Arash Info Corporation

ਪੱਖੋਵਾਲ ਰੋਡ ਰੇਲ ਅੰਡਰ ਬਿ੍ਰਜ ਦਾ ਇੱਕ ਪਾਸਾ ਅਗਲੇ ਤਿੰਨ ਮਹੀਨਿਆਂ ਵਿੱਚ ਵਾਹਨਾਂ ਦੀ ਆਵਾਜਾਈ ਲਈ ਜਨਤਾ ਨੂੰ ਕੀਤਾ ਜਾਵੇਗਾ ਸਮਰਪਿਤ - ਭਾਰਤ ਭੂਸ਼ਣ ਆਸ਼ੂ

21

December

2020

ਲੁਧਿਆਣਾ, 21 ਦਸੰਬਰ (ਪਰਮਜੀਤ ਸਿੰਘ) - ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਆਗਾਮੀ ਪੱਖੋਵਾਲ ਰੋਡ ਰੇਲ ਅੰਡਰ ਬ੍ਰਿਜ (ਆਰ.ਯੂ.ਬੀ.) ਦਾ ਇੱਕ ਪਾਸਾ ਅਗਲੇ ਤਿੰਨ ਮਹੀਨਿਆਂ ਵਿੱਚ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਸੁਬਰਾਮਨੀਅਮ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਦੇ ਨਾਲ ਸ੍ਰੀ ਆਸ਼ੂ ਨੇ ਅੱਜ ਨਿਰਮਾਣ ਕਾਰਜ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਜਿਕਰਯੋਗ ਹੈ ਕਿ ਪੱਖੋਵਾਲ ਰੋਡ ’ਤੇ ਰੇਲ ਓਵਰ ਬ੍ਰਿਜ (ਆਰ.ਓ.ਬੀ.) ਅਤੇ ਦੋ ਰੇਲ ਅੰਡਰ ਬ੍ਰਿਜ (ਆਰ. ਯੂ. ਬੀ.) ਦੀ ਉਸਾਰੀ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ। ਇਹ ਦੋਵੇਂ 120 ਕਰੋੜ ਰੁਪਏ ਦੀ ਲਾਗਤ ਵਾਲੇ ਸਾਂਝੇ ਪ੍ਰਾਜੈਕਟ ਸ਼ਹਿਰ ਵਾਸੀਆਂ ਨੂੰ ਲੰਬੇ ਟ੍ਰੈਫਿਕ ਜਾਮ ਤੋਂ ਨਿਜ਼ਾਤ ਦਿਵਾਉਣਗੇ।ਸ੍ਰੀ ਆਸ਼ੂ ਨੇ ਦੱਸਿਆ ਕਿ ਆਰ.ਓ.ਬੀ. ਦੀ ਲੰਬਾਈ 839.83 ਮੀਟਰ ਹੋਵੇਗੀ ਅਤੇ ਇਹ ਸਿੱਧਵਾਂ ਨਹਿਰ ਵਾਲੇ ਪਾਸਿਓ ਤੋਂ ਹੀਰੋ ਬੇਕਰੀ ਸਾਈਡ ਵੱਲ, ਮੌਜੂਦਾ ਰੇਲਵੇ ਟਰੈਕ ਉਪਰ ਪੱਖੋਵਾਲ ਰੋਡ ਦੇ ਨਾਲ, ਆਰ.ਯੂ.ਬੀ.ਇੱਕ ਦੀ ਲੰਬਾਈ 458.20 ਮੀਟਰ ਹੋਵੇਗੀ (ਹੀਰੋ ਬੇਕਰੀ ਤੋਂ ਸਿੱਧਵਾਂ ਨਹਿਰ ਵਾਲੇ ਪਾਸੇ, ਮੌਜੂਦਾ ਰੇਲਵੇ ਟਰੈਕ ਦੇ ਅਧੀਨ ਪੱਖੋਵਾਲ ਰੋਡ ਦੇ ਨਾਲ), ਜਦੋਂ ਕਿ ਆਰ.ਯੂ.ਬੀ. ਦੋ ਦੀ ਲੰਬਾਈ 1018.46 ਮੀਟਰ (ਇਸ਼ਮੀਤ ਰੋਡ ਤੋਂ ਰੋਟਰੀ ਕਲੱਬ ਰੋਡ ਅਤੇ ਫਿਰੋਜ਼ਪੁਰ ਰੋਡ ਅਤੇ ਇਸ਼ਮੀਤ ਰੋਡ ਤੋਂ ਪੱਖੋਵਾਲ ਰੋਡ ਵੱਲ) ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਇਕ ਮੁੱਖ ਵਾਅਦਾ ਸੀ ਜੋ ਉਨ੍ਹਾਂ ਲੁਧਿਆਣਾ (ਪੱਛਮੀ) ਹਲਕੇ ਦੇ ਵਸਨੀਕਾਂ ਨਾਲ ਕੀਤਾ ਸੀ ਅਤੇ ਇਸੇ ਕਰਕੇ ਉਹ ਵਿਅਕਤੀਗਤ ਤੌਰ ਤੇ ਇਸਦੀ ਦੇਖ-ਰੇਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਆਰ. ਯੂ. ਬੀ. ਦਾ ਇਕ ਪਾਸਾ ਸ਼ੁਰੂ ਹੋਵੇਗਾ, ਤਾਂ ਇਹ ਨਿਰਮਾਣ ਕਾਰਜ ਚੱਲਣ ਕਾਰਨ ਵਸਨੀਕਾਂ ਨੂੰ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਦੇਵੇਗਾ। ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਜਲਦ ਤੋਂ ਜਲਦ ਰੇਲਵੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਇਸ ਪ੍ਰਾਜੈਕਟ ਵਿੱਚ ਕੋਈ ਦੇਰੀ ਨਾ ਹੋਵੇ।