Arash Info Corporation

ਕਿਸਾਨ ਮਜ਼ਦੂਰ ਮੋਰਚੇ ਦੀ ਚੜ੍ਹਦੀ ਕਲਾ ਅਤੇ ਸੰਘਰਸ਼ ਦੀ ਸਫ਼ਲਤਾ ਲਈ ਅਰਦਾਸ ਦਿਵਸ

30

December

2020

ਲੁਧਿਆਣਾ, 30 ਦਸੰਬਰ (ਜਗੀ) : ਆਪਣੇ ਬੁਨਿਆਦੀ ਹੱਕਾਂ ਲਈ ਸੰਘਰਸ਼ਸ਼ੀਲ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਚੜ੍ਹਦੀ ਕਲਾ ਅਤੇ ਫਤਹਿਯਾਬੀ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਦੇਸ਼-ਵਿਦੇਸ਼ ਦੀਆਂ ਸਮੂੰਹ ਇਕਾਈਆਂ ਵਲੋਂ ਅੱਜ ਅਰਦਾਸ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਜਥੇਬੰਦੀ ਦੇ ਚੀਫ਼ ਸਕੱਤਰ ਸ੍ਰ. ਹਰਮੋਹਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਇਸ ਸਬੰਧੀ ਅੱਜ ਮੁੱਖ ਅਰਦਾਸ ਸਮਾਗਮ ਕੇਂਦਰੀ ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਆਯੋਜਿਤ ਹੋਇਆ। ਇਸ ਮੌਕੇ ਸ਼ਬਦ ਕੀਰਤਨ ਅਤੇ ਅਰਦਾਸ ਉਪਰੰਤ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੁਨਿਆਦੀ ਮਨੁੱਖੀ ਹੱਕਾਂ ਲਈ ਸੰਘਰਸ਼ਾਂ ਨੂੰ ਜਿੱਤਣ ਦੀ ਜੁਗਤ ਗੁਰਬਾਣੀ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਤੋਂ ਮਿਲਦੀ ਹੈ। ਅਜਿਹੇ ਸੰਘਰਸ਼ ‘‘ਨਿਸਚੈ ਕਰ ਆਪਣੀ ਜੀਤ ਕਰੋਂ’’ ਦੇ ਉਦੇਸ਼ ਨਾਲ ਜਿੱਤੇ ਜਾਂਦੇ ਹਨ। ਬੁਲਾਰਿਆਂ ਨੇ ਸੰਤੁਸ਼ਟੀ ਪ੍ਰਗਟਾਈ ਕਿ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਭਾਰਤ, ਖਾਸ ਕਰਕੇ ਪੰਜਾਬ ਦਾ ਕਿਸਾਨ ਕਰ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਕਰੇਗੀ। ਇਥੇ ਇਹ ਵਰਨਣਯੋਗ ਹੈ ਕਿ ਇਸ ਮੋਰਚੇ ਪ੍ਰਤੀ ਸਮਾਜਿਕ ਇੱਕਜੁਟਤਾ ਅਤੇ ਉਤਸ਼ਾਹ ਪੈਦਾ ਕਰਨ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 10 ਜਨਵਰੀ 2021 ਤੋਂ ਦੇਸ਼ ਭਰ ਦੀਆਂ ਇਕਾਈਆਂ ਰਾਹੀਂ ਰਨ ਫਾਰ ਫਾਰਮਰਜ਼ (RUN 6OR 61RM5RS) ਦੌੜ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਥੇਬੰਦੀ ਵਲੋਂ ਸੰਘਰਸ਼ ਵਿੱਚ ਸ਼ਾਮਲ ਲੋੜਵੰਦ ਕਿਸਾਨ ਅਤੇ ਮਜ਼ਦੂਰ ਵੀਰਾਂ ਦੀ ਗੁਰੂ ਨਾਨਕ ਮੋਦੀਖਾਨੇ ਰਾਹੀਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਤਿੰਨੋਂ ਵਿਵਾਦਿਤ ਕਾਨੂੰਨਾਂ ਦਾ ਪੰਜਾਬੀ ਤਰਜਮਾਂ ਕਰਵਾ ਕੇ ਸਮੁੱਚੇ ਪੰਜਾਬ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਕਾਨੂੰਨਾਂ ਰਾਹੀਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਦਿੱਲੀ ਅੰਦੋਲਨ ਵਿੱਚ ਜਥੇਬੰਦੀ ਦੇ ਅਦਾਰੇ ਸਿੱਖ ਬੁੱਕ ਟਰੱਸਟ ਇੰਟਰਨੈਸ਼ਨਲ ਵਲੋਂ ਉਤਸ਼ਾਹ ਵਧਾਊ ਫਰੀ ਲਿਟਰੇਚਰ ਵੰਡਿਆ ਜਾ ਰਿਹਾ ਹੈ। ਪਿਛਲੇ ਸਮੇਂ ਤੋਂ ਆਨਲਾਈਨ ਵੈਬੀਨਾਰਾਂ ਰਾਹੀਂ ਖੇਤੀ ਆਰਥਿਕ ਅਤੇ ਸਮਾਜਿਕ ਮਾਹਿਰਾਂ ਦੇ ਰੂਬਰੂ ਹੋ ਕੇ ਕਿਸਾਨੀ ਲਈ ਲਾਹੇਵੰਦ ਭਵਿੱਖਤ ਖੇਤੀ ਮਾਡਲ ਤਿਆਰ ਕਰਨ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕਵਾਇਦ ਵੀ ਜਾਰੀ ਹੈ। ਅਰਦਾਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਜਤਿੰਦਰਪਾਲ ਸਿੰਘ ਚੇਅਰਮੈਨ, ਸ੍ਰ. ਜਸਪਾਲ ਸਿੰਘ ਪਿੰਕੀ, ਸ੍ਰ. ਸੁਰਜੀਤ ਸਿੰਘ, ਬੀਬੀ ਨਿਰਲੇਪ ਕੌਰ, ਬੀਬੀ ਗੁਰਵੀਰ ਕੌਰ, ਸ੍ਰ. ਭੁਪਿੰਦਰ ਸਿੰਘ, ਸ੍ਰ. ਇਕਬਾਲ ਸਿੰਘ, ਸ੍ਰ. ਜਸਪਾਲ ਸਿੰਘ, ਭਾਈ ਗੁਰਨਾਮ ਸਿੰਘ ਅਤੇ ਹੋਰ ਪ੍ਰਤੀਨਿੱਧ ਵੱਡੀ ਗਿਣਤੀ ਵਿੱਚ ਹਾਜ਼ਰ ਸਨ।