ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ

04

January

2021

ਮਨੁੱਖੀ ਅਧਿਕਾਰ ਕਿਸੇ ਵਿਅਕਤੀ ਦੀ ਉਹ ਮੁੱਢਲੇ ਅਧਿਕਾਰ ਹਨ ਜਿਸ ਨਾਲ ਕਿਸੇ ਵੀ ਮਨੁੱਖ ਨਾਲ ਨਸਲ, ਜਾਤ, ਧਰਮ, ਲੰਿਗ ਆਦਿ ਕਿਸੇ ਵੀ ਅਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ। ਸਾਰੇ ਮਨੁੱਖ ਬਰਾਬਰ ਅਤੇ ਅਧਿਕਾਰਾਂ ਦੇ ਨਾਲ ਸੁਤੰਤਰ ਰੂਪ ਨਾਲ ਜਨਮੇ ਹਨ। ਵਿਸ਼ਵ ਪੱਧਰ ਤੇ ਮਨੁੱਖੀ ਅਧਿਕਾਰਾਂ ਵਿੱਚ ਜਿਊਣ ਦਾ ਅਧਿਕਾਰ, ਅਜ਼ਾਦੀ ਦਾ ਅਧਿਕਾਰ, ਵਿਚਾਰ ਪ੍ਰਗਟਾਉਣ ਦਾ ਅਧਿਕਾਰ, ਜਾਇਦਾਦ ਰੱਖਣ ਦਾ ਅਧਿਕਾਰ, ਸਮਾਜਿਕ -ਆਰਥਿਕ ਅਧਿਕਾਰ ਆਦਿ ਸ਼ਾਮਿਲ ਹਨ। ਅੱਜ ਦੁਨੀਆਂ ਦੀ ਵੱਡੀ ਅਬਾਦੀ ਸਮਾਜਿਕ ਨਾਬਰਾਬਰੀ ਵਿੱਚ ਪਿਸਗਾਹ ਰਹੀ ਹੈ। ਅਜਿਹਾ ਇਸ ਲਈ ਨਹੀਂ ਹੈ ਕਿ ਲੋਕਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਬਾਰੇ ਪਤਾ ਨਹੀਂ ਬਲਕਿ ਸਮਾਜ ਵਿੱਚ ਫੈਲੀ ਨਾਬਰਾਬਰੀ ਦਾ ਕਾਰਣ ਸਰਕਾਰਾਂ ਦਾ ਖੁਦ ਇਸ ਵਿਸ਼ੇ ਤੇ ਜਨਤਾ ਨੂੰ ਗੁੰਮਰਾਹ ਕਰਨਾ ਅਤੇ ਉਚਿੱਤ ਕਦਮ ਨਾ ਚੁੱਕਣਾ ਹੈ। ਭਾਰਤ ਜੋ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਮੰਨਿਆ ਜਾਂਦਾ ਹੈ। ਇੱਥੇ ਹਰ ਇੱਕ ਨਾਗਰਿਕ ਨੂੰ ਮੋਲਿਕ ਅਧਿਕਾਰਾਂ ਦੇ ਰੂਪ ਵਿੱਚ ਬਹੁਤ ਸਾਰੇ ਹੱਕ ਦਿੱਤੇ ਹਨ । ਸਾਡੇ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਮੌਲਿਕ ਅਧਿਕਾਰਾਂ ਦਾ ਘਾਣ ਹੁੰਦਾ ਹੈ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਸਕਦਾ ਹੈ। ਭਾਰਤੀ ਸੰਵਿਧਾਨ ਹਰੇਕ ਭਾਰਤੀ ਨਾਗਰਿਕ ਨੂੰ ਬਰਬਰਤਾ, ਸੁਤੰਤਰਤਾ, ਸ਼ੋਸਣ - ਵਿਰੋਧ, ਧਾਰਮਿਕ ਸੁਤੰਤਰਤਾ ਪ੍ਰਦਾਨ ਕਰਦਾ ਹੈ। ਪਰ ਹਕੀਕਤ ਵਿੱਚ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦਾ ਆਨੰਦ ਸਿਰਫ ਕੁਝ ਵਰਗ ਅਤੇ ਲੋਕ ਹੀ ਮਾਣ ਰਹੇ ਹਨ, ਜਿੰਨਾ ਵਿੱਚ ਰਾਜਨੇਤਾ ਸ਼ਾਮਿਲ ਹਨ ਜਾਂ ਵੱਡੇ ਵਪਾਰੀ। ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਕਹੀ ਜਾ ਸਕਦੀ। ਜੇਕਰ ਸ਼ੋਸ਼ਣ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਔਰਤਾਂ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੀਆਂ ਨਿੱਤ ਸ਼ਿਕਾਰ ਹੁੰਦੀਆਂ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਸਭ ਤੋਂ ਵੱਡੀ ਉਦਹਾਰਣ ਦਿੱਲੀ ਵਿੱਚ ਕੜਾਕੇ ਦੀ ਠੰਡ ਵਿੱਚ ਤੜਪ ਰਹੇ ਕਿਸਾਨ ਵੀਰ ਹਨ। ਆਪਣੇ ਹੱਕ ਲੈਣੇ ਜਿੱਥੇ ਭਾਰਤੀ ਨਾਗਰਿਕਾਂ ਦਾ ਸੰਵਿਧਾਨਕ ਅਧਿਕਾਰ ਹੈ ਉੱਥੇ ਲੋਕਾਂ ਨੂੰ ਆਪਣੇ ਹੀ ਬਣਦੇ ਹੱਕਾਂ ਲਈ ਲਾਠੀਆਂ ਖਾਣੀਆਂ ਪਈਆਂ। ਇਸੇ ਸੰਵਿਧਾਨ ਦੇ ਅਧਾਰ ਤੇ ਦੇਸ਼ ਨੂੰ ਚਲਾਉਣ ਵਾਲੀਆਂ ਸਰਕਾਰਾਂ ਨੂੰ ਲੋਕਾਂ ਦੇ ਦਰਦ ਅਤੇ ਲੋਕਾਂ ਪ੍ਰਤੀ ਬਣਦੀ ਸਰਕਾਰਾਂ ਦੀ ਜ਼ਿੰਮੇਵਾਰੀ ਦਾ ਬਿਲਕੁਲ ਅਹਿਸਾਸ ਨਹੀਂ ਹੈ। ਪੂਰੇ ਦੇਸ਼ ਦਾ ਪੇਟ ਪਾਲਣ ਵਾਲਾ ਅੰਨਦਾਤਾ ਆਪਣੇ ਹੱਕਾਂ ਲਈ ਠੰਡ ਵਿੱਚ ਸੀਤ ਪਾਣੀ ਦੀਆਂ ਬੁਛਾੜਾਂ ਸਹਿ ਰਿਹਾ ਹੈ। ਮਨੁੱਖੀ ਅਧਿਕਾਰਾਂ ਤੋਂ ਵਾਂਝੇ ਦੇਸ਼ ਆਪਣੇ ਆਪ ਨੂੰ ਲੋਕ ਰਾਜ ਜਾਂ ਜਮਹੂਰੀ ਦੇਸ਼ ਨਹੀਂ ਅਖਵਾ ਸਕਦੇ। ਸਰਕਾਰ ਨੂੰ ਇਸ ਪ੍ਰਤੀ ਗੰਭੀਰਤਾ ਨਾਲ ਸੋਚਣ ਅਤੇ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਇਸ ਲਈ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਸੰਸਥਾਵਾਂ ਨੂੰ ਨਿਰਪੱਖਤਾ ਨਾਲ ਕੰਮ ਕਰਨਾ ਪਵੇਗਾ ਤਾਂ ਜੋ ਦੇਸ਼ ਵਿੱਚ ਹਰ ਵਿਅਕਤੀ ਦੇ ਮੁੱਢਲੇ ਮਨੁੱਖੀ ਅਧਿਕਾਰ ਸੁਰੱਖਿਅਤ ਰਹਿ ਸਕਣ। ( ਹਰਕੀਰਤ ਕੌਰ 9779118066)