ਐੱਸਐੱਸਏ-ਰਮਸਾ ਅਧਿਆਪਕਾਂ ਨੇ ਸਮੂਹਿਕ ਛੁੱਟੀ ਲੈ ਕੇ ਪ੍ਰਗਟਾਇਆ ਰੋਸ

23

October

2018

ਪਟਿਆਲਾ, ਸੂਬੇ ਦੇ ਵੱਡੀ ਗਿਣਤੀ ਐੱਸਐੱਸਏ ਅਤੇ ਰਮਸਾ ਅਧਿਆਪਕਾਂ ਨੇ ਅੱਜ ਇੱਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਅਚਨਚੇਤੀ ਅਤੇ ਕਮਾਊ ਛੁੱਟੀ ’ਤੇ ਸਕੂਲਾਂ ’ਚੋਂ ਫਾਰਗ ਹੋਏ ਅਜਿਹੇ ਅਧਿਆਪਕਾਂ ਵਿਚੋਂ ਵੱਡੀ ਗਿਣਤੀ ਨੇ ਇੱਥੇ ਜਾਰੀ ਪੱਕੇ ਮੋਰਚੇ ’ਚ ਵੀ ਸ਼ਮੂਲੀਅਤ ਕੀਤੀ। ਪੱਕੇ ਮੋਰਚੇ ਵਿਚ ਪੰਜ ਮਹਿਲਾ ਅਧਿਆਪਕਾਂ ਸਮੇਤ ਸੋਲਾਂ ਅਧਿਆਪਕਾਂ ਦਾ ਸਿਹਤ ਵਿਗੜਣ ਦੇ ਬਾਵਜੂਦ ਵੀ ਮਰਨ ਵਰਤ ਜਾਰੀ ਹੈ। ਇਹ ਅਧਿਆਪਕ ਪਿਛਲੇ 16 ਦਿਨਾਂ ਤੋਂ ਮੋਰਚਾ ਲਾਈ ਬੈਠੇ ਹਨ ਅਤੇ ਤਨਖ਼ਾਹ ਦੀ ਕਟੌਤੀ ਕਰਕੇ ਰੈਗੂਲਰਾਈਜ਼ੇਸ਼ਨ ਦਾ ਵਿਰੋਧ ਕਰ ਰਹੇ ਹਨ। ਅੱਜ ਸੈਂਕੜੇ ਅਧਿਆਪਕਾਂ ਦੇ ਛੁੱਟੀ ’ਤੇ ਜਾਣ ਨਾਲ ਸਿੱਖਿਆ ਵਿਭਾਗ ਦਾ ਕੰਮ ਪ੍ਰਭਾਵਿਤ ਹੋਇਆ ਹੈ ਤੇ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਇਆ ਹੈ। ਡੀਪੀਆਈ ਦਫ਼ਤਰ ਨੇ ਅੱਜ ਹਦਾਇਤ ਜਾਰੀ ਕਰਕੇ ਕਿਹਾ ਹੈ ਕਿ ਜਿਹੜੇ ਅਧਿਆਪਕ ਬਿਨਾਂ ਕਿਸੇ ਠੋਸ ਕਾਰਨ ਤੋਂ ਛੁੱਟੀ ਲੈਣਗੇ ਉਨ੍ਹਾਂ ਦੀ ਛੁੱਟੀ ਨੂੰ ਪ੍ਰਵਾਨਗੀ ਨਾ ਦਿੱਤੀ ਜਾਵੇ। ਇਸ ਸਬੰਧੀ ਇਕ ਪੱਤਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ ਅਤੇ ਬੀਡੀਪੀਓਜ਼ ਨੂੰ ਲਿਖਿਆ ਗਿਆ ਹੈ। ਮੋਰਚੇ ਦੇ ਆਗੂਆਂ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਚਾਹਲ, ਹਰਦੀਪ ਟੋਡਰਪੁਰ ਤੇ ਦੀਦਾਰ ਸਿੰਘ ਮੁੱਦਕੀ ਸਣੇ ਹੋਰਨਾਂ ਨੇ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲੈਂਦਿਆਂ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਉਹ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਛੁੱਟੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਬਿਆਨਾਂ ਤੋਂ ਰੋਹ ਵਿਚ ਆ ਕੇ ਕੀਤੀ ਹੈ ਤੇ ਭਲਕੇ ਮੁੜ ਛੁੱਟੀ ’ਤੇ ਰਹਿਣਗੇ। ਆਗੂਆਂ ਨੇ ਕਿਹਾ ਕਿ ਸਾਲ 2013 ’ਚ ਮਨੁੱਖੀ ਸਰੋਤ ਤੇ ਵਿਕਾਸ ਵਿਭਾਗ ਨੇ ਸਪੱਸ਼ਟ ਕੀਤਾ ਸੀ ਕਿ ਸੁਸਾਇਟੀਆਂ ਕੇਵਲ ਸੂਬਾ ਸਰਕਾਰ ਲਈ ਗ੍ਰਾਂਟ ਜਾਰੀ ਕਰਦੀਆਂ ਹਨ, ਨਾ ਕਿ ਅਧਿਆਪਕਾਂ ਦੀ ਭਰਤੀ ਕਰਦੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਐੱਸਐੱਸਏ-ਰਮਸਾ ਅਧਿਆਪਕਾਂ ਦਾ ਕੋਈ ਵੱਖਰਾ ਕਾਡਰ ਨਹੀ ਬਣਾਇਆ ਜਾ ਸਕਦਾ। ਮੋਰਚੇ ਵੱਲੋਂ ਮੁੱਖ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਦੇ ਸੱਦੇ ’ਤੇ ਭਲਕੇ ਚੰਡੀਗੜ੍ਹ ਵਿਚ ਹੋਣ ਵਾਲੀ ਦੁਵੱਲੀ ਬੈਠਕ ’ਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਗਿਆ ਹੈ।