ਚੰਡੀਗੜ੍ਹ ਤੋਂ ਸ਼ਰਾਬ ਦੀ ਸਮਗਲੰਿਗ ਕਰਨ ਵਾਲੇ ਪੁਲਿਸ ਵੱਲੋ 2 ਵਿਆਕਤੀ ਗਿ੍ਰਫਤਾਰ

30

December

2020

ਐਸ.ਏ.ਐਸ ਨਗਰ, 30 ਦਸੰਬਰ (ਗੁਰਪ੍ਰੀਤ ਸਿੰਘ ਤੰਗੌਰੀ) ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋਂ 02 ਦੋਸ਼ੀਆਂ ਨੂੰ 150 ਪੇਟੀਆਂ ਸ਼ਰਾਬ ਸਮੇਤ 01 ਮਹਿੰਦਰਾ ਪਿੱਕ-ਅੱਪ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਐਸ.ਐਸ.ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਪੰਜਾਬ ਰਾਜ ਵਿੱਚ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਕਪਤਾਨ ਪੁਲਿਸ (ਜਾਂਚ) ਮੋਹਾਲੀ ਅਤੇ ਸ੍ਰੀ ਗੁਰਚਰਨ ਸਿੰਘ, ਪੀਪੀਐਸ, ਉਪ ਕਪਤਾਨ ਪੁਲਿਸ (ਜਾਂਚ) ਮੋਹਾਲੀ ਦੀ ਅਗਵਾਈ ਵਿੱਚ ਇੰਸਪੈਕਟਰ ਗੁਰਮੇਲ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਮਿਤੀ 28.12.2020 ਨੂੰ ਸ:ਥ: ਗੁਰਪ੍ਰਤਾਪ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਦੇ ਸਬੰਧ ਵਿੱਚ ਖਰੜ ਸਿਟੀ ਏਰੀਆ ਵਿੱਚ ਮੌਜੂਦ ਸੀ। ਜਿਸ ਨੂੰ ਖੁਫੀਆ ਇਤਲਾਹ ਮਿਲੀ ਕਿ ਅਜੇ ਭੱਟੀ ਅਤੇ ਸਿਮਰਨਜੀਤ ਸਿੰਘ ਨਾਮ ਦੇ ਵਿਅਕਤੀ ਮਹਿੰਦਰਾ ਪਿੱਕਅੱਪ ਰਾਹੀਂ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਪੰਜਾਬ ਵਿੱਚ ਅਲੱਗ-ਅਲੱਗ ਥਾਵਾਂ ਪਰ ਮਹਿੰਗੇ ਭਾਅ ਵੇਚਣ ਦਾ ਨਜਾਇਜ ਧੰਦਾ ਕਰਦੇ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਖੁਫੀਆ ਇਤਲਾਹ ਦੇ ਆਧਾਰ ਪਰ ਮੁਕੱਦਮਾ ਨੰਬਰ 280 ਮਿਤੀ 28.12.2020 ਅ/ਧ 61/1/14 ਐਕਸਾਈਜ ਐਕਟ ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਸੀ ਅਤੇ ਦੌਰਾਨੇ ਚੈਕਿੰਗ ਇੱਕ ਚਿੱਟੇ ਰੰਗ ਦੀ ਮਹਿੰਦਰਾ ਪਿੱਕਅੱਪ ਗੱਡੀ ਨੰਬਰ ਪੀਬੀ-06-ਏ.ਵਾਈ-3847 ਨੂੰ ਕਾਬੂ ਕੀਤਾ ਗਿਆ, ਜਿਸ ਵਿੱਚ (1) ਅਜੇ ਭੱਟੀ ਪੁੱਤਰ ਹਰਜਿੰਦਰ ਸਿੰਘ ਵਾਸੀ ਮਕਾਨ ਨੰਬਰ 283 ਵਾਰਡ ਨੰਬਰ 07 ਰਫਿਊਜੀ ਕੈਂਪ ਬਟਾਲਾ ਅਤੇ (2) ਸਿਮਰਨਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਕਾਨ ਨੰਬਰ 584 ਪ੍ਰੀਤ ਨਗਰ ਗਲੀ ਨੰਬਰ 01 ਬਟਾਲਾ ਜਿਲਾ ਗੁਰਦਾਸਪੁਰ ਸਵਾਰ ਸਨ, ਇਨਾਂ ਦੀ ਗੱਡੀ ਦੀ ਤਲਾਸ਼ੀ ਲੈਣ ਪਰ ਦੋਸ਼ੀਆਂ ਪਾਸੋਂ ਗੱਡੀ ਵਿਚੋਂ ਵੱਖ-ਵੱਖ ਮਾਰਕਾ ਦੀਆਂ 150 ਪੇਟੀਆਂ ਸ਼ਰਾਬ ਜੋ ਚੰਡੀਗੜ੍ਹ ਵਿਖੇ ਵਿਕਣਯੋਗ ਸੀ, ਬ੍ਰਾਮਦ ਹੋਣ ਪਰ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਬ੍ਰਾਮਦ ਸ਼ਰਾਬ ਸਮੇਤ ਮਹਿੰਦਰਾ ਪਿੱਕ-ਅੱਪ ਗੱਡੀ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਮੁੱਢਲੀ ਪੁਛਗਿੱਛ ਤੋਂ ਪਾਇਆ ਗਿਆ ਹੈ ਕਿ ਇਹ ਚੰਡੀਗੜ੍ਹ ਤੋਂ ਸ਼ਰਾਬ ਲੋਡ ਕਰਕੇ ਬਟਾਲਾ ਵਿਖੇ ਲਿਜਾਕੇ ਆਪਣੇ ਹੋਰ ਸਾਥੀਆਂ ਦੇ ਸਪੁਰਦ ਕਰ ਦਿੰਦੇ ਸਨ। ਦੋਸ਼ੀਆਂ ਪਾਸੋਂ ਬ੍ਰਾਮਦ ਹੋਈ ਮਹਿੰਦਰਾ ਪਿੱਕ-ਅੱਪ ਗੱਡੀ ਵੀ ਪਿੰਡ ਸੇਖਵਾਂ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਮਨਵਿੰਦਰ ਸਿੰਘ ਦੇ ਨਾਮ ਪਰ ਰਜਿਸਟਰ ਹੋਣੀ ਮਾਲੂਮ ਹੋਈ ਹੈ। ਗਿ੍ਰਫਤਾਰ ਕੀਤੇ ਗਏ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ, ਇਨ੍ਹਾਂ ਦੇ ਹੋਰ ਸਾਥੀ ਦੋਸ਼ੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।