ਚੰਡੀਗੜ੍ਹ ਪ੍ਰਸ਼ਾਸਨ ਨੇ ਸਿੱਖ ਬੀਬੀਆਂ ਨੂੰ ਹੈਲਮਟ ਤੋਂ ਛੋਟ ਦਿੱਤੀ

23

October

2018

ਚੰਡੀਗੜ੍ਹ, ਚੰਡੀਗੜ੍ਹ ਪ੍ਰਸ਼ਾਸਨ ਨੇ ਸਿੱਖ ਬੀਬੀਆਂ ਨੂੰ ਹੈਲਮਟ ਪਹਿਨਣ ਤੋਂ ਛੋਟ ਦੇਣ ਦੇ ਮਾਮਲੇ ’ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੈਲਮਟ ਪਹਿਨਣ ਦਾ ਫੈ਼ਸਲਾ ਹੁਣ ਸਿੱਖ ਮਹਿਲਾਵਾਂ ਦੀ ਮਰਜੀ ’ਤੇ ਨਿਰਭਰ ਰਹੇਗਾ। ਅੱਜ ਜਾਰੀ ਇਸ ਨਿਟੀਫਿਕੇਸ਼ਨ ਅਨੁਸਾਰ ਚੰਡੀਗੜ੍ਹ ਮੋਟਰ ਵਾਹਨ ਰੂਲਜ਼,1999 ਦੇ ਰੂਲ 193 ’ਚ ਕੀਤੀ ਸੋਧ ਸਬੰਧੀ ਨੋਟੀਫਾਈਡ ਜਾਰੀ ਕੀਤਾ ਗਿਆ ਹੈ ਕਿ ਚੰਡੀਗੜ੍ਹ ਦੀਆਂ ਸੜਕਾਂ ’ਤੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਸਿੱਖ ਵਿਅਕਤੀਆਂ (ਮਹਿਲਾਵਾਂ ਸਣੇ) ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਗਈ ਹੈ। ਹਾਲਾਂਕਿ ਇਸ ਨਿਟੀਫਿਕੇਸ਼ਨ ਨੂੰ ਲੈ ਕੇ ਪ੍ਰਸ਼ਾਸਨ ਨੇ ਸ਼ਹਿਰਵਾਸੀਆਂ ਤੋਂ ਤੀਹ ਦਿਨਾਂ ’ਚ ਸੁਝਾਅ ਵੀ ਮੰਗੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੂੰ ਗ੍ਰਹਿ ਮੰਤਰਾਲੇ ਨਵੀਂ ਦਿੱਲੀ ਨੇ ਨੰਬਰ -4035 / 3/2018-ਸੀਐਚਡੀ ਇੱਕ ਚਿੱਠੀ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਦਿੱਲੀ ਸਰਕਾਰ ਦੀ ਤਰ੍ਹਾਂ ਇਥੇ ਇਹ ਨਿਯਮ ਲਾਗੂ ਕੀਤਾ ਜਾਵੇ। ਕੇਂਦਰੀ ਹੁਕਮਾਂ ਦੀ ਤਾਲੀਮ ਕਰਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਮੋਟਰ ਵਾਹਨ ਐਕਟ,1988 ਦੇ ਸੈਕਸ਼ਨ 2 ਦੀ ਧਾਰਾ (41) ਅਨੁਸਾਰ ਸੈਕਸ਼ਨ 129 ਤਹਿਤ ਪਗੜੀਧਾਰੀ ਸਿੱਖ ਵਿਅਕਤੀ ਜਿਨ੍ਹਾਂ ’ਚ ਮਹਿਲਾਵਾਂ ਵੀ ਸ਼ਾਮਲ ਹਨ, ਨੂੰ ਹੈਲਮਟ ਪਹਿਨਣ ਤੋਂ ਛੋਟ ਦਿੱਤੀ ਹੈ। ਪ੍ਰਸ਼ਾਸਨ ਨੇ ਇਸ ਨੋਟੀਫਿਕੇਸ਼ਨ ਨੂੰ ਵਿਧਾਨਿਕ ਗਜ਼ਟ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਲਈ ਤੀਹ ਦਿਨਾਂ ਅੰਦਰ ਸ਼ਹਿਰ ਵਾਸੀਆਂ ਤੋਂ ਇਤਰਾਜ ਤੇ ਸੁਝਾਅ ਮੰਗੇ ਹਨ। ਚੰਡੀਗੜ੍ਹ ਵਿੱਚ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਮਹਿਲਾਵਾਂ ਲਈ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਣ ਨੂੰ ਲਾਜਮੀ ਕੀਤਾ ਗਿਆ ਸੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਤੋਂ ਪਹਿਲਾਂ ਇਸ ਬਾਰੇ ਚੰਡੀਗੜ੍ਹ ਪੁਲੀਸ ਨੇ ਜਾਗਰੂਕਤਾ ਮੁਹਿੰਮ ਵੀ ਚਲਾਈ ਸੀ, ਜਿਸ ’ਚ ਸ਼ਹਿਰ ਕਈ ਕਈ ਸਮਾਜ ਸੇਵੀ ਜਥੇਬੰਦੀਆਂ ਨੇ ਟਰੈਫਿਕ ਪੁਲੀਸ ਨਾਲ ਮਿਲ ਕੇ ਮਹਿਲਾਵਾਂ ਨੂੰ ਆਪਣੀ ਸੁਰੱਖਿਆ ਲਈ ਹੈਲਮਟ ਪਾਉਣ ਬਾਰੇ ਜਾਗਰੂਕ ਕੀਤਾ ਸੀ। ਪਰ ਪ੍ਰਸ਼ਾਸਨ ਦੇ ਇਸ ਫੈ਼ਸਲੇ ਨੂੰ ਲੈ ਕੇ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਤਰਕ ਸੀ ਕਿ ਸਿੱਖ ਧਰਮ ਲੋਹ ਟੋਪ (ਹੈਲਮਟ) ਪਾਉਣ ਦੀ ਇਜ਼ਾਜਤ ਨਹੀਂ ਦਿੰਦਾ, ਇਸ ਲਈ ਸਿੱਖ ਮਹਿਲਾਵਾਂ ਹੈਲਮਟ ਨਹੀਂ ਪਾਉਣਗੀਆਂ। ਇਸ ਬਾਰੇ ਸਿੱਖ ਜਥੇਬੰਦੀਆਂ ਦੇ ਵਫ਼ਦ ਚੰਡੀਗੜ੍ਹ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਇਸ ਮਾਮਲੇ ’ਚ ਦਖਲਅੰਦਾਜੀ ਕਰਨ ਦੀ ਮੰਗ ਕੀਤੀ ਸੀ। ਇਹ ਮਾਮਲਾ ਕੇਂਦਰ ਸਰਕਾਰ ਤੱਕ ਪਹੁੰਚਿਆ ਤੇ ਉਥੇ ਇਸ ਬਾਰੇ ਇਹ ਫੈ਼ਸਲਾ ਕੀਤਾ ਗਿਆ ਕਿ ਦਿੱਲੀ ਦੀ ਤਰਜ਼ ’ਤੇ ਚੰਡੀਗੜ੍ਹ ਵਿੱਚ ਵੀ ਸਿੱਖ ਮਹਿਲਾਵਾਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦਿੱਤੀ ਜਾ ਸਕਦੀ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਹੁਣ ਹੈਲਮਟ ਪਹਿਨਣਾ ਸਿੱਖ ਮਹਿਲਾਵਾਂ ਦੀ ਮਰਜ਼ੀ ’ਤੇ ਨਿਰਭਰ ਹੋਵੇਗਾ।