ਕਿਸਾਨੀ ਅੰਦੋਲਨ ਵਿਚ ਟਰੈਕਟਰ-ਟਰਾਲੀ ਦੁਆਰਾ ਸੰਗਤਾਂ ਲਿਜਾਣ ਵਾਲਿਆਂ ਲਈ ਡੀਜ਼ਲ ਦੀ ਸੇਵਾ ਮੈਂ ਕਰਾਂਗਾ : ਜਸਵੀਰ ਸਿੰਘ ਦਿਓਲ

21

December

2020

ਅਮਰਗੜ੍ਹ, 21 ਦਸੰਬਰ (ਹਰੀਸ਼ ਅਬਰੋਲ) ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਸੰਘਰਸ਼ ਦੇ ਰਾਹ ਤੋਰ ਦਿੱਤਾ ਹੈ।ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਹੱਥਾਂ ਵਿੱਚੋਂ ਰੋਟੀ ਖੋਹਕੇ ਉਨ੍ਹਾਂ ਨੂੰ ਦੇ ਰਿਹਾ ਹੈ, ਜੋ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ’ਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਕਿਸਾਨ, ਮਜ਼ਦੂਰ ਮਾਰੂ ਨੀਤੀਆਂ ਕਾਰਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਹੁਦੇ ਨੂੰ ਠੋਕਰ ਮਾਰੀ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪੁਰਾਣੀ ਸਾਂਝ ਤੋੜੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਧਰਤੀ ਮਾਂ ਨੂੰ ਕਿਸੇ ਵੀ ਕੀਮਤ ’ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਨਹੀਂ ਜਾਣ ਦੇਵਾਂਗੇ ਅਤੇ ਜਿੰਨਾ ਚਿਰ ਕੇਂਦਰ ਸਰਕਾਰ ਇਹ ਤਿੰਨੋਂ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਨੀ ਦੇਰ ਤੱਕ ਅਸੀਂ ਪਿੱਛੇ ਮੁੜਨ ਵਾਲੇ ਨਹੀਂ।ਉਨ੍ਹਾਂ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਲਈ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਵੀ ਆਪਣੇ ਟਰੈਕਟਰ-ਟਰਾਲੀ ਦੁਆਰਾ ਸੰਗਤਾਂ ਨੂੰ ਦਿੱਲੀ ਲਿਜਾਣਾ ਚਾਹੁੰਦਾ ਹੈ ਉਸ ਨੂੰ ਆਉਣ-ਜਾਣ ਲਈ ਦੀ ਡੀਜ਼ਲ ਦੀ ਸੇਵਾ ਮੇਰੇ ਵੱਲੋਂ ਕੀਤੀ ਜਾਵੇਗੀ।