Arash Info Corporation

ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੀ ਜਾਵੇਗੀ ਮਸ਼ੀਨਾਂ ਰਾਹੀਂ ਸਫਾਈ ਦੀ ਸ਼ੁਰੂਆਤ - ਭਾਰਤ ਭੂਸ਼ਣ ਆਸ਼ੂ

21

December

2020

ਲੁਧਿਆਣਾ, 21 ਦਸੰਬਰ (ਬਿਕਰਮਪ੍ਰੀਤ) - ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ, ਰਿਸ਼ੀ ਨਗਰ, ਰਾਜਗੁਰੂ ਨਗਰ ਅਤੇ ਸੰਤ ਈਸ਼ਰ ਸਿੰਘ ਨਗਰ ਖੇਤਰਾਂ ਵਿੱਚ ਮਸ਼ੀਨਾਂ ਰਾਹੀਂ ਸਫਾਈ ਦੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵਿੱਚ ਸਫ਼ਾਈ ਕਰਮਚਾਰੀਆਂ ਦੀ ਘਾਟ ਕਾਰਨ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਵੱਲੋਂ ਹਮੇਸ਼ਾਂ ਵਾਧੂ ਕਰਮਚਾਰੀਆਂ ਦੀ ਮੰਗ ਸਬੰਧੀ ਸ਼ਿਕਾਇਤ ਰਹੀ ਹੈ। ਸ੍ਰੀ ਆਸ਼ੂ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਵਜੋਂ ਨਗਰ ਸੁਧਾਰ ਟਰੱਸਟ ਰਿਸ਼ੀ ਨਗਰ ਖੇਤਰ ਤੋਂ ਮਕੈਨੀਆਇਜਡ ਸਵੀਪਿੰਗ ਸ਼ੁਰੂ ਕਰ ਰਹੀ ਹੈ ਅਤੇ ਬਾਅਦ ਵਿੱਚ ਇਸਨੂੰ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ, ਰਾਜਗੁਰੂ ਨਗਰ ਅਤੇ ਸੰਤ ਈਸ਼ਰ ਸਿੰਘ ਨਗਰ ਇਲਾਕਿਆਂ ਵਿੱਚ ਵੀ ਲਾਂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਾਜੈਕਟ ਦੀ ਪ੍ਰਗਤੀ ’ਤੇ ਨਿੱਜੀ ਤੌਰ ਤੇ ਨਜ਼ਰ ਰੱਖਣਗੇ ਅਤੇ ਕਿਸੇ ਵੀ ਖਾਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਆਸ਼ੂ ਵੱਲੋਂ ਇਹ ਗੱਲ ਸਥਾਨਕ ਇੱਕ ਸਟੈਟਿਕ ਕੰਪੈਕਟਰ ਦਾ ਉਦਘਾਟਨ ਕਰਨ ਤੋਂ ਬਾਅਦ ਰਿਸ਼ੀ ਨਗਰ ਦੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਠੋਸ ਰਹਿੰਦ-ਖੂੰਹਦ ਦੇ ਬਿਹਤਰ ਪ੍ਰਬੰਧਨ ਲਈ ਇਹ ਸਟੈਟਿਕ ਕੰਪੈਕਟਰ ਲਗਾਏ ਗਏ ਹਨ. ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਸੁਬਰਾਮਨੀਅਮ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਟੈਂਡਰ ਅਗਲੇ ਹਫਤੇ ਜਾਰੀ ਕੀਤੇ ਜਾਣਗੇ ਅਤੇ ਪ੍ਰਾਜੈਕਟ ਜਲਦ ਹੀ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕੂੜਾ ਮੁਕਤ ਲੁਧਿਆਣਾ ਬਣਾਉਣ ਲਈ ਵਚਨਬੱਧ ਹਨ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮਾਜਿਕ ਕੰਮ ਲਈ ਨਗਰ ਨਿਗਮ ਦੀ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਠੋਸ ਰਹਿੰਦ-ਖੂੰਹਦ ਦੇ ਬਿਹਤਰ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੁੱਲ 40 ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ 18 ਦੇ ਕੰਮ ਚੱਲ ਰਹੇ ਹਨ, ਜਦੋਂ ਕਿ ਬਾਕੀ 22 ਪਾਈਪ ਲਾਈਨ ਵਿਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟੈਟਿਕ ਕੰਪੈਕਟਰਾਂ ’ਤੇ ਠੋਸ ਕੂੜੇ ਨੂੰ ਪਹਿਲਾਂ ਗਿੱਲੇ ਅਤੇ ਸੁੱਕੇ ਕੂੜੇਦਾਨ ਵਿੱਚ ਵੰਡਿਆ ਜਾਂਦਾ ਹੈ ਅਤੇ ਫਿਰ ਪੰਜ ਵਾਰ ਕੰਪ੍ਰੈਸ ਕੀਤਾ ਜਾਂਦਾ ਹੈ ਤਾਂ ਜੋ ਇਸ ਦੇ ਪ੍ਰਬੰਧਨ ਲਈ ਸਹੀ ਢੰਗ ਨਾਲ ਢੋਇਆ ਜਾ ਸਕੇ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਸ ਜਗ੍ਹਾ ’ਤੇ ਗ੍ਰੀਨ ਬੈਲਟ ਦਾ ਨਿਰਮਾਣ ਕੀਤਾ ਜਾਵੇਗਾ, ਜਿਥੇ ਰਿਸ਼ੀ ਨਗਰ ਦੇ ਸਰਕਾਰੀ ਪੌਲੀਟੈਕਨਿਕ ਕਾਲਜ ਦੇ ਨਜ਼ਦੀਕ ਕੂੜੇ ਦਾ ਡੰਪ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਸ ਖੇਤਰ ਨੂੰ ਸਾਫ਼ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਖੇਤਰ ਵਿਚੋਂ ਇਕੱਠਾ ਕੀਤਾ ਗਿਆ ਕੂੜਾ ਕਰਕਟ ਸਿੱਧਾ ਸਟੈਟਿਕ ਕੰਪੈਕਟਟਰ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਸੁੱਕੇ ਅਤੇ ਗਿੱਲੇ ਕੂੜੇ ਕਰਕਟ ਨੂੰ ਵੱਖਰਾ ਕਰਨ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹਿਰ ਦੇ ਰਿਸ਼ੀ ਨਗਰ ਖੇਤਰ ਵਿੱਚ ਇੱਕ ਪਾਰਕ ਜਿਮ ਦਾ ਉਦਘਾਟਨ ਵੀ ਕੀਤਾ।