ਡਿਸਕੋਘਰ ਬੰਦ ਕਰਾਉਣ ਲਈ ਪੁਲੀਸ ਤੇ ਆਬਕਾਰੀ ਵਿਭਾਗ ਹੋਏ ਸਖ਼ਤ

22

October

2018

ਜ਼ੀਰਕਪੁਰ, ਇਥੇ ਖੁੱਲ੍ਹੇ ਡਿਸਕੋ ਘਰਾਂ ਨੂੰ ਬੰਦ ਕਰਵਾਉਣ ਲਈ ਪੁਲੀਸ ਨਾਲ ਨਾਲ ਹੁਣ ਆਬਕਾਰੀ ਵਿਭਾਗ ਵੀ ਸਖ਼ਤ ਹੋ ਗਿਆ ਹੈ। ਲੰਘੇ ਦੋ ਮਹੀਨੇ ਤੋਂ ਜਿਥੇ ਪੁਲੀਸ ਰੋਜ਼ਾਨਾ ਰਾਤ ਦੇ 12 ਵਜੇ ਨਿਰਧਾਰਤ ਸਮੇਂ ਤੇ ਡਿਸਕੋ ਬੰਦ ਕਰਵਾ ਰਹੀ ਸੀ। ਉਥੇ ਹੁਣ ਲੰਘੇ ਦੋ ਹਫ਼ਤੇ ਤੋਂ ਆਬਕਾਰੀ ਵਿਭਾਗ ਵੀ ਤੈਅ ਸਮੇਂ ਤੋਂ ਡਿਸਕੋ ਘਰਾਂ ਦੀ ਜਾਂਚ ਕਰਨ ਲਈ ਪਹੁੰਚ ਰਿਹਾ ਹੈ। ਸ਼ਨਿੱਚਰਵਾਰ ਰਾਤ ਪੁਲੀਸ ਤੇ ਆਬਕਾਰੀ ਵਿਭਾਗ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਰਾਤ ਬਾਰਾਂ ਵਜੇ ਡਿਸਕੋ ਘਰ ਬੰਦ ਕਰਵਾ ਦਿੱਤੇ ਗਏ। ਪਰ ਹੁਣ ਦੂਜੇ ਪਾਸੇ ਡਿਸਕੋ ਘਰਾਂ ਦੇ ਪਬ੍ਰੰਧਕਾਂ ਨੇ ਪੁਲੀਸ ਨੂੰ ਚਕਮਾ ਦੇਣ ਲਈ ਦੇਰ ਰਾਤ ਇਕ ਵਜੇ ਤੋਂ ਬਾਅਦ ਪਾਰਟੀ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਆਬਕਾਰੀ ਵਿਭਾਗ ਵੱਲੋਂ ਵੀ ਹਰ ਡਿਸਕੋ ਨੂੰ ਸ਼ਰਾਬ ਪਿਲਾਉਣ ਲਈ ਰਾਤ ਦੇ 12 ਵਜੇ ਤੱਕ ਹੀ ਲਾਇੰਸਸ ’ਚ ਪ੍ਰਵਾਨਗੀ ਦਿੱਤੀ ਜਾਂਦੀ ਹੈ। ਲੰਘੀ ਸ਼ਨਿੱਚਰਵਾਰ ਰਾਤ ਪੁਲੀਸ ਤੇ ਆਬਕਾਰੀ ਵੱਲੋਂ ਡਿਸਕੋ ਘਰ ਬੰਦ ਕਰਵਾ ਦਿੱਤਾ ਗਿਆ ਪਰ ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਸਥਿਤ ਗਲੋਬਲ ਬਿਜ਼ਨਸ ਪਾਰਕ ਮਾਲ ’ਚ ਜਿਥੇ ਸ਼ਹਿਰ ਦੇ ਤਿੰਨ ਨਾਮੀ ਡਿਸਕੋ ਹਨ, ਇਕ ਡਿਸਕੋ ’ਚ ਦੇਰ ਰਾਤ ਪਾਰਟੀ ਰੱਖੀ ਗਈ ਸੀ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਲ ’ਚ ਨਿਰਧਾਰਤ ਸਮੇਂ ’ਤੇ ਤਿੰਨੇ ਡਿਸਕੋ ਬੰਦ ਕਰ ਦਿੱਤੇ ਗਏ। ਪਰ ਇਕ ਡਿਸਕੋ ਘਰ ਵੱਲੋਂ ਪੁਲੀਸ ਨੂੰ ਦਿਖਾਉਣ ਲਈ ਪੂਰੇ ਬਾਰਾਂ ਵਜੇ ਡਿਸਕੋ ਬੰਦ ਕਰ ਦਿੱਤਾ। ਇਸ ਦੌਰਾਨ ਪੱਤਰਕਾਰਾਂ ਨੂੰ ਭਿਣਕ ਲੱਗੀ ਕਿ ਇਸ ਡਿਸਕੋ ਘਰ ’ਚ ਰਾਤ ਦੇ ਇਕ ਵਜੇ ਪਾਰਟੀ ਰੱਖੀ ਗਈ ਹੈ ਜਿਸ ’ਤੇ ਪੱਤਰਕਾਰ ਮੌਕੇ ’ਤੇ ਪਹੁੰਚ ਗਏ। ਮੌਕੇ ’ਤੇ ਪਾਰਟੀ ’ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਇਸ ਡਿਸਕੋ ਘਰ ਦਾ ਨਾਂ ਲੈਂਦੇ ਹੋਏ ਦੱਸਿਆ ਕਿ ਉਥੇ ਪਾਰਟੀ ਲਈ ਰਾਤ ਦੇ ਇਕ ਵਜੇ ਦਾ ਸਮਾਂ ਦਿੱਤਾ ਗਿਆ ਸੀ। ਪਰ ਪੱਤਰਕਾਰ ਮੌਕੇ ’ਤੇ ਖੜ੍ਹੇ ਹੋਣ ਕਾਰਨ ਪਾਰਟੀ ਨਹੀਂ ਕੀਤੀ ਤੇ ਪਾਰਟੀ ’ਚ ਸ਼ਾਮਲ ਹੋਣ ਆਏ ਮੁੰਡੇ ਕੁੜੀਆਂ ਵਾਪਸ ਮੁੜ ਗਏ। ਗੱਲ ਕਰਨ ’ਤੇ ਏ.ਐਸ.ਪੀ. ਡੇਰਾਬਸੀ ਹਰਮਨ ਹਾਂਸ ਨੇ ਕਿਹਾ ਕਿ ਜੇ ਨਿਯਮਾਂ ਦੀਆਂ ਧੱਜੀਆਂ ਉੱਡਾਉਂਦੇ ਹੋਏ ਕਿਸੇ ਵੀ ਡਿਸਕੋ ਘਰ ਵੱਲੋਂ ਦੇਰ ਰਾਤ ਪਾਰਟੀ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪੂਰੇ ਡਿਸਕੋ ਘਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਆਬਕਾਰੀ ਵਿਭਾਗ ਦੇ ਇੰਸਪੈਕਟਰ ਵਿਨੈ ਸ਼ਰਮਾ ਨੇ ਕਿਹਾ ਕਿ ਜੇ ਬਾਰਾਂ ਵਜੇ ਤੋਂ ਬਾਅਦ ਕੋਈ ਵੀ ਡਿਸਕੋ ਘਰ ਪਾਰਟੀ ਕਰਦਾ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਕਰਕੇ ਲਾਇੰਸਸ ਰੱਦ ਕੀਤਾ ਜਾਵੇਗਾ।