ਕਿਸਾਨੀ ਸੰਘਰਸ਼ ਅਤੇ ਸਮਾਜਿਕ ਸਰੋਕਾਰ

30

December

2020

ਬਹੁਤ ਦਿਨਾਂ ਤੋਂ ਮਨ ਵਿੱਚ ਬਹੁਤ ਉਤਰਾਅ ਚੜ੍ਹਾ ਵਾਲਾ ਆਲਮ ਸੀ ਤੇ ਬਹੁਤ ਸਾਰੇ ਸਵਾਲ ਆਪ ਮੁਹਾਰੇ ਹੀ ਜ਼ਿਹਨ ਦੇ ਕਿਸੇ ਕੋਨੇਂ ’ਚੋਂ ਉੱਠਦੇ ਤੇ ਦੂਸਰੇ ਕੋਨੇਂ ’ਚ ਜਾ ਸਮਾਉਂਦੇ। ਕਦੇ ਸਵਾਲ ਉੱਠਦਾ ਕਿ ਆਖਰ ਸਰਕਾਰ (ਹਕੂਮਤ) ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਨੂੰ ਉਕਾ ਹੀ ਅਣਗੌਲਿਆ ਕਿਓ ਕਰ ਰਹੀ ..? ਜਵਾਬ ਮਿਲਦਾ ਕਿ ਹਕੂਮਤਾਂ ਤਾਂ ਹੁੰਦੀਆਂ ਹੀ ਇਹੋ ਜਿਹੀਆਂ ਨੇ, ਹਉਮੈ ਨਾਲ ਭਰਪੂਰ , ਲੋਕਾਂ ਨੂੰ ਕੀੜੇ ਮਕੌੜੇ ਤੇ ਅਕਲ ਤੋਂ ਸੱਖਣੇ ਸਮਝਣ ਵਾਲੀਆਂ। ਕਦੇ ਸਵਾਲ ਸਿਰ ਚੁੱਕਦਾ ਕਿ ਇਹ ਤਾਂ ਲੋਕਤੰਤਰ ਹੈ, ਲੋਕਾਂ ਦਾ ਰਾਜ ਫਿਰ ਇੱਕ ਚੁਣੀ ਹੋਈ ਸਰਕਾਰ ਲੋਕਾਂ ਨਾਲ ਕਿਵੇਂ ਇਸ ਤਰ੍ਹਾਂ ਦਾ ਵਿਹਾਰ ਕਰ ਸਕਦੀ ਹੈ ..? ਅਜੀਬ ਜਿਹਾ ਜਵਾਬ ਅਹੁੜਦਾ ਕਿ ਕੀ ਸਰਕਾਰ ਸਾਨੂੰ ‘‘ਲੋਕ’’ ਸਮਝਦੀ ਵੀ ਹੈ ਜਾਂ ਅਸੀਂ ਲੋਕ ਹਾਂ ਵੀ? ਕਿਓਂਕਿ ਅਕਸਰ ਚੋਣਾਂ ਵੇਲੇ ਅਸੀਂ ਕਦੇ ਸਿਰਫ ਹਿੰਦੂ, ਕਦੇ ਮੁਸਲਮਾਨ, ਕਦੇ ਸਿੱਖ, ਕਦੇ ਈਸਾਈ, ਕਦੇ ਜੱਟ , ਕਦੇ ਦਲਿੱਤ, ਕਦੇ ਓਹ ਡੇਰੇ ਦੇ ਅਨੁਯਾਈ ਤੇ ਕਦੇ ਇਹ ਡੇਰੇ ਦੇ ਅਨੁਯਾਈ ਹੁੰਦੇ ਹਾਂ ਪਰ ਅਸੀਂ ‘‘ਲੋਕ’’ ਨਹੀਂ ਹੁੰਦੇ ਤੇ ਜੇਕਰ ਲੋਕ ਹੀ ਨਹੀਂ ਤਾਂ ਲੋਕਤੰਤਰ ਕਾਹਦਾ ਫਿਰ ਤੰਤਰ ਤਾਂ ਕੁਰਸੀਆਂ ’ਤੇ ਬੈਠੇ ਮੁੱਠੀ ਭਰ ਸਿਰਾਂ ਦਾ ਹੋਇਆ ਉਹ ਜੋ ਮਰਜੀ ਕਰਨ। ਅੱਜ ਉਹ ਕੁਝ ਹੀ ਉਹ ਕਰ ਰਹੇ ਹਨ ਜੋ ਅਕਸਰ ਹਕੂਮਤਾਂ ਕਰਦੀਆਂ ਹੁੰਦੀਆਂ ਨੇ। ਹਕੂਮਤ ਵੱਲੋਂ ਆਪਣੀ ਫਰੇਬੀ ਜ਼ਹਿਨੀਅਤ ਦਾ ਵਿਖਾਵਾ ਕਰਦਿਆਂ ਲੋਕਾਈ ਵਿੱਚ ਤਰ੍ਹਾਂ ਤਰ੍ਹਾਂ ਦੇ ਝੂਠ ਫੈਲਾਏ ਜਾ ਰਹੇ ਹਨ ਤੇ ਇਸ ਕੂੜ- ਪ੍ਰਚਾਰ ਨੂੰ ਫੈਲਾਉਣ ਵਿੱਚ ਗੋਦੀ ਮੀਡੀਆ ਵੀ ਆਪਣਾ ਰੋਲ ਬਾਖੂਬੀ ਨਿਭਾਅ ਰਿਹਾ ਏ। ਕਦੇ ਕਿਸਾਨਾਂ ਨੂੰ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ ਨਕਸਲੀ, ਕਦੇ ਤਮਾਸ਼ਬੀਨ, ਬਣਾਕੇ ਪੇਸ਼ ਕੀਤਾ ਜਾ ਰਿਹੈ। ਕਮਾਲ ਦੀ ਬੇਸ਼ਰਮੀ ਤਾਂ ਇਹ ਹੈ ਕਿ ਜਿਹੜੇ ਮੁੱਠੀ ਭਰ ਸਿਰ ਲੋਕਾਈ ਨੂੰ ਭਰਮਜਾਲ ਵਿੱਚ ਫਸਾ ਰਹੇ ਨੇ ਉਹ ਹੀ ਸਾਡੇ ਸੂਝਵਾਨ ਕਿਸਾਨਾਂ ਤੇ ਕਿਸਾਨ ਨੇਤਾਵਾਂ ਉੱਤੇ ਦੋਸ਼ ਲਗਾ ਰਹੇ ਨੇ ਕਿ ਇਹ ਅੰਦੋਲਨ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਆਯੋਜਿਤ ਕੀਤਾ ਜਾ ਰਿਹੈ ਤੇ ਕਿਸਾਨ ਭ੍ਰਮਤ ਹੋ ਰਹੇ ਹਨ। ਵਾਹ ਨੀ ਸਰਕਾਰੇ ਵਾਹ, ‘‘ਆਪੇ ਰੋਗ ਲਾਉਣੇ, ਆਪੇ ਦੇਣੀਆਂ ਦੁਆਵਾਂ’’ ... ਫਿਰ ਅਸਲੋਂ ਹੀ ਨਿਆਰਾ ਸਵਾਲ ਮਨ ਮਸਤਕ ’ਚ ਵਜਦਾ ਏ ਕਿ ਜੇਕਰ ਸਰਕਾਰਾਂ ਹੁੰਦੀਆਂ ਹੀ ਇਹੋ ਜਿਹੀਆਂ ਨੇਂ ਜੋ ਨਿਰੀ ਕੂੜ ਦੀ ਸਿਆਸਤ ਕਰਦੀਆਂ ਨੇ, ਆਪਣੇ ਹੀ ਲੋਕਾਂ ਨਾਲ ਸ਼ਰੀਕਾਂ ਵਾਲਾ ਵਤੀਰਾ ਰੱਖਦੀਆਂ ਨੇ, ਆਪਣੇ ਹੀ ਲੋਕਾਂ ਤੇ ਤਸ਼ੱਦਦ ਕਰਦੀਆਂ ਨੇ, ਓਹਨਾਂ ਨੂੰ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਉਹਨਾਂ ਦੀ ਹਾਲਤ ਰੀਂਘਣ ਵਾਲੇ ਕੀੜਿਆਂ ਵਰਗੀ ਕਰਨ ਤੇ ਤੁਲੀਆਂ ਹੋਈਆਂ ਨੇ ਤੇ ਆਪਣੀ ਇਸ ਸਮੁੱਚੀ ਕਵਾਇਦ ਨੂੰ ਜਾਇਜ਼ ਠਹਿਰਾਉਣ ਲਈ ਅੱਤ ਦਰਜੇ ਦਾ ਘਟੀਆ ਤੇ ਬੇਸ਼ਰਮੀ ਭਰਿਆ ਝੂਠ ਸ਼ਰੇਆਮ ਬੋਲ ਰਹੀਆਂ ਨੇ ਤਾਂ ਫਿਰ ਸਾਡੇ ਇਸ ਮਾਣਮੱਤੇ ਕਿਸਾਨ ਅੰਦੋਲਨ ਨੂੰ, ਇਸਦੇ ਨੇਤਾਵਾਂ ਨੂੰ ਤੇ ਇਸ ’ਚ ਸ਼ਾਮਲ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ, ਵਪਾਰੀਆਂ, ਦੁਕਾਨਦਾਰਾਂ, ਨੌਜਵਾਨ ਮੁੰਡੇ ਕੁੜੀਆਂ, ਬਜ਼ੁਰਗਾਂ, ਮਾਈਆਂ ਨੂੰ ਕਿਸ ਚੀਜ਼ ਦਾ ਆਸਰਾ ਏ, ਕਿਵੇਂ ਉਹ ਏਨੇ ਅਡੋਲ ਤੇ ਨਿਧੜਕ ਹੋ ਕੇ ਇਸ ਮੋਰਚੇ ਉੱਤੇ ਡਟੇ ਹੋਏ ਨੇ, ਅਜਿਹੀ ਕਿਹੜੀ ਸ਼ਕਤੀ ਹੈ ਜੋ ਇਹਨਾਂ ਯੋਧਿਆਂ ਨੂੰ ਏਨਾ ਸਹਿਜ ਤੇ ਸਿਰੜ ਬਖਸ਼ ਰਹੀ ਏ ..? ਅੰਦਰੋਂ ਇੱਕ ਦਮ ਸਪੱਸ਼ਟ ਜਵਾਬ ਮਿਲਿਆ ‘‘ਸੱਚ ਦੀ ਸ਼ਕਤੀ,’’ ਇਹ ਸ਼ਕਤੀ ਇਹਨਾਂ ਨੂੰ ਮਿਲੀ ਕਿੱਥੋਂ? ਜਵਾਬਾਂ ਦੀ ਇਕ ਲੜੀ ਜਿਹੀ ਚਲ ਪਈ ਜਿਸਦਾ ਨਿਚੋੜ ਸੀ ‘‘ਸਾਡੀ ਵਿਰਾਸਤ ’ਚੋਂ।’’ ਉਹ ਵਿਰਾਸਤ ਜਿਹੜੀ ਬਾਬਾ ਨਾਨਕ ਨੇ ਬਾਬਰ ਦੀਆਂ ਚੱਕੀਆਂ ਪੀਸਣ ਤੋਂ ਸ਼ੁਰੂ ਕੀਤੀ ਤੇ ਰਾਜਿਆਂ ਨੂੰ ‘‘ਸ਼ੀਂਹ’’ ਤੇ ਮੁਕਦਮਾ ਨੂੰ ‘‘ਕੁੱਤੇ’’ ਆਖਣ ਤੱਕ ਪਹੁੰਚਾਈ, ਗੁਰੂ ਅਰਜਣ ਦੇਵ ਜੀ ਨੇ ਸੱਚ ਦੀ ਰਾਖੀ ਲਈ ਤੱਤੀ ਤਵੀ ’ਤੇ ਬੈਠਕੇ ਅਗਾਂਹ ਤੋਰੀ, ਜੋ ਤੁਰਦੀ ਤੁਰਦੀ ਚਾਂਦਨੀ ਚੌਕ ਦਿੱਲੀ ਜਾ ਕੇ ਸੀਸ ਕਟਵਾਉਂਦੀ ਏ, ਚਮਕੌਰ ਦੀ ਗੜ੍ਹੀ ’ਚ ਦੁਨੀਆਂ ਦੀ ਸਭ ਤੋਂ ਅਸਾਵੀਂ ਜੰਗ ਦੇ ਦੀਦਾਰ ਕਰਵਾਉਂਦੀ ਏ, ਸਰਹਿੰਦ ’ਚ ਨੀਹਾਂ ਵਿੱਚ ਜਾ ਖਲੋਂਦੀ ਏ, ਭਾਈ ਜੈਤਾ (ਭਾਈ ਜੀਵਨ ਸਿੰਘ ਜੀ), ਬਾਬਾ ਬੰਦਾ ਸਿੰਘ ਬਹਾਦਰ ਤੇ ਅਨੇਕਾਂ ਪੁਰਾਤਨ ਸੂਰਬੀਰ ਯੋਧਿਆਂ ਤੋਂ ਬਾਅਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ , ਸ਼ਹੀਦ ਊਧਮ ਸਿੰਘ ਅਤੇ ਹੋਰ ਅਨੇਕਾਂ ਮਰਜੀਵੜਿਆਂ ਰਾਹੀਂ ਹੁੰਦੀ ਹੋਈ ਅੱਜ ਪੂਰੇ ਪੰਜਾਬ ਦੀ ਰੂਹ ’ਚ ਪ੍ਰਵੇਸ਼ ਕਰ ਚੁੱਕੀ ਏ। ਹੁਣ ਹਰਿਆਣਾ ਰਾਹੀਂ ਪੂਰੇ ਦੇਸ਼, ਇੱਥੋਂ ਤੱਕ ਕਿ ਯੂਰਪ, ਅਮਰੀਕਾ, ਇੰਗਲੈਂਡ ਤੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤੱਕ ਇਸ ਵਿਰਾਸਤੀ ਸ਼ਕਤੀ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਅੱਜ ਉਹ ਲੋਕ ਸੱਚਮੁੱਚ ਵੱਡਭਾਗੇ ਹਨ ਜੋ ਕਿਸਾਨੀ ਅੰਦੋਲਨਾਂ ਦੇ ਹੁਣ ਤੱਕ ਦੇ ਸਭ ਵੱਡੇ ਤੇ ਅਲੌਕਿਕ ਅੰਦੋਲਨ ਦੇ ਗਵਾਹ ਬਣ ਰਹੇ ਹਨ। ਕੋਈ ਘੋੜਿਆਂ ਦੀ ਕਾਠੀ ਵਾਂਗ ਦਿੱਲੀ ਆਪਣੀ ਟਰਾਲੀ ਨੂੰ ਹੀ ਘਰ ਬਣਾਈ ਬੈਠਾ ਏ, ਕੋਈ ਲੰਗਰਾਂ ’ਚ ਸੇਵਾ ਨਿਭਾ ਰਿਹੈ, ਕੋਈ ਦਵਾਈ ਬੂਟੀ ਕਰ ਰਿਹੈ, ਕੋਈ ਤਕਰੀਰਾਂ ਕਰ ਰਿਹੈ, ਕਥਾ ਕੀਰਤਨ ਕਰ ਰਿਹੈ, ਨਿਹੰਗ ਸਿੰਘ ਆਪਣੀ ਜਗ੍ਹਾ ਡਟੇ ਨੇ, ਗਾਇਕ, ਕਲਾਕਾਰ, ਵੱਖ ਵੱਖ ਸੰਸਥਾਵਾਂ, ਸੁਸਾਇਟੀਆਂ, ਕਿਤਾਬਾਂ ਦਾ ਲੰਗਰ.... ਵਾਹ ਕਿਆ ਦਿ੍ਰਸ਼ਟਾਂਤ ਏ। ਜਿੱਥੋਂ ਤਕ ਇਸ ਅੰਦੋਲਨ ਦੇ ਸਮਾਜਿਕ ਸਰੋਕਾਰਾਂ ਦੀ ਗੱਲ ਹੈ ਇਸ ਨੇ ਹੁਣ ਤੱਕ ਕਮਾਲ ਦੀਆਂ ਪ੍ਰਾਪਤੀਆਂ ਕੀਤੀਆਂ ਹਨ। ਸਾਡੇ ਸਮਾਜ ਦੀਆਂ ਬਹੁਤ ਹੀ ਖੂਬਸੂਰਤ ਤੇ ਮਾਣਮੱਤੀਆਂ ਰੀਤਾਂ ਨੂੰ ਮੁੜ ਸੁਰਜੀਤ ਕੀਤਾ ਹੈ। ਜਿਵੇਂ ਅਸੀਂ ਰੋਜ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਪੜ੍ਹਦੇ ਹਾਂ ਕਿ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਉਸ ਪਿੰਡ ਦੇ ਧਰਨੇ ’ਚ ਸ਼ਿਰਕਤ ਕਰ ਰਹੇ ਲੋਕਾਂ ਦੇ ਘਰੇਲੂ ਕੰਮਕਾਜ ਜਿਵੇਂ ਕਿ ਫਸਲਾਂ ਨੂੰ ਪਾਣੀ ਲਾਉਣਾ, ਖਾਦ ਪਾਉਣੀ, ਸਪਰੇ ਕਰਨੀ, ਮਾਲ ਪਸ਼ੂ ਸਾਂਭਣਾ ਇੱਥੋਂ ਤਕ ਕਿ ਬਜ਼ੁਰਗਾਂ ਦੀ ਦਵਾਈ ਬੂਟੀ ਤਕ ਦਾ ਪ੍ਰਬੰਧ ਕਰਨ ਜਿਹੇ ਮਹੱਤਪੂਰਨ ਕਾਰਜ ਪਿੱਛੇ ਰਹਿ ਗਏ ਲੋਕ ਰਲ਼ ਮਿਲ਼ਕੇ ਕਰਨਗੇ। ਇਹ ਆਪਣੇ ਆਪ ਵਿੱਚ ਹੀ ਇਸ ਅੰਦੋਲਨ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਕਿਹੀ ਜਾ ਸਕਦੀ ਹੈ ਜਿਸ ਨਾਲ ਪਿੰਡਾਂ ਵਿੱਚ ਉਸਰੀਆਂ ਧੜੇਬੰਦੀ ਦੀਆਂ ਕੰਧਾਂ ਬਰਲਿਨ ਦੀ ਕੰਧ ਵਾਂਗ ਢਹਿ ਢੇਰੀ ਹੋਣਗੀਆਂ ਬਲਕਿ ਹੋ ਰਹੀਆਂ ਹਨ। ਇਸ ਤੋਂ ਬਿਨਾਂ ਮੋਰਚੇ ਵਾਲੀਆਂ ਵੱਖ ਵੱਖ ਥਾਵਾਂ ਤੇ ਲੱਗੇ ਕਿਤਾਬਾਂ ਦੇ ਲੰਗਰ ਸਾਡੀ ਨੌਜਵਾਨ ਪੀੜ੍ਹੀ ਨੂੰ ਫੇਸਬੁੱਕ, ਵਟਸਅੱਪ ਦੇ ਮੱਕੜਜਾਲ ’ਚੋਂ ਕੱਢਕੇ ਉਸਾਰੂ ਸਾਹਿਤ ਪੜ੍ਹਨ ਵੱਲ ਰੁਚਿਤ ਕਰ ਰਹੇ ਹਨ ਅਤੇ ਸਭ ਤੋਂ ਉੱਪਰ ਸਾਡੇ ਸਮਾਜ ਨੂੰ ਮਿਲਜੁਲ ਕੇ ਰਹਿਣ ਦਾ ਇਕ ਬਹੁਤ ਹੀ ਖੂਬਸੂਰਤ ਸਲੀਕਾ ਵੀ ਇਸ ਅੰਦੋਲਨ ਰਾਹੀਂ ਸਾਨੂੰ ਮਿਲ ਰਿਹਾ ਏ ਜੋ ਕਿ ਕਿਤੇ ਨਾਂ ਕਿਤੇ ਸਾਡੇ ’ਚੋਂ ਅਲੋਪ ਹੋ ਰਿਹਾ ਸੀ। ਸੰਗਤਾਂ ਦੇ ਅਜਿਹੇ ਅਨੂਠੇ ਸੈਲਾਬ ’ਚ ਹਕੂਮਤ ਦੁਆਰਾ ਬੋਲਿਆ ਝੂਠ ਤੇ ਕੀਤਾ ਕੂੜ ਪ੍ਰਚਾਰ ਬਹੁਤ ਹੀ ਬੌਣਾ ਤੇ ਹਾਸੋਹੀਣਾ ਲੱਗਦਾ ਏ। ਇਸ ਅੰਦੋਲਨ ਨੇ ਹਰ ਹਾਲਤ ਵਿੱਚ ਸਫ਼ਲ ਹੋਣਾ ਈ ਹੋਣਾ ਏ, ਕਿਉਂਕਿ ਇਹ ਘੋਲ ਸੱਚ ਅਤੇ ਝੂਠ ਵਿਚਕਾਰ ਹੋ ਰਿਹਾ ਏ ਤੇ ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਏ। ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ॥ ਸਰਕਾਰੀ ਕੂੜ ਪ੍ਰਚਾਰ ਦੀ ਸਿਖਰ ਤਾਂ ਉਦੋਂ ਹੋਈ ਜਦੋਂ ਕੱਲ੍ਹ ਸਾਡੇ ਸਤਿਕਾਰਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਨ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਅਵਸਰ ਵਜੋਂ ਵਰਤਿਆ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗਰਿਮਾ ਨੂੰ ਭੁਲਦਿਆਂ ਉਨ੍ਹਾਂ ਕਿਸਾਨ ਅੰਦੋਲਨ ਨੂੰ ਨਿਰਾ ਇਕ ਇਵੇੰਟ ਮੈਨਜਮੈਂਟ ਕਰਾਰ ਦੇ ਦਿੱਤਾ ਤੇ ਉਹ ਵੀ ਵਿਰੋਧੀ ਸਿਆਸੀ ਪਾਰਟੀਆਂ ਦੁਆਰਾ ਸਿਰਜਿਆ ਹੋਇਆ। ਜਦੋਂ ਕਿ ਅਸਲ ਉਹ ਸੀ ਜਿਸ ਵਿੱਚ ਉਹ ਖੁਦ ਬੋਲ ਰਹੇ ਸਨ ਕਿਉਂਕਿ ਲੋਕਾਂ ਦੇ ਟੈਕਸ ਦੁਆਰਾ ਇਕੱਠੇ ਹੋਏ ਪੈਸੇ ਨੂੰ ਹੀ ਉਹ ਲੋਕਾਂ ਦੇ ਖਾਤਿਆਂ ਵਿੱਚ ਪਾ ਰਹੇ ਸਨ, ਕੋਈ ਅਹਿਸਾਨ ਨਹੀਂ ਸਨ ਕਰ ਰਹੇ ਤੇ ਉਹ ਵੀ ਸਿਰਫ 16 ਰੁਪਏ 44 ਪੈਸੇ ਫ੍ਰੀ ਦਿਨ ਫ੍ਰੀ ਪਰਿਵਾਰ, ਜੇ ਚਾਰ ਮੈਂਬਰਾਂ ਦਾ ਪਰਿਵਾਰ ਤਾਂ ਚਾਰ ਰੁਪਏ ਗਿਆਰਾਂ ਪੈਸੇ ਪ੍ਰਤੀ ਵਿਅਕਤੀ ਬਣਦੇ ਨੇ ਤੇ ਪ੍ਰਧਾਨ ਮੰਤਰੀ ਜੀ ਛਲਾਵਾ ਦਿੰਦੇ ਨੇ ਕਿ ਅੱਜ 9 ਕਰੋੜ ਕਿਸਾਨ ਪਰਿਵਾਰਾਂ ਦੇ ਖਾਤਿਆਂ ’ਚ 18000 ਕਰੋੜ ਰੁਪਏ ਇਕ ਬਟਨ ਦੱਬ ਕੇ ਪਾ ਦਿੱਤੇ ਹਨ ਫਿਰ ਵੀ ਕਿਸਾਨ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਸਰਕਾਰ ਖ਼ਿਲਾਫ਼ ਧਰਨੇ ਲਾ ਰਹੇ ਹਨ। ਸਵਾਲ ਉੱਠਦਾ ਏ ਕਿ ਲੋਕ ਆਪਣੀਆਂ ਸਮੱਸਿਆਵਾਂ, ਗਿਲੇ-ਸ਼ਿਕਵੇ, ਆਪਣੀਆਂ ਮੁਸ਼ਕਲਾਂ ਆਖਰ ਕਿਸ ਨੂੰ ਦੱਸਣ, ਆਪਣੇ ਦੱੁਖੜੇ ਕਿਸ ਅੱਗੇ ਰੋਣ ਜਦੋਂ ਸਰਕਾਰ ਦਾ ਮੁਖੀ ਹੀ ਲੋਕ (ਕਿਸਾਨ-ਮਜ਼ਦੂਰ) ਮਸਲਿਆਂ ਤੋਂ ਮੂੰਹ ਫੇਰੀ ਖੜ੍ਹਾ ਹੋਵੇ: ‘‘ਮੰਝਦਾਰ ਮੇਂ ਨਾਵ ਜੋ ਡੂਬੇ ਤੋਂ ਮਾਝੀ (ਮਲਾਹ ) ਉਸੇ ਬਚਾਏ ਮਾਂਝੀ ਹੀ ਨਾਵ ਡਬੋਏ ਉਸੇ ਕੌਣ ਬਚਾਏ’’ ਸਿਤਮਜ਼ਰੀਫੀ ਦੇਖੋ ਕਿ ਸਰਕਾਰ ਦੇ ਸਾਰੇ ਮੰਤਰੀ, ਸਮੇਤ ਪ੍ਰਧਾਨ ਮੰਤਰੀ ਦਿਨ ਰਾਤ ਇਹ ਬਿਆਨ ਦਿੰਦੇ ਨੀ ਥੱਕਦੇ ਕਿ ਸਰਕਾਰ ਕਿਸਾਨਾਂ ਨਾਲ ਹਰੇਕ ਮੁੱਦੇ ਤੇ ਗੱਲਬਾਤ ਕਰਨ ਲਈ ਹਰ ਵਕਤ ਤਿਆਰ ਹੈ ਜੋ ਕਿ ਨਿਰਾ ਡਰਾਮਾ ਹੈ। ਅਸਲ ਵਿੱਚ ਇੰਝ ਕਰਕੇ ਭਾਰਤ ਦੇ ਲੋਕਾਂ ਨੂੰ ਇਹ ਪ੍ਰਭਾਵ ਦੇਣ ਦੀ ਸ਼ਰਾਰਤ ਭਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਗਲਬਾਤ ਤੋਂ ਭੱਜ ਰਹੇ ਹਨ ਜੋ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਤੋਂ ਵੱਧ ਕੁਝ ਵੀ ਨਹੀਂ। ਮੌਜ਼ੂਦਾ ਕਿਸਾਨੀ ਸੰਘਰਸ਼ ਨੇ ਭਾਰਤ ਦੇ ਲੋਕਾਂ ਨੂੰ ਇਕ ਨਵੀਂ ‘ਸਾਂਝੀ ਪਛਾਣ ਦੇ ਕੇ ਕਾਰਪੋਰੇਟ ਘਰਾਣਿਆ ਦੀ ਲੁੱਟ ਅਤੇ ਸੱਤਾ ਦੀ ਸਾਂਝ ਭਿਆਲੀ ਵਿਰੁੱਧ ਇਕਮੁੱਠ ਕੀਤਾ þ ਅਤੇ ਇਸ ਕਿਸਾਨ ਸੰਘਰਸ਼ ਦੀ ਇਕ ਹੋਰ ਵੱਡੀ ਪ੍ਰਾਪਤੀ þ। J ਹਰਬੰਸ ਸਿੰਘ ਪੰਧੇਰ, ਪ੍ਰਧਾਨ ਮਾਲਵਾ ਸਭਿਆਚਾਰਕ ਕਲੱਬ, ਖਮਾਣੋਂ (ਫਤਹਿਗੜ੍ਹ ਸਾਹਿਬ) ਮੋਬਾ: 89689- 42582