇ ਕਿ ਖਪਤਕਾਰ ਤੋਂ ਪਹਿਲਾਂ ਸਿਲੰਡਰ ਨੂੰ ਕੋਈ ਖੋਲ੍ਹ ਨਾ ਸਕੇ ਤਾਂ ਇਸ ਤੋਂ ਚੰਗੀ ਕੋਈ ਗੱਲ ਹੀ ਨਹੀਂ ਹੋ ਸਕਦੀ। ਇੰਡੀਅਨ ਆਇਲ ਦੇ ਐੱਲਪੀਜੀ ਸੇਲਸ ਦੇ ਰੀਜਨਲ ਮੈਨੇਜਰ ਗੌਰਵ ਗਰਗ ਨੇ ਦੱਸਿਆ ਕਿ ਗੈਸ ਘਟਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਜਿਸ ਤਰ੍ਹਾਂ ਦੇ ਲਾਕ ਬਾਰੇ ਦੱਸਿਆ ਜਾ ਰਿਹਾ ਹੈ, ਉਹ ਹਾਈਟੈੱਕ ਹੈ। ਸਿਲੰਡਰ ਕਈ ਜਗ੍ਹਾ ਤੋਂ ਹੋ ਕੇ ਖਪਤਕਾਰ ਤਕ ਪਹੁੰਚਦਾ ਤੇ ਫਿਰ ਵਾਪਸੀ ਕਰਦਾ ਹੈ। ਲਾਕ ਖਰਾਬ ਨਾ ਹੋਵੇ, ਇਹ ਵੀ ਦੇਖਣਾ ਪਵੇਗਾ। ਚੀਜ਼ ਤਾਂ ਚੰਗੀ ਹੈ। ਹਾਲਾਂਕਿ ਟ੍ਰਾਇਲ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।