ਕਿਸਾਨ ਸੰਘਰਸ਼ ਵਿੱਚ ਰਾਜਨੀਤਿਕ ਪਾਰਟੀਆਂ ਫੇਲ੍ਹ

30

December

2020

ਖੇਤੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਵੱਖ-ਵੱਖ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਹੁਣ ਕੇਂਦਰ ਸਰਕਾਰ ਨਾਲ ਆਰ-ਪਾਰ ਦੀ ਲੜਾਈ ਕਰਨ ਲਈ ਤਿਆਰ ਹਨ। ਬੇਸ਼ਕ ਇਸ ਸੰਘਰਸ਼ ਨੂੰ ਲੜਦੇ- ਲੜਦੇ ਪੰਜਾਬ ਦੇ 40 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਦਿੱਲੀ ਵੱਲ ਕੂਚ ਕਰਨ ਦਾ ਸਿਲਸਿਲਾ ਕਿਸਾਨਾਂ ਦਾ ਹਲੇ ਵੀ ਜਾਰੀ ਹੈ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਰਾਜਨੀਤਿਕ ਪਾਰਟੀਆਂ ਵੀ ਫੇਲ੍ਹ ਹੋ ਗਈਆਂ ਕਿਉਂਕਿ ਕਿਸਾਨਾਂ ਨੇ ਇਸ ਸੰਘਰਸ਼ ਨੂੰ ਕਿਸੇ ਰਾਜਨੀਤਕ ਪਾਰਟੀ ਦੀ ਅਗਵਾਈ ਵਿਚ ਨਹੀਂ ਲੜਿਆ। ਦੇਖਿਆ ਜਾਵੇ ਤਾਂ ਕਿਸਾਨਾਂ ਨੂੰ ਇਸ ਸਮੇ ਕਿਸੀ ਪਾਰਟੀ ’ਤੇ ਭਰੋਸਾ ਨਹੀਂ ਹੈ ਭਾਵੇਂ ਵੱਖ-ਵੱਖ ਪਾਰਟੀਆਂ ਕਿਸਾਨਾਂ ਦੀ ਹਮਾਇਤ ਕਰਨ ਦੇ ਦਾਅਵੇ ਕਰ ਰਹੀਆਂ ਹਨ ਪਰ ਕਿਸਾਨ ਨੇ ਇਸ ਸੰਘਰਸ਼ ਨੂੰ ਖੁਦ ਹੀ ਲੜਨ ਦਾ ਫ਼ੈਸਲਾ ਕੀਤਾ ਹੈ। ਇੱਥੇ ਤੱਕ ਕਿ ਜੋ ਗੋਦੀ ਮੀਡੀਆ ਵੀ ਕਿਸਾਨਾਂ ਦੇ ਵਿਰੋਧ ਵਿੱਚ ਖ਼ਬਰਾਂ ਲਾਉਂਦੇ ਹਨ ਉਸ ਨਾਲ ਵੀ ਕਿਸਾਨਾਂ ਨੇ ਡਟ ਕਿ ਮੁਕਾਬਲਾ ਕੀਤਾ ਅਤੇ ਗੋਦੀ ਮੀਡੀਆ ਦਾ ਬਾਈਕਾਟ ਕੀਤਾ। ਇਹ ਵੀ ਲਿਖਣਾ ਗ਼ਲਤ ਨਹੀਂ ਕਿ ਜੇਕਰ ਮੋਦੀ ਸਰਕਾਰ ਇਹ ਖੇਤੀ ਕਾਨੂੰਨ ਬਿਲ ਨੂੰ ਵਾਪਿਸ ਲੈਂਦੀ ਹੈ ਤਾਂ ਵੀ ਇਹ ਕਿਸਾਨਾਂ ਦੀ ਜਿੱਤ ਹੋਵੇਗੀ। ਕਿਉਂਕਿ ਇਸ ਕੜਾਕੇ ਦੀ ਠੰਢ ਵਿੱਚ ਕੋਈ ਵੱਡਾ ਨੇਤਾ ਭਾਵੇਂ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣ ਕੋਈ ਵੀ ਨੇਤਾ ਇਸ ਕੜਾਕੇਦਾਰ ਠੰਡ ਵਿੱਚ ਇਨ੍ਹਾਂ ਕਿਸਾਨਾਂ ਦਾ ਸਾਥ ਦੇਣ ਨਹੀਂ ਆਇਆ। ਇਹ ਰਾਜਨੀਤਿਕ ਨੇਤਾ ਕੇਵਲ ਵੱਡੇ -ਵੱਡੇ ਬਿਆਨ ਦੇ ਕੇ ਹੀ ਇਨ੍ਹਾਂ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ। ਕਿਸਾਨ ਸੰਘਰਸ਼ ਵਿਚ ਹਾਲੇ ਵੀ ਕਈ ਬੀਜੇਪੀ ਨੇਤਾ ਕਿਸਾਨਾਂ ਦੇ ਹੱਕ ਵਿਚ ਨਾ ਬੋਲ ਕੇਵਲ ਆਪਣੇ ਸੀਨੀਅਰ ਨੇਤਾ ਦੀ ਚਮਚਾਗਿਰੀ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਇੱਥੇ ਤੱਕ ਕਿ ਇਕ ਨੇਤਾ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਮੈਂ ਮੋਦੀ ਲਈ ਗੋਲੀ ਖਾਣ ਨੂੰ ਤਿਆਰ ਹਾਂ। ਇਸ ਸੰਘਰਸ਼ ਵਿੱਚ ਜਿੱਥੇ ਕਿਸਾਨਾਂ ਨੇ ਆਪਣੀ ਨੱਬੇ ਪ੍ਰਤੀਸ਼ਤ ਜਿੱਤ ਹਾਸਲ ਕਰ ਲਈ ਹੈ ਉਥੇ ਹੀ ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕ ਮੋਬਾਇਲ ਟਾਵਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਪੰਜਾਬ ਵਿੱਚ ਕਰੀਬ ਦੋ ਹਜ਼ਾਰ ਟਾਵਰਾਂ ਨੂੰ ਨੁਕਸਾਨ ਹੋਇਆ ਹੈ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ’ਤੇ ਵੀ ਅਸਰ ਹੋਇਆ ਹੈ। ਕਿਸਾਨਾਂ ਦਾ ਇਹ ਸੰਘਰਸ਼ ਹੁਣ ਕਾਮਯਾਬ ਰਿਹਾ ਇਸ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਇਹ ਸੰਘਰਸ਼ ਸ਼ਾਂਤੀਪੂਰਨ ਰਿਹਾ। ਹੁਣ ਇਸ ਲਈ ਕਿਸਾਨ ਜਥੇਬੰਦੀਆਂ ਨੂੰ ਮੋਬਾਇਲ ਟਾਵਰਾਂ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਕਈ ਚੰਗੇ ਨਵੇਂ ਲੀਡਰ ਮਿਲ ਸਕਦੇ ਹਨ। ਕਿਸਾਨ ਸੰਘਰਸ਼ ਵਿਚ ਆਪਣਾ ਯੋਗਦਾਨ ਪਾ ਰਹੇ ਕਈ ਬੁਲਾਰੇ ਅੰਦੋਲਨ ਵਿੱਚ ਚੰਗਾ ਰੋਲ ਨਿਭਾ ਰਹੇ ਹਨ। ਜੋ ਰੋਲ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੂੰ ਨਿਭਾਉਣੇ ਚਾਹੀਦੇ ਸਨ ਉਹ ਇੱਕ ਆਮ ਆਦਮੀ ਜਿਸ ਵਿਚ ਕਈ ਕਿਸਾਨ ਵੀ ਨਹੀਂ ਹਨ। ਕਈ ਕਲਾਕਾਰ ਇਸ ਸੰਘਰਸ਼ ਵਿੱਚ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਹਨ ਜੋ ਸਹੀ ਰੂਪ ਵਿਚ ਕਿਸਾਨੀ ਰੋਲ ਨਿਭਾ ਰਹੇ ਹਨ ਪਰ ਦੇਖਿਆ ਜਾਵੇ ਤਾਂ ਰਾਜਨੇਤਾ ਕੇਵਲ ਆਪਣੀਆਂ ਰੋਟੀਆਂ ਸੇਕ ਰਹੇ ਹਨ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਦਿਲੀ ਦੇ ਸੀਐਮ ਅਰਵਿੰਦ ਕੇਜਰੀਵਾਲ , ਐਮਪੀ ਭਗਵੰਤ ਮਾਨ, ਐਮਪੀ ਸੁਖਬੀਰ ਬਾਦਲ, ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਵਰਗੇ ਵੱਡੇ ਲੀਡਰ ਕਿਸਾਨਾਂ ਲਈ ਮੋਦੀ ਸਰਕਾਰ ਨੂੰ ਪਰਸਨਲ ਨਹੀਂ ਮਿਲ ਸਕਦੇ ? ਕੀ ਪੀਐਮ ਮੋਦੀ ਨੂੰ ਇਹ ਨਹੀਂ ਕਹਿ ਸਕਦੇ ਕਿ ਕਿਸਾਨ ਵਿਰੋਧੀ ਬਿਲ ਰੱਦ ਹੋਣ ? ਰੋਜ਼ਾਨਾ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦੇ ਬਿਆਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਨੇਤਾ ਇੱਕ ਦੂਜੇ ਖ਼ਿਲਾਫ਼ ਕੇਵਲ ਸ਼ਬਦੀ ਵਾਰ ਕਰਦੇ ਹਨ। ਕੋਈ ਕਹਿੰਦਾ ਹੈ ਕੇਜਰੀਵਾਲ ਡਰਾਮੇ ਕਰਦਾ ਹੈ... ਕੋਈ ਕਹਿੰਦਾ ਹੈ ਕੈਪਟਨ ਨੇ ਬੇਟੇ ਦਾ ਈਡੀ ਕੇਸ ਬੰਦ ਕਰਾਉਣ ਲਈ ਵੇਚ ਦਿੱਤਾ ਕਿਸਾਨੀ ਅੰਦੋਲਨ... ਅਸਲੀ ਟੁਕੜੇ ਟੁਕੜੇ ਗੈਂਗ ਬੀਜੇਪੀ..... ਤੇ ਕੋਈ ਕਹਿੰਦਾ ਇਹ ਦੋਨੋਂ ਪਾਰਟੀਆਂ ਇਕੋ ਥਾਲੀ ਦੇ ਚੱਟੇ ਵੱਟੇ...... ਇਸ ਲਈ ਮੇਰਾ ਮੰਨਣਾ ਹੈ ਕਿ ਇਹ ਸੰਘਰਸ਼ ਕੇਵਲ ਕਿਸਾਨਾਂ ਦਾ ਹੈ ਜੇਕਰ ਕਿਸਾਨ ਇਸ ਅੰਦੋਲਨ ਵਿੱਚ ਜਿੱਤ ਪ੍ਰਾਪਤ ਕਰਦੇ ਹਨ ਤਾਂ ਇਹ ਕਿਸਾਨਾਂ ਦੀ ਹੀ ਜਿੱਤ ਹੋਵੇਗੀ ਕਰੈਡਿਟ ਲੈਣ ਦਾ ਦਾਅਵਾ ਹਰ ਪਾਰਟੀ ਕਰੇਗੀ ਪਰ ਅਸਲੀ ਜਿੱਤ ਕਿਸਾਨਾਂ ਦੀ ਹੀ ਹੋਵੇਗੀ। ਕਿਸਾਨ ਏਕਤਾ ਜਿੰਦਾਬਾਦ J ਅੰਕੁਰ ਤਾਂਗੜੀ (ਪੱਤਰਕਾਰ ਅਤੇ ਲੇਖਕ) 9780216988