ਅਧਿਆਪਕਾਂ ਦੇ ਜਿਲ੍ਹਾ ਪੱਧਰੀ ਅੱਖਰਕਾਰੀ ਮੁਕਾਬਲੇ ਵਿੱਚੋਂ ਅਮਰਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ

30

December

2020

ਫ਼ਿਰੋਜ਼ਪੁਰ 30 ਦਸੰਬਰ (ਪ.ਪ) ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਲਿਖਾਈ ਹੋਰ ਸੁੰਦਰ ਬਣਾਉਣ ਲਈ ਅੱਖਰਕਾਰੀ ਮੁਹਿੰਮ ਪ੍ਰਤੀ ਅਧਿਆਪਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਡੀ ਪੀ ਆਈ ਸ੍ਰੀ ਲਲਿਤ ਕਿਸ਼ੋਰ ਘਈ ਅਤੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਦੇ ਸਟੇਟ ਕੋਆਰਡੀਨੇਟਰ ਡਾ. ਦੇਵਿੰਦਰ ਬੋਹਾ ਨੇ ਕਿਹਾ ਕਿ ਪ੍ਰਾਇਮਰੀ ਪੱਧਰ ਤੇ ਸਾਰੇ ਅਧਿਆਪਕਾਂ ਦੀ ਸੁੰਦਰ ਲਿਖਤ ਨਾਲ ਵਿਦਿਆਰਥੀਆਂ ਦੀ ਪ੍ਰਾਇਮਰੀ ਪੱਧਰ ਤੋ ਹੀ ਸੁੰਦਰ ਲਿਖਾਈ ਹੋਣ ਕਾਰਨ ਉਨ੍ਹਾਂ ਦਾ ਭਵਿੱਖ ਹੋਰ ਸੁਨਹਿਰੀ ਹੋਵੇਗਾ।ਪ੍ਰਾਇਮਰੀ ਅਧਿਆਪਕਾਂ ਨੂੰ ਸੁੰਦਰ ਲਿਖਾਈ ਦੇ ਗੁਰ ਸਿਖਾਉਣ ਲਈ ਅੱਖਰਕਾਰੀ ਵਰਕਸ਼ਾਪਾਂ ਲਗਾਉਣ ਉਪਰੰਤ ਅਧਿਆਪਕਾਂ ਦੇ ਕਲੱਸਟਰ,ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ।ਮੁਕਾਬਲਿਆਂ ਦੇ ਐਲਾਨੇ ਨਤੀਜਿਆਂ ਵਿੱਚੋਂ ਜਿਲ੍ਹਾ ਫਿਰੋਜ਼ਪੁਰ ਵਿੱਚੋਂ ਸ.ਅਮਰਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੁਬਾ ਕਾਹਨ ਚੰਦ ਬਲਾਕ ਫ਼ਿਰੋਜ਼ਪੁਰ-3 ਨੇ ਪਹਿਲਾ ਸਥਾਨ ਹਾਸਲ ਕੀਤਾ ਜਿਸ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਰਾਜੀਵ ਛਾਬੜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਖਵਿੰਦਰ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਿਰੋਜ਼ਪੁਰ-3 ਸ. ਰਣਜੀਤ ਸਿੰਘ, ਸ਼੍ਰੀ ਮਹਿੰਦਰ ਸਿੰਘ ਸ਼ੈਲੀ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਸੁਭਾਸ਼ ਚੰਦਰ ਅਤੇ ਅੱਖਰਕਾਰੀ ਮੁਹਿੰਮ ਦੇ ਨੋਡਲ ਅਫਸਰ ਸ਼੍ਰੀ ਗਣੇਸ਼ ਕੁਮਾਰ ਮਦਾਨ ਨੇ ਅਧਿਆਪਕ ਅਮਰਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ।