ਮਾਂ -ਬਾਪ ਜ਼ਿੰਦਗੀ ਦਾ ਅਨਮੋਲ ਗਹਿਣਾ ਹਨ

01

March

2021

ਵਿਅਕਤੀ ਦੇ ਜਨਮ ਲੈਣ ਸਮੇਂ ਹੀ ਉਹ ਅਨੇਕਾਂ ਰਿਸ਼ਤਿਆਂ ਵਿੱਚ ਬੱਝ ਜਾਂਦਾ ਹੈ।ਸਭ ਤੋਂ ਪਹਿਲਾ ਰਿਸ਼ਤਾ ਉਸਦਾ ਮਾਂ ਨਾਲ ਹੁੰਦਾ ਹੈ ਜੋ ਜਨਮ ਲੈਣ ਤੋ ਪਹਿਲਾ ਹੀ ਬਣ ਜਾਂਦਾ ਹੈ।ਬੱਚਾ ਜਨਮ ਲੈਣ ਸਾਰ ਹੀ ਮਾਂ ਸ਼ਬਦ ਕਹਿੰਦਾ ਹੈ। ਮਾਂ ਸ਼ਬਦ ਵਿੱਚ ਗੁੜ ਅਤੇ ਸ਼ਹਿਦ ਨਾਲੋਂ ਵੱਧ ਮਿਠਾਸ ਹੁੰਦੀ ਹੈ। ਜਦੋਂ ਅਸੀਂ ਕਿਸੇ ਵੀ ਔਖੇ ਦੌਰ ਵਿੱਚੋ ਲੰਘਦੇ ਹਾਂ ਤਾਂ ਆਪ ਮੁਹਾਰੇ ਹੀ ਸਾਡੀ ਜੁਬਾਨ ਤੇ ਮਾਂ ਸ਼ਬਦ ਆ ਜਾਂਦਾ ਹੈ । ਹਰ ਮਹਾਨ ਵਿਅਕਤੀ ਦੀ ਸਫਲਤਾ ਦੇ ਪਿੱਛੇ, ਉਸਦੀ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ। ਇੱਕ ਵਿਅਕਤੀ ਲਈ ਸਭ ਤੋਂ ਨਿੱਘਾ ,ਪਿਆਰਾ ,ਉੱਚਾ-ਸੁੱਚਾ ਰਿਸ਼ਤਾ ਮਾਂ-ਬਾਪ ਦਾ ਹੁੰਦਾ ਹੈ। ਮਾਂ-ਬਾਪ ਦਾ ਰਿਸ਼ਤਾ ਇਕ ਅਜਿਹਾ ਰਿਸ਼ਤਾ ਹੈ ਜਿਸ ਦੇ ਪਿਆਰ ਵਿੱਚ ਕੋਈ ਲਾਲਚ ਨਹੀਂ ਹੈ। ਮਾਂ-ਬਾਪ ਸ਼ਬਦ ਵਿੱਚ ਇਕ ਮਿਠਾਸ, ਪਿਆਰ, ਅਪਣੱਤ ਹੈ, ਜੋ ਕਿਸੇ ਹੋਰ ਸ਼ਬਦ ‘ਚ ਨਹੀਂ ਹੈ । ਇਹ ਇਸ ਲਈ ਪਵਿੱਤਰ ਹੁੰਦਾ ਹੈ ਕਿਉਕਿ ਮਾਂ-ਬਾਪ ਹਮੇਸ਼ਾ ਹੀ ਬਿਨਾਂ ਕਿਸੇ ਮਤਲਬ ਦੇ ਬਿਨਾਂ ਲਾਲਚ ਕੀਤੇ ਬੱਚਿਆਂ ਨੂੰ ਪਿਆਰ ਕਰਦੇ ਹਨ । ਦਰਅਸਲ ਮਾਂ-ਬਾਪ ਆਪਣੇ ਲਈ ਨਹੀਂ ਬਲਕਿ ਸੁਪਨੇ ਵੀ ਆਪਣੇ ਬੱਚਿਆਂ ਲਈ ਹੀ ਵੇਖਦੇ ਹਨ। ਮਾਂ-ਬਾਪ ਸਾਡੇ ਲਈ ਇੱਕ ਮਾਲੀ ਵਾਂਗ ਹਨ ਅਤੇ ਅਸੀਂ ਓਹਨਾਂ ਦਾ ਬਗੀਚਾ ਹਾਂ। ਮਾਲੀ ਆਪਣੇ ਹੱਥਾਂ ਨਾਲ ਇੱਕ ਪੌਦਾ ਲਾ ਕੇ ਉਸਦਾ ਪੂਰਾ ਖਿਆਲ ਰੱਖਦਾ ਹੈ ਤੇ ਉਸਨੂੰ ਇੱਕ ਫਲਦਾਇਕ ਅਤੇ ਉਪਯੋਗੀ ਰੁੱਖ ਬਣਾਉਣ ‘ਚ ਲੱਗਾ ਰਹਿੰਦਾ ਹੈ। ਇਸ ਪਿੱਛੇ ਉਸਦੀ ਸੋਚ ਹੁੰਦੀ ਹੈ ਕਿ ਇੱਕ ਦਿਨ ਇਹ ਰੁੱਖ ਵੱਡਾ ਹੋਵੇਗਾ ਤੇ ਇਸਦੀ ਛਾਂ ਹੇਠ ਉਹ ਆਰਾਮ ਨਾਲ ਆਪਣਾ ਬੁਢਾਪਾ ਬਿਤਾ ਸਕੇਗਾ। ਕੇਵਲ ਮਾਂ-ਬਾਪ ਹੀ ਬੱਚੇ ਦੇ ਪਹਿਲੇ ਗੁਰੂ ਹੁੰਦੇ ਹਨ।ਮਾਂ-ਬਾਪ ਲਈ ਮੇਰੇ ਲਿਖੇ ਕੁੱਝ ਸ਼ੇਅਰ - ਮੈਂ ਕਦੇ ਨਹੀਂ ਚਾਹਿਆ ਕਿ ਮੇਰੇ ਹਿੱਸੇ ਕੋਈ ਜਮੀਨ ,ਘਰ ਥਾਂ ਹੋਵੇ ਮਾਂ-ਬਾਪ ਨਾਲ ਹੀ ਹਰ ਪ੍ਰਭਾਤ ਹੋਵੇ ਬੱਸ ਮੇਰੇ ਹਿੱਸੇ ਮੇਰਾ ਮਾਂ-ਬਾਪ ਹੋਵੇ ਮੈਂ ਕਦੇ ਨਹੀਂ ਚਾਹਿਆ ਕਿ ਮੇਰੇ ਹਿੱਸੇ ਕੋਈ ਦਿਨ-ਰਾਤ ਹੋਵੇ ਬੱਸ ਮਾਂ-ਬਾਪ ਦਾ ਹਰ ਚੱਲਦਾ ਸਾਹ ਹੋਵੇ ਗਗਨ ਦੇ ਦਿਲ ਵਿੱਚ ਮਾਂ-ਬਾਪ ਲਈ ਪਿਆਰ ਅਥਾਹ ਹੋਵੇ । “ਕੋਈ ਜੌਹਰੀ ਵੀ ਨਹੀਂ ਪਰਖ ਸਕਿਆ ਜੋ ਇਹ ਚਮਕਦੇ ਸਿਤਾਰੇ ਨੇ ਕਿਉਕਿ ਮਾਂ-ਬਾਪ ਗਗਨ ਦੀਆਂ ਅੱਖਾਂ ਦੇ ਤਾਰੇ ਨੇ” ਮਾਂ ਦਾ ਪਿਆਰ ਨਸੀਬਾਂ ਵਾਲਿਆ ਨੂੰ ਮਿਲਦਾ ਹੈ ਦੁਨੀਆ ਵਿੱਚ ਇਹ ਪਿਆਰ ਬਜ਼ਾਰ ਵਿੱਚੋਂ ਕਿਸੇ ਦੁਕਾਨ ਤੋ ਨਹੀਂ ਖਰੀਦਿਆ ਜਾ ਸਕਦਾ ।ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦੁਆਰਾ ਮਿਲਦਾ ਹੈ,ਹਰ ਕੋਈ ਰਿਸ਼ਤਾ ਇੰਨਾ ਵਫਾਦਾਰ ਨਹੀਂ ਹੁੰਦਾ।ਕਹਿੰਦੇ ਹਨ ਕਿ ਉਸ ਘਰ ਤੋ ਚੰਗਾ ਸ਼ਮਸ਼ਾਨ ਹੁੰਦਾ ਹੈ ਜਿਥੇ ਮਾਂ ਬਾਪ ਦਾ ਸਤਿਕਾਰ ਨਹੀਂ ਕੀਤਾ ਜਾਂਦਾ। ਅੱਜ ਦੇ ਯੁੱਗ ਵਿੱਚ ਅਸੀ ਕਿਤੇ ਨਾ ਕਿਤੇ ਮਾਂ ਦੀ ਕਦਰ ਵੱਲੋ ਅਵੇਸਲੇ ਹਾ, ਜਿੱਥੇ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਪਾਲਦੀ ਹੈ ਉੱਥੇ ਪਿਤਾ ਦਾ ਵੀ ਉਨਾਂ ਹੀ ਤਿਅਗ ਅਤੇ ਦੇਣ ਆਪਣੇ ਬੱਚਿਆਂ ਲਈ ਹੁੰਦਾ ਹੈ। ਉਹ ਦਿਨ ਰਾਤ ਕੰਮ ਕਰਕੇ ਪੈਸੇ ਕਮਾਉਂਦਾ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਮਿਹਨਤ ਕਰਦਾ ਹੈ।ਪਿਤਾ ਦਾ ਵੀ ਬੱਚੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ । ਜਿੱਥੇ ਮਾਂ ਬੱਚੇ ਨੂੰ ਨੌਂ ਮਹੀਨੇ ਆਪਣੇ ਪੇਟ ਵਿੱਚ ਰੱਖ ਕੇ ਆਪਣੇ ਲਹੂ ਨਾਲ ਸਿੰਜਦੀ ਹੈ, ਓਥੇ ਪਿਤਾ ਬੱਚੇ ਨੂੰ ਦਿਮਾਗ ਵਿੱਚ ਪਾਲਦਾ ਹੈ । ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਪਿਤਾ ਸਾਡਾ ਜੀਵਨ ਸੰਵਾਰਦਾ ਹੈ । ਮਾਂ ਬੱਚੇ ਦੀ ਜਾਨ ਦੀ ਫਿਕਰ ਕਰਦੀ ਹੈ । ਪਿਤਾ ਉਸਦੇ ਭਵਿੱਖ ਪ੍ਰਤੀ ਫ਼ਿਕਰਮੰਦ ਹੁੰਦਾ ਹੈ । ਪਿਤਾ ਦਾ ਭਾਵੇਂ ਅਧਿਕਾਰ ਅਤੇ ਅਨੁਸ਼ਾਸ਼ਨੀ ਰੋਅਬ ਪਰਿਵਾਰ ਵਿੱਚ ਮੰਨਿਆ ਗਿਆ ਹੈ,ਪਰ ਹਿਰਦੇ ਤੋਂ ਪਿਤਾ ਵੀ ਬਹੁਤ ਕੋਮਲ ਭਾਵੀ ਹੁੰਦਾ ਹੈ । ਕਿਸੇ ਨੇ ਠੀਕ ਹੀ ਕਿਹਾ ਹੈ ਕਿ ਪਿਓ ਲੋਰੀ ਵੀ ਹੈ, ਮੋਹ ਭਿੱਜੀ ਘੂਰੀ ਵੀ। ਪਿਓ ਰਾਗ ਵੀ ਹੈ, ਤੋਤਲੇ ਬੋਲ ਵੀ । ਪਿਓ ਗਢਹੀਰਾ ਵੀ ਹੈ, ਘਨੇੜੀ ਵੀ । ਬੱਚੇ ਦੁਆਰਾ ਕੀਤੀਆਂ ਗ਼ਲਤੀਆਂ ਨੂੰ ਮਾਂ-ਬਾਪ ਗਲਵੱਕੜੀ ਵਿੱਚ ਲੈ ਲੈਂਦੇ ਹਨ ਅਤੇ ਭਵਿੱਖ ਵਿੱਚ ਆਪਣੀ ਭੁੱਲ ਸੁਧਾਰਣ ਲਈ ਵਰਜਦੇ ਹਨ।ਪਰ ਅੱਜ ਦੇ ਹਾਲਾਤ ਕੁਝ ਇਵੇਂ ਦੇ ਬਣ ਗਏ ਹਨ ਕਿ ਬੱਚਿਆਂ ਲਈ ਮਾਂ ਬਾਪ ਬੋਝ ਬਣਦੇ ਜਾ ਰਹੇ ਹਨ। ਅੱਜ ਉਹ ਮਾਪੇ ਜਿਹੜੇ ਆਪਣੇ ਬੱਚਿਆਂ ਦੀ ਬਿਨਾਂ ਕਿਸੇ ਸੋਚ ਵਿਚਾਰ ਅਤੇ ਲਾਲਚ ਦੇ ਆਪਣੇ ਬੱਚਿਆਂ ਲਈ ਦਿਨ-ਰਾਤ ਇੱਕ ਕਰਦੇ ਹਨ ਅਤੇ ਉਹਨਾਂ ਦੀ ਵਧੀਆ ਪਰਵਰਿਸ਼ ਕਰਦੇ ਨੇ, ਪਰ ਬੁਢਾਪੇ ਵਿੱਚ ਪੁੱਤਰਾਂ ਦੀ ਜਗ੍ਹਾ ਲਾਠੀ ਉਹਨਾਂ ਦਾ ਸਹਾਰਾ ਬਣਦੀ ਹੈ ਅਤੇ ਬਿਰਧ ਆਸ਼ਰਮ ਉਹਨਾ ਦਾ ਰੈਣ ਬਸੇਰਾ ਬਣਦੇ ਹਨ । ਸਾਡੇ ਦੇਸ਼ ਵਿੱਚ ਪੱਛਮੀ ਸੱਭਿਅਤਾ ਦਾ ਪ੍ਰਭਾਵ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਬੱਚਿਆਂ ਕੋਲ ਮਾਂ -ਬਾਪ ਲਈ ਸਮੇਂ ਦੀ ਘਾਟ ਦੇ ਕਾਰਨ ਉਹਨਾਂ ਨੂੰ ਬਿਰਧ ਘਰਾਂ ਵਿੱਚ ਛੱਡ ਦਿੱਤਾ ਜਾਂਦਾ ਹੈ। ਇਹਨਾਂ ਕਾਰਨਾਂ ਦੇ ਚੱਲਦਿਆਂ ਹੀ ਉਹਨਾਂ ਦੇਸ਼ਾਂ ਵਿੱਚ ਬਾਕੀ ਅਹਿਮ ਦਿਨਾਂ ਦੀ ਤਰ੍ਹਾਂ ਮਾਤਾ ਪਿਤਾ ਲਈ ਵੀ ਦਿਨ ਮੁਕਰਰ ਕਰ ਦਿੱਤੇ ਗਏ ਹਨ। ਦੁਨੀਆਂ ਭਰ ਵਿੱਚ ਮਈ ਮਹੀਨੇ ਦਾ ਦੂਸਰਾ ਐਤਵਾਰ ਮਦਰ ਡੇ ਵੱਜੋਂ ਮਨਾਇਆ ਜਾਂਦਾ ਹੈ। ਇਸ ਦਿਨ ਮਾਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ ਅਤੇ ਕੇਕ ਕੱਟ ਕੇ ਇਹ ਲੋਕ ਆਪਣੇ ਬੱਚੇ ਹੋਣ ਦਾ ਫਰਜ਼ ਨਿਭਾ ਦਿੰਦੇ ਹਨ। ਵਿਦੇਸ਼ੀ ਲੋਕਾਂ ਦੀ ਦੇਖਾ-ਦੇਖੀ ਸਾਡੇ ਦੇਸ਼ ਵਿੱਚ ਵੀ ਨੌਜਵਾਨ ਪੀੜ੍ਹੀ ਵੱਲੋ ਮਦਰ ਡੇ ਮਨਾਇਆ ਜਾਣ ਲੱਗ ਪਿਆ ਹੈ। ਪਰ ਮਾਂ ਨੂੰ ਤੋਹਫ਼ਿਆਂ ਤੋਂ ਵੱਧ ਬੱਚਿਆਂ ਦੇ ਪਿਆਰ ਅਤੇ ਸਨੇਹ ਦੀ ਲੋੜ ਹੁੰਦੀ ਹੈ। ਖ਼ਾਸ ਤੌਰ ਤੇ ਉਮਰ ਦੇ ਆਖਰੀ ਪੜਾਅ ਵਿੱਚ ਬੱਚਿਆਂ ਵੱਲੋ ਆਪਣੇ ਮਾਤਾ-ਪਿਤਾ ਨੂੰ ਦਿੱਤਾ ਗਿਆ ਪਿਆਰ - ਸਤਿਕਾਰ ਅਤੇ ਖ਼ੁਸ਼ੀ ਵਾਲਾ ਮਾਹੌਲ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਸਾਲਾਂ ਨੂੰ ਸੁਖਾਲਾ ਬਣਾ ਦਿੰਦਾ ਹੈ। ਮੇਰੇ ਮੁਤਾਬਕ ਇਹ ਸਪੈਸ਼ਲ ਦਿਨ ਉਹ ਲੋਕ ਮਨਾਉਦੇ ਹਨ ਜੋ ਮਾਂ ਬਾਪ ਦੇ ਖੋ ਜਾਣ ਤੋ ਡਰਦੇ ਹਨ ।ਭਾਵ ਇਸ ਦਿਨ ਤੋ ਪਹਿਲਾ ਉਹਨਾ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਉਹ ਪਰਿਵਾਰ ਵਿੱਚ ਬੈਠ ਕੇ ਮਾਂ -ਬਾਪ ਨੂੰ ਪਿਆਰ ਕਰ ਸਕਣ ਸਿਰਫ ਇਸ ਰਿਸ਼ਤੇ ਨੂੰ ਬਚਾੳੇਣ ਲਈ ਹੀ ਉਹ ਇਸ ਦਿਨ ਦਾ ਇੰਤਜਾਰ ਕਰਦੇ ਹਨ ਤਾ ਜੋ ਲੋਕ ਦਿਖਾਵਾ ਕਰ ਸਕਣ।ਮਾਂ-ਬਾਪ ਅਜਿਹਾ ਅਨਮੋਲ ਗਹਿਣਾ ਹਨ ਜਿੰਨਾ ਦੇ ਲਈ ਨਾ ਕੋਈ ਇੱਕ ਦਿਨ ਨਾ ਕੋਈ ਇੱਕ ਰਾਤ ਨਾ ਹੀ ਸਾਲ -ਮਹੀਨੇ ਤੇ ਸਦੀਆਂ ਤੈਅ ਕੀਤੀਆਂ ਜਾ ਸਕਣ ।ਮਾਂ-ਬਾਪ ਦਾ ਪਿਆਰ ਸਦਾ ਹੀ ਸਦਾ-ਬਹਾਰ ਰਹਿੰਦਾ ਹੈ । ਜਿਹੜੇ ਇਨਸਾਨ ਕਹਿੰਦੇ ਹਨ ਕਿ ਧਾਰਮਿਕ ਅਸਥਾਨਾਂ 'ਤੇ ਰੋਜ਼ਾਨਾ ਜਾ ਕੇ ਬੰਦਗੀ ਕਰਨੀ ਹੈ ਪਰ ਮਾਤਾ-ਪਿਤਾ ਨੂੰ ਪੁੱਛਣਾ ਨਹੀਂ, ਉਨ੍ਹਾਂ ਦੀ ਸਭ ਭਜਨ-ਬੰਦਗੀ ਨਿਸਫਲ ਹੁੰਦੀ ਹੈ। ਜਿਹੜੀ ਔਲਾਦ ਮਾਪਿਆਂ ਦੀ ਆਤਮਾ ਨੂੰ ਦੁਖੀ ਕਰਦੀ ਹੈ, ਉਹ ਕਦੇ ਵੀ ਖ਼ੁਸ਼ ਨਹੀਂ ਰਹਿ ਸਕਦੀ। ਇੱਕ ਬੱਚਾ ਸੱਤ ਜ਼ਨਮਾਂ ਤੱਕ ਆਪਣੇ ਮਾ ਬਾਪ ਦਾ ਕਰਜ਼ਾ ਨਹੀਂ ਲਾਹ ਸਕਦਾ ।ਸਾਨੂਂ ਹਮੇਸਾ ਮਾਂ- ਬਾਪ ਦੇ ਪਿਆਰ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ-ਮਾਂ ਬਾਪ ਦੇ ਚਰਨਾਂ ਵਿੱਚ ਰੱਬ ਦਾ ਦੀਦਾਰ ਹੁੰਦਾ ਹੈ।ਕਿਸੇ ਨੇ ਠੀਕ ਹੀ ਕਿਹਾ ਹੈ ਨਾ ਅਸੀ ਮੰਗਦੇ ਧੁੱਪ ਵੇ ਰੱਬਾ ਨਾ ਹੀ ਮੰਗਦੇ ਛਾਵਾਂ ਨੂੰ ਇੱਕ ਬਾਪ ਨੂੰ ਕੁਝ ਨਾ ਹੋਵੇ ਦੂਜਾ ਸੁਖੀ ਰੱਖੀ ਸਦਾ ਮਾਵਾਂ ਨੂੰ ਭਗਵਾਨ ਗਣੇਸ਼ ਜੀ ਵੀ ਮਾਂ ਪਿਓ ਦੀ ਪਰਿਕਰਮਾ ਕਰ ਕੇ ਹੀ ਮਹਾਨ ਬਣੇ ਤੇ ਕਿਸੇ ਵੀ ਸੁੱਭ ਕੰਮ ‘ਚ ਉਹਨਾਂ ਦੀ ਪੂਜਾ ਸਭ ਤੋਂ ਪਹਿਲਾਂ ਹੁੰਦੀ ਹੈ। ਸ੍ਵਵਣ ਕੁਮਾਰ ਨੇ ਮਾਂ-ਪਿਓ ਦੀ ਸੇਵਾ ਵਿੱਚ ਆਪਣੇ ਕਸ਼ਟਾਂ ਦੀ ਜ਼ਰਾ ਵੀ ਪਰਵਾਹ ਨਹੀਂ ਕੀਤੀ ਤੇ ਅਖੀਰ ਸੇਵਾ ਕਰਦੇ ਕਰਦੇ ਪ੍ਰਾਣ ਤਿਆਗ ਦਿੱਤੇ ਸਨ। ਜ਼ਿੰਦਗੀ ਦੀਆਂ ਜੋ ਮੌਜਾਂ, ਬਹਾਰਾਂ, ਬੇਫਿਕਰੀ, ਲਾਪ੍ਰਵਾਹੀ ਭਰੀ ਜ਼ਿੰਦਗੀ ਦੇ ਪਲ ਬੱਚਾ ਆਪਣੇ ਮਾਂ-ਬਾਪ ਦੇ ਸਿਰ ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲ ਸਕਦੀਆਂ। ਕਿਸੇ ਨੇ ਸੱਚ ਹੀ ਕਿਹਾ ਹੈ, 'ਮਾਂ ਬਿਨ ਨਾ ਕੋਈ ਘਰ ਬਣਦਾ ਏ ਪਿਉ ਬਿਨ ਨਾ ਕੋਈ ਤਾਜ ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ ਮਾਂ-ਬਾਪ ਦੇ ਪੈਰਾਂ ਦੀ ਮਿੱਟੀ ਵਿੱਚ ਹੀ ਜੰਨਤ ਦਾ ਨਜ਼ਾਰਾ ਹੁੰਦਾ ਹੈ।ਜਿਉਂ -ਜਿਉਂ ਇਨਸਾਨ ਵੱਡਾ ਹੁੰਦਾ ਜਾਂਦਾ ਹੈ ਅੱਗੇ ਵਧਦਾ ਜਾਂਦਾ ਹੈ ਕਦੇ ਵੀ ਮਾਂ- ਬਾਪ ਦਾ ਪਿਆਰ ਘੱਟਦਾ ਨਹੀਂ।ਪਰ ਬੱਚੇ ਅਕਸਰ ਵੱਡੇ ਹੋ ਕੇ ਆਪਣੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਾਂ ਦੇ ਪਿਆਰ ਨੂੰ ਵਿਸਾਰ ਦਿੰਦੇ ਹਨ। ਬਹੁਤੇ ਘਰਾਂ ਵਿੱਚ ਤਾਂ ਮਾਂ-ਬਾਪ ਘਰ ਵਿੱਚ ਪਏ ਪੁਰਾਣੇ ਫਰਨੀਚਰ ਦੀ ਤਰ੍ਹਾਂ ਹੁੰਦੇ ਹਨ।ਕਈ ਮਾਂ-ਬਾਪ ਨੂੰ ਤਾਂ ਜਿਉਂਦੇ ਜੀਅ ਹੀ ਆਪਣੇ ਸੁਪਨਿਆਂ ਦੇ ਘਰ ਨੂੰ ਛੱਡ ਬਿਰਧ ਘਰ ਵੱਲ ਜਾਣਾ ਪੈ ਜਾਂਦਾ ਹੈ। ਜੋ ਲੋਕ ਇਸ ਤਰ੍ਹਾਂ ਦਾ ਸਲੂਕ ਮਾਂ-ਬਾਪ ਨਾਲ ਕਰਦੇ ਹਨ ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਮਾਤਾ-ਪਿਤਾ ਦੀ ਬਦੌਲਤ ਹੀ ਦੁਨੀਆਂ 'ਤੇ ਆਏ ਹਾਂ ਪਰ ਜਿੰਨਾ ਪਿਆਰ ਮਾਂ-ਬਾਪ ਨੇ ਔਲਾਦ ਨੂੰ ਦਿੱਤਾ ਹੁੰਦਾ ਹੈ, ਓਨਾ ਕਿਸੇ ਰਿਸ਼ਤੇਦਾਰ ਕੋਲੋਂ ਨਹੀਂ ਮਿਲਦਾ। ਜੇ ਅੱਜ ਤੁਸੀਂ ਇਹ ਕਰ ਰਹੇ ਹੋ, ਕੱਲ੍ਹ ਇਹੀ ਤੁਹਾਡੇ ਨਾਲ ਹੋਵੇਗਾ। ਤੁਹਾਡੇ ਬੱਚੇ ਤੁਹਾਡਾ ਇਹ ਵਿਵਹਾਰ ਦੇਖ ਰਹੇ ਹਨ। ਜੋ ਤੁਸੀਂ ਮਾਂ-ਬਾਪ ਨਾਲ ਕਰਿਆ ਹੈ,ਕੱਲ੍ਹ ਜਦੋਂ ਬੱਚੇ ਵੱਡੇ ਹੋਣਗੇ ਤਾਂ ਉਹ ਵੀ ਇਹ ਸਭ ਕੁਝ ਤੁਹਾਡੇ ਨਾਲ ਕਰਨਗੇ, ਕਿਉਂਕਿ “ਜਿਹਾ ਕਰੋਗੇ ਤਿਹਾ ਭਰੋਗੇ” ਜਾਂ “ਜਿਹਾ ਬੀਜੋਗੇ ਤਿਹਾ ਵੱਢੋਗੇ।” ਅਜੇ ਵੀ ਵਕਤ ਹੈ, ਸਿਆਣੇ ਬਣੋ ਅਤੇ ਆਪਣੇ ਮਾਤਾ ਪਿਤਾ ਜੋ ਸਾਡੇ ਲਈ ਰੱਬ ਦਾ ਰੂਪ ਨੇ ਉਨ੍ਹਾਂ ਦੀ ਕਦਰ ਕਰੋ। ਬੇਸ਼ੱਕ ਗੁਰਦੁਆਰੇ ਨਾ ਜਾਓ ਮੰਦਰ ਵੀ ਨਾ ਜਾਓ, ਪਰ ਮਾਂ-ਬਾਪ ਦੀ ਸੇਵਾ ਜ਼ਰੂਰ ਕਰੋ। ਇਹੀ ਤੀਰਥ ਨੇ। ਮਾਂ ਜਿਹੜੀ ਆਪ ਦੁੱਖ ਸਹਿ ਲੈਂਦੀ ਹੈ ਪਰ ਆਪਣੇ ਬੱਚਿਆਂ ਨੂੰ ਆਂਚ ਨਹੀਂ ਆਉਣ ਦਿੰਦੀ। “ਪੁੱਤਰ ਕਪੁੱਤਰ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ।” “ਮਾਂ ਬਾਪ ਨੂੰ ਪ੍ਰਮਾਤਮਾ ਤੋਂ ਵੀ ਵਧ ਕੇ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਪ੍ਰਮਾਤਮਾ ਸਾਡੀ ਕਿਸਮਤ ‘ਚ ਸੁੱਖ-ਦੁੱਖ ਦੋਵੇਂ ਲਿਖਦਾ ਹੈ ਜਦੋਂ ਕਿ ਮਾਂ ਬਾਪ ਸਿਰਫ ਸੁੱਖ ਲਿਖਦੇ ਹਨ।“ ਮਾਂ ਦੇ ਦੁਲਾਰ ਅਤੇ ਪਿਤਾ ਦੀ ਡਾਂਟ ਫਟਕਾਰ ਰੂਪੀ ਪਿਆਰ ਨਾਲ ਬੱਚਾ ਵੱਡਾ ਹੁੰਦਾ ਹੈ । ਸ਼ਾਇਦ ਇਸੇ ਕਰਕੇ ਬੱਚਾ ਵਧੇਰੇ ਆਪਣੀ ਮਾਂ ਦੇ ਨੇੜੇ ਹੁੰਦਾ ਹੈ ਪਿਤਾ ਦਾ ਸੁਭਾਹ ਨਾਰੀਅਲ ਦੀ ਤਰਾਂ ਹੁੰਦਾ ਹੈ ਬਾਹਰੋਂ ਸਖ਼ਤ ਅਤੇ ਅੰਦਰੋਂ ਨਰਮ । ਸ਼ਾਇਦ ਇਸੇ ਕਰਕੇ ਕਿ ਪਿਤਾ ਨੂੰ ਮਾਂ ਨਾਲੋਂ ਜਿਆਦਾ ਜਿੰਦਗੀ ਦੇ ਕੌੜੇ ਯਥਾਰਥਾਂ ਦਾ ਗਿਆਨ ਹੁੰਦਾ ਹੈ। ਪਿਤਾ ਦੀ ਡਾਂਟ ਘੁਮਿਆਰ ਦੀ ਉਸ ਚੋਟ ਦੀ ਤਰਾਂ ਹੁੰਦੀ ਹੈ ਜੋ ਉਹ ਆਪਣੇ ਭਾਂਡੇ ਨੂੰ ਇਸ ਲਈ ਦਿੰਦਾ ਹੈ ਤਾਂ ਜੋ ਉਹ ਕਿਸੇ ਘਰ ਦਾ ਸ਼ਿੰਗਾਰ ਬਣ ਸਕੇ । ਇਸ ਪਿੱਛੇ ਪਿਤਾ ਦਾ ਇੱਕੋ ਇੱਕ ਮਕਸਦ ਇਹ ਹੁੰਦਾ ਹੈ ਕਿ ਉਸਦਾ ਬੱਚਾ ਜਿੰਦਗੀ ਵਿੱਚ ਕੋਈ ਚੰਗਾ ਮੁਕਾਮ ਹਾਸਿਲ ਕਰ ਸਕੇ ਪਰ ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਸਮਝ ਆਉਂਦਾ ਹੈ , ਪਰ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।ਸੋ ਆਓ ਸਾਰੇ ਰਲ ਕੇ ਪ੍ਰਣ ਕਰੀਏ ਕਿ ਰੱਬ ਵਰਗੇ ਮਾ-ਬਾਪ ਨੂੰ ਉਹਨਾਂ ਦਾ ਬਣਦਾ ਪਿਆਰ ਤੇ ਸਤਿਕਾਰ ਦੇਈਏ ।ਮਾ-ਬਾਪ ਦੇ ਸੁਪਨਿਆਂ ਨੂੰ ਪੂਰੇ ਕਰਨ ਲਈ ਜੀ ਤੋੜ ਤਨ ਮਨ ਤੋਂ ਮਿਹਨਤ ਕਰਕੇ ਉਹਨਾਂ ਦਾ ਨਾਮ ਰੌਸ਼ਨ ਕਰੀਏ ਤਾਂ ਜੋ ਉਹ ਏਸੇ ਹੌਸਲੇ ਨਾਲ ਆਪਣਾ ਬੁਢਾਪਾ ਖ਼ੁਸ਼ੀ-ਖ਼ੁਸ਼ੀ ਬਿਤਾ ਸਕਣ। ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ।