ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੋਵਿਡ-19 ਵੈਕਸੀਨ ਦਾ ਡ੍ਰਾਈ ਰਨ ਸਫਲਤਾਪੂਰਵਕ ਮੁਕੰਮਲ

30

December

2020

ਲੁਧਿਆਣਾ, 30 ਦਸੰਬਰ (ਬਿਕਰਮਪ੍ਰੀਤ) - ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋ ਕੋਵਿਡ-19 ਵੈਕਸੀਨ ਸਬੰਧੀ ਚਲਾਈ ਗਈ ਡ੍ਰਾਈ ਰਨ ਅੱਜ ਸਫਲਤਾਪੂਰਵਕ ਮੁਕੰਮਲ ਹੋ ਗਈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਡ੍ਰਾਈ ਰਨ ਨੂੰ ਸਫਲਤਾਪੂਰਵਕ ਜ਼ਿਲ੍ਹੇ ਵਿੱਚ 7 ਥਾਵਾਂ, ਜਿਸ ਵਿੱਚ ਸਿਵਲ ਹਸਪਤਾਲ ਲੁਧਿਆਣਾ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਇਲਾਵਾ ਸਬ ਡਵੀਜ਼ਨਾਂ ਵਿੱਚ ਰਾਏਕੋਟ, ਜਗਰਾਉਂ, ਮਾਛੀਵਾੜਾ, ਖੰਨਾ ਅਤੇ ਪਾਇਲ ਵਿਖੇ ਸਫਲਤਾਪੂਰਵਕ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਟ੍ਰਾਇਲ ਦੇ ਅਧਾਰ ’ਤੇ, ਹਰੇਕ ਸਥਾਨ ’ਤੇ 25 ਹੈਲਥਕੇਅਰ ਵਰਕਰਾਂ, ਜਿਨ੍ਹਾਂ ਨੇ ਸਰਕਾਰੀ ਪੋਰਟਲ ’ਤੇ ਆਪਣਾ ਨਾਮ ਦਰਜ ਕਰਵਾਇਆ ਸੀ, ਨੂੰ 7 ਸਥਾਨਾਂ ’ਤੇ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਲਈ, ਸੂਬੇ ਭਰ ਵਿੱਚੋ? 2 ਜ਼ਿਲ੍ਹਿਆਂ, ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਨੂੰ ਕੋਵਿਡ-19 ਵੈਕਸੀਨੇਸ਼ਨ ਦੇ ਡ੍ਰਾਈ ਰਨ ਲਈ ਚੁਣਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ-19 ਵੈਕਸੀਨੇਸ਼ਨ ਲਈ ਕੀਤੀ ਗਈ ਤਿਆਰੀ ਦੀ ਜਾਂਚ ਕਰਨਾ ਸੀ। ਉਨ੍ਹਾਂ ਕਿਹਾ ਕਿ ਡ੍ਰਾਈ ਰਨ ਕੋਵੀਡ-19 ਵੈਕਸੀਨੇਸ਼ਨ ਪ੍ਰਕਿਰਿਆ ਤਹਿਤ ਲਾਭਪਾਤਰੀਆਂ ਦੇ ਟੀਕਾਕਰਣ ਲਈ ਸਫਲਤਾਪੂਰਵਕ ਪਛਾਣ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਲੁਧਿਆਣਾ ਦੇ 30,000 ਤੋਂ ਵੱਧ ਸਿਹਤ ਕਰਮਚਾਰੀ (ਸਰਕਾਰੀ ਅਤੇ ਨਿੱਜੀ ਦੋਵੇਂ), ਜਿਨ੍ਹਾਂ ਨੇ ਸਰਕਾਰੀ ਪੋਰਟਲ ’ਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ, ਨੂੰ ਕੋਵਿਡ-19 ਵੈਕਸੀਨ ਦਿੱਤੀ ਜਾਵੇਗੀ। ਇਸ ਤੋਂ ਬਾਅਦ ਆਂਗਨਵਾੜੀ ਵਰਕਰ, 50 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ, ਬਿਮਾਰੀ ਤੋਂ ਪੀੜਤ 50 ਸਾਲ ਤੋਂ ਘੱਟ ਉਮਰ ਦੇ ਲੋਕ ਅਤੇ ਹੋਰ ਲੋਕ ਸ਼ਾਮਲ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੈਕਸੀਨ ਫਿਲਹਾਲ ਦੁਕਾਨਾਂ ਤੋਂ ਨਹੀਂ ਮਿਲੇਗਾ ਅਤੇ ਸਿਰਫ ਓਹੀ ਵਿਅਕਤੀ ਜ਼ਿਨ੍ਹਾਂ ਵੱਲੋਂ ਆਪਣੇ ਆਪ ਨੂੰ ਸਰਕਾਰੀ ਪੋਰਟਲ ’ਤੇ ਰਜਿਸਟਰਡ ਕਰਵਾਇਆ ਹੋਇਆ ਹੈ ਹੀ ਇਸ ਵੈਕਸੀਨ ਨੂੰ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਤੌਰ ’ਤੇ ਡਰਾਈ ਰਨ ਨੂੰ ਚਾਰ ਰਾਜਾਂ ਜਿਸ ਵਿੱਚ ਚਲਾਇਆ ਗਿਆ ਜਿਸ ਵਿੱਚ ਪੰਜਾਬ, ਆਂਧਰਾ ਪ੍ਰਦੇਸ਼, ਅਸਾਮ ਅਤੇ ਗੁਜਰਾਤ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਭਾਈਵਾਲ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯ.ਐਨ.ਡੀ.ਪੀ.) ਅਤੇ ਵਿਸ਼ਵ ਸਿਹਤ ਸੰਗਠਨ (ਡਬਲਯ.ੂ ਐਚ.ਓ.) ਇਸ ਡ੍ਰਾਈ ਰਨ ਵਿੱਚ ਸਹਿਯੋਗ ਕੀਤਾ। ਡ੍ਰਾਈ ਰਨ ਦੇ ਮੁਕੰਮਲ ਹੋਣ ਤੋਂ ਬਾਅਦ, ਡਿਪਟੀ ਕਮਿਸ਼ਨਰ ਵੱਲੋਂ ਸਥਾਨਕ ਬਚਤ ਭਵਨ ਵਿਖੇ ਵੀ ਇਸ ਸੰਬੰਧੀ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਥੇ ਉਨ੍ਹਾਂ ਜ਼ਿਲ੍ਹਾ ਲੁਧਿਆਣਾ ਵਿਚ ਕੋਵਿਡ-19 ਵੈਕਸੀਨ ਦੀ ਡ੍ਰਾਈ ਰਨ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਸਬੰਧਤ ਅਧਿਕਾਰੀਆਂ ਦਾ ਧੰਨਵਾਦ ਕੀਤਾ।