ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ ਤੇ ਹੁਣ ਕਿਸਾਨ ਘਰਾਂ ਨੂੰ ਪਰਤ ਜਾਣ: ਖੱਟਰ

12

January

2021

ਪੰਚਕੂਲਾ, 12 ਜਨਵਰੀ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ’ਤੇ ਰੋਕ ਲਗਾਉਣ ਦਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਵਾਗਤ ਕੀਤਾ ਹੈ। ਇਥੇ ਪੀਡਬਲਿਊਡੀ ਦੇ ਗੈਸਟ ਹਾਊਸ ਵਿੱਚ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਸਾਰੇ ਦੇਸ਼ ਲਈ ਹੈ ਪਰ ਕੁਝ ਕਿਸਾਨ ਵੀ ਇਸ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ, ‘ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਧਰਨਾ ਸ਼ਾਂਤਮਈ ਢੰਗ ਨਾਲ ਖਤਮ ਕਰਨ ਅਤੇ ਆਪੋ ਆਪਣੇ ਘਰਾਂ ਨੂੰ ਚਲੇ ਜਾਣ।’ ਹਰਿਆਣਾ ਖੇਡ ਵਿਕਾਸ ਅਤੇ ਕਲਿਆਣ ਸਮਿਤੀ ਦੇ ਪ੍ਰਧਾਨ ਅਰਜਨ ਅਵਾਰਡੀ ਭੀਮ ਸਿੰਘ ਨੇ ਅਰਜਨ ਅਤੇ ਭੀਮ ਅਵਾਰਡ ਦੀ ਇਨਾਮੀ ਰਾਸ਼ੀ ਚਾਰ ਗੁਣਾ ਕਰਨ ਦਾ ਸਵਾਗਤ ਕੀਤਾ। ਸਮਾਰੋਹ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ, ਪੰਚਕੂਲਾ ਦੇ ਡੀਸੀ ਮੁਕੇਸ਼ ਕੁਮਾਰ ਅਹੂਜਾ ਅਤੇ ਜ਼ਿਲ੍ਹੇ ਦੇ ਕਈ ਹੋਰ ਅਧਿਕਾਰੀ ਸ਼ਾਮਲ ਸਨ। ਪੰਚਕੂਲਾ ਦੇ ਦੋ ਟੌਲ ਪਲਾਜ਼ਿਆਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਮੁੱਖ ਮੰਤਰੀ ਦੀ ਆਮਦ ਨੂੰ ਦੇਖਦੇ ਹੋਏ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਸਮਾਗਮਾਂ ਦੀ ਥਾਂ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੱਕ ਸਾਰੀਆਂ ਸੜਕਾਂ ’ਤੇ ਨਾਕੇ ਲਗਾਏ ਹੋਏ ਸਨ।