ਇਤਿਹਾਸਿਕ ਇਮਾਰਤਾਂ ਦੇ ਮਾਡਲਾਂ ਦਾ ਰਚੇਤਾ ਅਤੇ ਬਹੁ-ਪੱਖੀ ਕਲਾਕਾਰ – ਸੁਖਵਿੰਦਰ ਮੁਲਤਾਨੀਆਂ

30

December

2020

ਬਹੁਤ ਘੱਟ ਦੇਖਣ ਵਿਚ ਆਉਂਦਾ ਹੈ ਕਿ ਸਾਡੇ ਸਮਾਜ ਦੀ ਨੌਜਵਾਨ ਪ੍ਹੀੜੀ ਨੂੰ ਆਪਣੇ ਪੁਰਾਤਨ ਵਿਰਸੇ ਜਾਂ ਪੁਰਾਤਨ ਚੀਜ਼ਾਂ ਦਾ ਗਿਆਨ ਹੋਵੇ। ਹੁਣ ਤੋ ਪੰਜਾਹ ਸੱਠ ਸਾਲ ਪਹਿਲਾਂ ਦੀਆ ਘਰਾਂ ਵਿਚਲੀਆਂ ਵਰਤੋ ਵਿਚ ਆਉਣ ਵਾਲੀਆਂ ਚੀਜ਼ਾਂ ਹੁਣ ਦੀ ਨਵੀ ਨੌਜਵਾਨ ਪ੍ਹੀੜੀ ਨੇ ਨਹੀ ਦੇਖੀਆਂ। ਆਪਣੇ ਵਿਰਸੇ ਤੋ ਹਟ ਕੇ, ਵਿਦੇਸ਼ੀ ਚੀਜ਼ਾਂ ਅਤੇ ਖਾਣਿਆਂ ਵੱਲ ਰੁਚੀ ਹੋਣਾਂ ਜਾਂ ਨਸ਼ਿਆਂ ਦੇ ਰੁਝਾਨ ਨੇ ਸਾਡੇ ਨੌਜਵਾਨ ਤਬਕੇ ਨੂੰ ਕੁਰਾਹੇ ਪਾਇਆ ਹੋਂਣ ਕਰਕੇ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਏ। ਅਜਿਹੇ ਮਾਹੌਲ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੌੜਨ ਦਾ ਕੰਮ ਕੁਝ ਕੁ ਸੰਵੇਦਨਸ਼ੀਲ, ਕਲਾਕਾਰ ਕਿਸਮ ਦੇ ਬੰਦੇ ਸੁਤੇ ਸਿੱਧ ਕਰ ਰਹੇ ਹਨ ਭਾਵੇ ਕਿ ਉਹ ਸੁਚੇਤ ਤੌਰ ਤੇ ਆਪਣੇ ਹੀ ਮਨ ਦੀ ਖੁਸ਼ੀ ਲਈ ਕਰ ਰਹੇ ਹੋਂਣ ਪਰ ਹੁਣ ਦੇ ਨੌਜਵਾਨ ਮੁੰਡੇ-ਕੁੜੀਆਂ ਪ੍ਰਤੱਖ ਰੂਪ ਵਿੱਚ ਪੁਰਾਤਨ ਚੀਜ਼ਾਂ ਅਤੇ ਕਲਾਕ੍ਰਿਤਾਂ ਨੂੰ ਦੇਖ ਕੇ ਆਪਣੇ ਵਿਰਸੇ ਨਾਲ ਜੁੜ ਸਕਦੇ ਹਨ ਅਜਿਹੇ ਨਿਵੇਕਲੇ ਤੇ ਵਿਰਲੇ ਬੰਦਿਆਂ ਵਿੱਚੋਂ ਮੈਂ ਅੱਜ ਤੁਹਾਡਾ ਤੁਆਰੁਫ ਇੱਕ ਬਹੁ-ਪੱਖੀ ਕਲਾਕਾਰ ਨਾਲ ਕਰਵਾ ਰਿਹਾ ਹਾਂ ਜਿਸਦਾ ਨਾਮ ਸੁਖਵਿੰਦਰ ਸਿੰਘ ਹੈ। ਬਠਿੰਡਾ ਸ਼ਹਿਰ ਦੇ ਬਿਲਕੁਲ ਨਾਲ ਮੁਲਤਾਨੀਆਂ ਪਿੰਡ ਵਿੱਚ ਰਹਿਣ ਵਾਲੇ ਇਸ ਕਲਾਕਾਰ ਦਾ ਰੋਜ਼ੀ ਰੋਟੀ ਦਾ ਸਾਧਨ ਭਾਵੇਂ ਸਿਖਿੱਆ ਵਿਭਾਗ ਵਿੱਚ ਸਕੂਲ ਅਧਿਆਪਿਕ ਦਾ ਹੈ ਪਰ ਨੌਕਰੀ ਤੋਂ ਬਾਦ ਬਾਕੀ ਦਾ ਸਾਰਾ ਸਮਾ ਕਲਾਕ੍ਰਿਤਾਂ ਨੂੰ ਰੂਪਮਾਨ ਕਰਨ ਵਿਚ ਲਾ ਦਿੰਦਾ ਹੈ। ਇਹ ਸਾਧਨਾਂ ਉਹ ਆਪਣੀ ਲਗਨ ਅਤੇ ਬਿਨਾਂ ਕਿਸੇ ਲਾਲਚ ਜਾਂ ਕਮਾਈ ਤੋਂ ਸਿਰਫ ਆਪਣੀ ਮਨ ਦੀ ਖੁਸ਼ੀ ਲਈ ਕਰ ਰਿਹਾ ਹੈ। ਫੇਰ ਛੇਵੀਂ ਜਮਾਤ ਵਿੱਚ ਆਉਣ ਸਾਰ ਮਾ: ਸੁਰਿੰਦਰ ਸਿੰਘ ਨੇ ਰੰਗਾਂ ਤੇ ਬੁਰਸ਼ ਨਾਲ, ਸਕੂਲ ਵਿੱਚ ਕਲਾਸਾਂ ਤੇ ਨੰਬਰ ਤੇ ਦਾਨੀ ਪੁਰਸ਼ਾਂ ਦੇ ਨਾਂਮ ਲਿਖਵਾਏ ਜਿਸ ਕਰਕੇ ਲਿਖਣ ਦਾ ਹੁਨਰ ਸਿੱਖਿਆ ਤੇ ਬਾਕੀ ਦਾ ਸਾਰਾ ਕੰਮ ਖੁਦ ਹੀ ਆਪਣੀ ਲਗਨ ਸਦਕਾ ਸਿੱਖ ਲਿਆ। ਘਰ ਵਿੱਚ ਵੱਡਾ ਭਰਾ ਪੇਟਿਂਗ ਤੇ ਕੰਮ ਦਾ ਮਾਹਰ ਹੋਂਣ ਕਰਕੇ ਪੇਂਟਿਂਗ ਤੇ ਤਸਵੀਰਾਂ ਬਣਾਉਣ ਦਾ ਕੰਮ ਦੇਖ-ਦੇਖ ਕੇ ਹੀ ਸਿੱਖ ਲਿਆ। ਸੁਖਵਿੰਦਰ ਸਿੰਘ ਨੇ ਹੁਣ ਤੱਕ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਪੇਂਟਿਂਗ ਬਣਾਈਆ ਹਨ ਅਤੇ ਬਠਿੰਡਾ ਸ਼ਹਿਰ ਦੀਆ ਵਿਰਾਸਤੀ ਥਾਵਾਂ ਦੀਆ ਤਸਵੀਰਾਂ ਜਿਵੇਂ- ਬਠਿੰਡੇ ਦਾ ਕਿਲ੍ਹਾ, ਬਿਜਲੀ ਤਾਪ ਘਰ ਦੀਆਂ ਤਸਵੀਰਾਂ ਵੀ ਬਣਾ ਲਈਆਂ ਹਨ। 2001 ਵਿੱਚ ਵਿਆਹ ਹੋਂਣ ਤੋਂ ਬਾਦ ਘਰ ਵਿੱਚ ਸ਼ਟਰਿੰਗ ਤੇ ਲੱਕੜ ਦਾ ਪਿਤਾ ਦਾ ਕਾਰੋਬਾਰ ਹੋਂਣ ਕਰਕੇ ਆਪਣੇ ਪਿਤਾ ਨਾਲ ਉਸ ਕੰਮ ਵਿੱਚ ਸਹਿਯੋਗ ਦੇਣ ਦੇ ਨਾਲ ਨਾਲ ਆਪਣੀ ਸੁਪਤਨੀ ਬਲਵਿੰਦਰ ਕੋਰ ਨਾਲ ਮਿਲ ਕੇ ਘਰ ਸਜਾਉਂਣ ਦੀ ਇੱਛਾ ਨਾਲ ਗਮਲੇ ਬਣਾਏ ਤੇ ਵੱਖ-ਵੱਖ ਡਿਜ਼ਾਇਨ ਦੇ ਗਮਲੇ ਬਣਾ ਕੇ ਘਰ ਨੂੰ ਸਜਾਇਆ। ਸੁਖਵਿੰਦਰ ਸਿੰਘ ਨੂੰ ਗਮਲੇ ਬਣਾਉਂਦਿਆਂ ਬਠਿੰਡਾ ਦੇ ਕਿਲ੍ਹੇ ਦਾ ਮਾਡਲ ਬਨਾਉਣ ਦਾ ਫੁਰਨਾ ਫੁਰਿਆ ਤੇ ਮਾਡਲ ਬਨਾਉਣਾਂ ਸ਼ੁਰੂ ਕਰ ਦਿੱਤਾ ਅਣਥੱਕ ਮਿਹਨਤ ਨਾਲ ਚਾਰ ਮਹੀਨਿਆਂ ਵਿਚ ਪੂਰਾ ਹੋਇਆ। ਕਿਲ੍ਹੇ ਦਾ ਮਾਡਲ ਬਨਾਉਣ ਲਈ ਸੋਚਣ ਵਿੱਚ ਅਤੇ ਕਿਲੇ ਦੀ ਸਾਰੀ ਇਮਾਰਤ ਦਾ ਅੰਦਰੋ ਬਾਹਰੋਂ, ਚਾਰ ਚੁਫੇਰਿਓਂ ਬਰੀਕੀ ਨਾਲ ਅਧਿਐਨ ਕਰਨ ਵਿੱਚ ਦਸ ਸਾਲ ਦਾ ਸਮਾਂ ਲੱਗ ਗਿਆ ਫਿਰ 2014 ਵਿੱਚ ਜਦੋਂ ਸ਼ੁਰੂ ਕੀਤਾ ਤਾਂ ਹਰ ਰੋਜ 15-15 ਘੰਟੇ ਲਗਾਤਾਰ ਕੰਮ ਕੀਤਾ। ਚਾਰ ਮਹੀਨਿਆਂ ਵਿੱਚ ਲਾਖ ਅਤੇ ਐਮ ਸੀਲ ਨਾਲ ਕਿਲ੍ਹੇ ਦਾ ਮਾਡਲ ਤਿਆਰ ਹੋ ਗਿਆ ਜੋ ਅੱਜ ਤੱਕ ਇਸ ਕਿਲ੍ਹੇ ਦਾ ਮਾਡਲ ਹੋਰ ਕਿਸੇ ਨੇ ਨਹੀ ਬਣਾਇਆ। ਇਸ ਤੋਂ ਇਲਾਵਾ ਉਹ ਇੱਕ ਤੋਪ ਦਾ ਮਾਡਲ ਵੀ ਬਣਾ ਰਿਹਾ ਹੈ। ਸੁਖਵਿੰਦਰ ਸਿੰਘ ਨੇ ਲੱਕੜ ਦੀ ਨਕਾਸ਼ੀ ਕਰਕੇ ਵੀ ਕਈ ਪੰਛੀਆਂ ਦੇ ਮਾਡਲ ਤਿਆਰ ਕੀਤੇ ਹਨ ਜਿਹਨਾਂ ਵਿਚੋ ਉਹਨਾਂ ਦੀ ਸ਼ਰੀਰਕ ਲੈਅ ਬਿਲਕੁਲ ਉਵੇਂ ਜਿਵੇਂ ਪ੍ਰਤੀਤ ਹੁੰਦੀ ਹੈ। ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਰਾਣੀਆਂ ਵਸਤਾਂ ਜਿਵੇਂ- ਲੈਂਪ, ਲਾਲਟੈਨ, ਜੱਗ, ਕੇਤਲੀਆਂ, ਸੁਰਾਹੀਆਂ, ਗਾਗਰਾਂ ਅਤੇ ਆਪਣੇ ਹੱਥਾਂ ਦੇ ਬਣੇ ਖੁੰਡੇ ਇੱਕਠੇ ਕਰਕੇ ਰੱਖੇ ਹੋਏ ਹਨ। ਪੈਰਿਸ ਦਾ ਟਾਵਰ, ਹਰਮੰਦਿਰ ਸਾਹਿਬ ਅਤੇ ਤਾਜ ਮਹਿਲ ਦੇ ਖੂਬਸੂਰਤ ਮਾਡਲ ਬਣਾ ਕੇ ਘਰ ਵਿੱਚ ਰੱਖੇ ਹੋਏ ਹਨ। ਇਹ ਸਾਰਾ ਸਾਮਾਨ ਰੱਖਣ, ਸੰਭਾਲਣ ਲਈ ਘਰ ਦੇ ਦੋ ਕਮਰੇ ਇਹਨਾਂ ਵਿਰਾਸਤੀ ਚੀਜਾਂ ਲਈ ਹੀ ਸਮਰਪਿਤ ਕੀਤੇ ਹੋਏ ਹਨ। ਇਹਨਾਂ ਸਾਰੀਆਂ ਚੀਜਾਂ ਨੂੰ ਲੱਭ ਕੇ ਇਕੱਠੀਆਂ ਕਰਨ ਅਤੇ ਤਿਆਰ ਕਰਨ ਵਿੱਚ ਸੁਖਵਿੰਦਰ ਸਿੰਘ ਦੀ ਸੁਪਤਨੀ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਸੁਖਵਿੰਦਰ ਸਿੰਘ ਸਕੂਲਾਂ ਵਿੱਚ, ਬੱਚਿਆਂ ਦੀ ਹਾਜ਼ਰੀ ਵਿੱਚ ਵੀ ਮਾਡਲ ਤਿਆਰ ਕਰਦਾ ਹੈ ਅਤੇ ਸਾਇੰਸ ਮੇਲਿਆਂ ਵਿੱਚ ਇਹਨਾਂ ਦੀ ਪਰਦਰਸ਼ਨੀ ਲਾਈ ਜਾਂਦੀ ਹੈ। ਵਿਰਾਸਤੀ ਮੇਲੇ ਵਿਚ ਅਤੇ ਘਰ ਆ ਕੇ ਬਹੁਤ ਲੋਕਾਂ ਨੇ ਸੁਖਵਿੰਦਰ ਸਿੰਘ ਦੇ ਕੰਮ ਅਤੇ ਕਲਾ ਦੀ ਸ਼ਲਾਘਾ ਕੀਤੀ ਹੈ। ਸੁਖਵਿੰਦਰ ਸਿੰਘ ਵਰਗੇ ਕਲਾਕਾਰ ਸੁਤੇ ਸਿੱਧ ਸਾਨੂੰ ਆਪਣੇ ਪਿਛੋਕੜ ਅਤੇ ਵਿਰਸੇ ਨਾਲ ਜੋੜੀ ਰਖਦੇ ਹਨ। ਉਹ ਆਪਣੇ ਮਨ ਦੀ ਖੁਸ਼ੀ ਤਾਂ ਤਲਾਸ਼ਦੇ ਹਨ ਨਾਲੋ ਨਾਲ ਸਾਡੇ ਗਿਆਨ ਵਿੱਚ ਵੀ ਵਾਧਾ ਕਰਦੇ ਹਨ। ਅਜਿਹੇ ਵਿਰਲੇ ਬੰਦੇ ਹੀ ਹੁੰਦੇ ਹਨ ਜੋ ਨਿਰਲੇਪ ਰਹਿ ਕੇ ਆਪਣੀ ਮਿਹਨਤ ਅਤੇ ਲਗਨ ਨਾਲ ਸਾਡੇ ਵਿਰਸੇ ਦੀ ਸੰਭਾਲ ਕਰਦੇ ਹਨ। ਸਮੇਂ ਦੀਆਂ ਸਰਕਾਰਾਂ, ਸਭਿਆਚਾਰਕ ਸੰਸਥਾਵਾਂ ਅਤੇ ਹੋਰ ਕਲੱਬਾਂ ਤੇ ਨੁਮਾਂਇਦਿਆਂ ਨੂੰ ਚਾਹੀਦਾ ਹੈ ਕਿ ਅਜਿਹੇ ਕਲਾਤਮਿਕ ਰੁਚੀ ਦੇ ਬੰਦਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇ ਅਤੇ ਆਰਥਿਕ ਸਹਾਇਤਾ ਕਰਕੇ ਇਹਨਾਂ ਦਾ ਮਾਣ ਵਧਾਇਆ ਜਾਵੇ। ਸੁਖਵਿੰਦਰ ਸਿੰਘ ਵੀ ਇਸ ਮਾਂਣ ਸਤਿਕਾਰ ਦਾ ਪੂਰਾ ਪੂਰਾ ਹੱਕਦਾਰ ਐ। ਮਨਜੀਤ ਸਿੰਘ ਜੀਤ ਸੰਪਰਕ: 95016-15511