Arash Info Corporation

ਪੰਜਾਬ: 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 22 ਮਾਰਚ ਤੋਂ ਅਤੇ ਦਸਵੀਂ ਦੀਆਂ 9 ਅਪਰੈਲ ਤੋਂ

12

January

2021

ਮੁਹਾਲੀ, 12 ਜਨਵਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਅੱਜ ਇੱਥੇ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਦੱਸਿਆ ਕਿ ਬਾਰਵੀਂ ਦੀ ਪ੍ਰੀਖਿਆ 22 ਮਾਰਚ ਤੋਂ 27 ਅਪਰੈਲ ਤੱਕ ਕਰਵਾਈ ਜਾਵੇਗੀ ਅਤੇ ਦਸਵੀਂ ਦੀ ਸਾਲਾਨਾ ਪ੍ਰੀਖਿਆ 9 ਅਪਰੈਲ ਤੋਂ 1 ਮਈ ਤੱਕ ਲਈ ਜਾਵੇਗੀ। ਪ੍ਰੀਖਿਆਵਾਂ ਵਿੱਚ ਤਕਰੀਬਨ ਸਵਾ 6 ਲੱਖ ਵਿਦਿਆਰਥੀ ਬੈਠਣਗੇ। ਬੋਰਡ ਮੈਨੇਜਮੈਂਟ ਕਰੋਨਾ ਮਹਾਮਾਰੀ ਅਤੇ ਹੋਰ ਸੰਭਾਵਿਤ ਦਰਪੇਸ਼ ਸਮੱਸਿਆਵਾਂ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ। ਪਿਛਲੇ ਸਾਲ ਕਰੀਬ 2600 ਪ੍ਰੀਖਿਆ ਕੇਂਦਰ ਬਣਾਏ ਸੀ ਪਰ ਇਸ ਸਾਲ ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਹਜ਼ਾਰ ਹੋਰ ਵਾਧੂ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਪ੍ਰੀਖਿਆ ਕੇਂਦਰ ਕੇਵਲ ਕੈਮਰੇ ਲੱਗੇ ਹੋਏ ਕਮਰਿਆਂ ਵਿੱਚ ਹੀ ਬਣਾਏ ਜਾਣਗੇ। ਸ੍ਰੀ ਮਹਿਰੋਕ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਸਕੂਲ ਖੁੱਲਣ ਦਾ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਰੋਨਾ ਦਾ ਪ੍ਭਾਵ ਵਧਣ ਦੀ ਸੂਰਤ ਵਿੱਚ ਸਾਲਾਨਾ ਪ੍ਰੀਖਿਆਵਾਂ ਦਾ ਸ਼ਡਿਊਲ ਬਦਲਿਆ ਵੀ ਜਾ ਸਕਦਾ ਹੈ।