ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਵਾਇਆ ਕਰੋਨਾ ਦਾ ਟੀਕਾ

01

March

2021

ਨਵੀਂ ਦਿੱਲੀ, 1 ਮਾਰਚ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਦੇਸੀ ਕੋਵਿਡ ਟੀਕਾ ਕੋਵੈਕਸਿਨ ਲਗਾਉਣ ਵਾਲੇ ਪਹਿਲੇ ਵਿਅਕਤੀ ਸਨ ਕਿਉਂਕਿ ਭਾਰਤ ਨੇ ਸਿਹਤ-ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਪਹਿਲੀ ਖੁਰਾਕ ਦੇਣ ਬਾਅਦ ਅੱਜ ਤੋਂ ਵੱਡੀ ਉਮਰ ਦੇ ਲੋਕਾਂ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟੀਕਾ ਲਗਵਾਉਣ ਬਾਅਦ ਟਵੀਟ ਕੀਤਾ, “ ਏਮਜ਼ ਵਿੱਚ ਆਪਣੀ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਈ। ਕਮਾਲ ਦੀ ਗੱਲ ਹੈ ਕਿ ਕੋਵਿਡ-19 ਖਿਲਾਫ਼ ਲੜਾਈ ਵਿੱਚ ਸਾਡੇ ਡਾਕਟਰਾਂ ਅਤੇ ਵਿਗਿਆਨਕਾਂ ਨੇ ਬਹੁਤ ਘੱਟ ਸਮੇਂ ਵਿੱਚ ਅਸਧਾਰਨ ਕੰਮ ਕੀਤਾ ਹੈ। ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਸਭਨਾਂ ਲੋਕਾਂ ਤੋਂ ਕਰੋਨਾ ਦਾ ਟੀਕਾ ਲਵਾਉਣ ਦੀ ਅਪੀਲ ਕਰਦਾ ਹਾਂ, ਜੋ ਇਸ ਦੇ ਯੋਗ ਹਨ। ਆਓ, ਅਸੀਂ ਸਭ ਮਿਲ ਕੇ ਭਾਰਤ ਨੂੰ ਕੋਵਿਡ-19 ਮੁਕਤ ਬਣਾਈਏ।’’ ਸੂਤਰਾਂ ਅਨੁਸਾਰ ਪੁਡੂਚੇਰੀ ਦੀ ਰਹਿਣ ਵਾਲੀ ਨਰਸ ਪੀ ਨਿਵੇਦਾ ਨੇ ਕੋਵੈਕਸਿਨ (ਭਾਰਤ ਬਾਇਓਟੈਕ ਦੁਆਰਾ ਬਣਾਇਆ) ਟੀਕੇ ਦੀ ਪਹਿਲੀ ਖੁਰਾਕ ਪ੍ਰਧਾਨ ਮੰਤਰੀ ਮੋਦੀ ਨੂੰ ਲਗਾਈ। ਪ੍ਰਧਾਨ ਮੰਤਰੀ ਨੇ ਟਵੀਟ ਦੇ ਨਾਲ ਹੀ ਟੀਕਾ ਲਗਵਾਉਂਦੇ ਦੀ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਅਸਾਮ ਦਾ ਗਮਛਾ ਪਾਈ ਨਜ਼ਰ ਆ ਰਹੇ ਹਨ ਅਤੇ ਮੁਸਕਰਾਉਂਦਿਆਂ ਟੀਕਾ ਲਗਵਾ ਰਹੇ ਹਨ।