ਜਬਰ-ਜਨਾਹ ਦੇ ਦੋਸ਼ ਹੇਠ ਮੰਗੇਤਰ ਖ਼ਿਲਾਫ਼ ਕੇਸ

23

October

2018

ਡੇਰਾਬਸੀ, ਇਥੇ ਝੁੱਗੀਆਂ ਵਿੱਚ ਰਹਿੰਦੀ ਇਕ ਲੜਕੀ ਨਾਲ ਉਸਦੇ ਮੰਗੇਤਰ ਵੱਲੋਂ ਜਬਰ-ਜਨਾਹ ਕੀਤਾ ਗਿਆ। ਲੜਕੀ ਦੇ ਮਾਪਿਆਂ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਲੜਕੀ ਸੱਤ ਮਹੀਨੇ ਦੀ ਗਰਭਵੱਤੀ ਹੋ ਗਈ। ਪੁਲੀਸ ਨੇ ਪੀੜਤ ਲੜਕੀ ਦੇ ਮੰਗੇਤਰ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲੀਆ ਅਫਸਰ ਸਹਾਇਕ ਇੰਸਪੈਕਟਰ ਖ਼ੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਲੜਕੀ ਨੇ ਬਿਆਨ ’ਚ ਦੱਸਿਆ ਕਿ ਉਸਦੀ ਲੁਧਿਆਣਾ ਵਸਨੀਕ ਇਕ ਨੌਜਵਾਨ ਪ੍ਰਮੋਦ ਨਾਲ ਵਿਆਹ ਦੀ ਗੱਲਬਾਤ ਚੱਲ ਰਹੀ ਸੀ। ਲੜਕਾ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੱਤ ਮਹੀਨੇ ਪਹਿਲਾਂ ਲੜਕਾ ਉਨ੍ਹਾਂ ਦੇ ਘਰ ਆਇਆ ਤੇ ਰਾਤ ਉਨ੍ਹਾਂ ਦੇ ਘਰ ਸੁੱਤਾ। ਅਗਲੀ ਸਵੇਰ ਜਦੋਂ ਉਹ ਜਾਣ ਲੱਗਾ ਤਾਂ ਉਸਦੇ ਸਾਰੇ ਪਰਿਵਾਰਕ ਮੈਂਬਰ ਕੰਮ ’ਤੇ ਹੋਣ ਕਾਰਨ ਉਸ ਨੇ ਉਸ ਨਾਲ ਜਬਰ-ਜਨਾਹ ਕੀਤਾ। ਮਗਰੋਂ ਉਸ ਨਾਲ ਫੋਨ ’ਤੇ ਗੱਲ ਹੁੰਦੀ ਰਹੀ। ਉਸ ਨੂੰ ਪਤਾ ਲੱਗਾ ਕਿ ਉਹ ਗਰਭਵਤੀ ਹੋ ਗਈ ਹੈ। ਇਹ ਗੱਲ ਉਸ ਨੇ ਪ੍ਰਮੋਦ ਨੂੰ ਦੱਸੀ ਤਾਂ ਉਸਨੇ ਗੱਲ ਕਰਨੀ ਬੰਦ ਕਰ ਦਿੱਤੀ। ਪਰਿਵਾਰ ਤੇ ਸਮਾਜ ਦੇ ਡਰੋਂ ਉਸਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਉਸਦੀ ਮਾਂ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਈ ਜਿਥੇ ਡਾਕਟਰਾਂ ਨੇ ਗਰਭਵੱਤੀ ਹੋਣ ਦੀ ਪੁਸ਼ਟੀ ਕੀਤੀ। ਇਸ ਮਗਰੋਂ ਉਨ੍ਹਾਂ ਪੁਲੀਸ ਨੂੰ ਸ਼ਿਕਾਇਤ ਦਿੱਤੀ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਪੀੜਤ ਲੜਕੀ ਦੀ ਉਮਰ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਲੜਕੀ ਵੱਲੋਂ ਆਪਣੀ ਉਮਰ 17 ਸਾਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਉਸ ਕੋਲ ਨਾ ਤਾਂ ਆਧਾਰ ਕਾਰਡ ਹੈ ਤੇ ਨਾ ਹੀ ਉਮਰ ਦਾ ਹੋਰ ਕੋਈ ਸਬੂਤ ਹੈ।