ਐ ਵੀ ਰੱਬ ਦੇ ਜੀਅ ਨੇ...

21

December

2020

ਅੱਜ ਰਾਤੀ ਜਦੋਂ ਮੈਂ ਰਸੋਈ ਦਾ ਕੰਮ ਮੁਕਾ ਬਾਹਰ ਗਲੀ ਵਿੱਚ ਸੈਰ ਲਈ ਆਈ, ਆਪਣੀ ਧੀ ਸਿਮਰ ਤੇ ਉਸਦੀ ਸਹੇਲੀ ਹਰਸੁੱਖ ,ਜੋ ਕਿ ਗੱਲਾਂ ਵਿੱਚ ਰੁੱਝੀਆਂ ਹੋਈਆਂ ਸਨ, ਨੂੰ ਸੁਣ ਮੇਰੇ ਬੁੱਲ੍ਹਾਂ ਤੇ ਹਾਸੀ ਫੈਲ ਗਈ।ਪਰ ਮੈਂ ਬੁੱਲ੍ਹ ਮੀਚ ਲਏ।ਇਹ ਸੋਚ ਕੇ ਕਿ ਕਿਧਰੇ ਮੇਰੀ ਧੀ ਤੇ ਉਸਦੀ ਸਹੇਲੀ ਮੈਥੋਂ ਸੰਗਕੇ ਆਪਣੀਆਂ ਗੱਲਾਂ ਬੰਦ ਨਾ ਕਰ ਦੇਣ ਜਾਂ ਗੁੱਸਾ ਨਾ ਕਰ ਲੈਣ ਮੇਰੇ ਹੱਸਣ ਦਾ। ਦੋਵਾਂ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣ ਮੇਰਾ ਜੀਅ ਹੋਇਆ ਮੈਂ ਵੀ ਉਨ੍ਹਾਂ ਦੀ ਹਾਨਣ ਬਣ ਜਾਵਾਂ ਤੇ ਗੱਲਾਂ ’ਚ ਸਾਂਝ ਪਾਵਾਂ।ਮੈ ਉੱਥੇ ਖੜ੍ਹੀ-ਖੜ੍ਹੀ ਆਪਣੇ ਬਚਪਨ ਵਿੱਚ ਪਹੁੰਚ ਗਈ।ਹੁਣ ਮੈਨੂੰ ਉਨ੍ਹਾਂ ਦੀਆਂ ਗੱਲਾਂ ਸੁਨਣੀਆਂ ਬੰਦ ਹੋ ਗਈਆਂ ਜਿਵੇਂ ਉਹ ਚੁੱਪ ਹੋ ਗਈਆਂ ਹੋਣ ਤੇ ਮੇਰੀ ਬੀਬੀ ਦੀਆਂ ਗੱਲਾਂ ਮੇਰੇ ਕੰਨਾਂ ’ਚ ਘੁੰਮਣ ਲੱਗੀਆਂ ਤੇ ਮੇਰੀ ਬੀਬੀ ਦਾ ਚਿਹਰਾ ਮੇਰੀਆਂ ਅੱਖਾਂ ਮੁਹਰੇ।ਅਸੀਂ ਤਿੰਨੋਂ ਭੈਣ-ਭਰਾ ਆਪਣੀ ਦਾਦੀ ਨੂੰ ਬੀਬੀ ਆਖਦੇ ਸਾਂ। ਉਹ ਜਦੋਂ ਵੀ ਰੋਟੀ ਪਕਾਉਂਦੇ ਕੁੱਤੇ ਵਾਸਤੇ ਇਕ-ਦੋ ਰੋਟੀਆਂ ਵਾਧੂ ਪਕਾਉਂਦੇਂ। ਉਹ ਆਖਦੇ , ‘ਐ ਵੀ ਰੱਬ ਦੇ ਜੀਅ ਨੇ। ਇਨ੍ਹਾਂ ਨੇ ਕਿਹੜੇ ਸਾਥੋੰ ਮੰਗ ਕੇ ਰੋਟੀ ਲੈਣੀ।ਇਹ ਤਾਂ ਸੁੱਖ ਭਾਲਦੇ ਸਭ ਦੀ। ਜਿੱਥੋੰ ਰੋਟੀ ਦੀ ਬੁਰਕੀ ਮਿਲਦੀ, ਉਸ ਘਰ ਦੀ ਰਾਖੀ ਕਰਦੇ। ਉਸਦੇ ਜੀਆਂ ਨੂੰ ਰੱਬ ਮੰਨਕੇ ਪੂਰੀ ਵਫਾਦਾਰ ਨਿਭਾਉੰਦੇ ਉਸ ਘਰ ਪ੍ਰਤੀ। ਪਿਛਲੀਆਂ ਯਾਦਾਂ ਦੇ ਟੁਕਡਇਆਂ ਵਿਚੋਂ ਇੱਕ ਟੁਕੜਾ ਹੋਰ ਉੱਲਰ ਕੇ ਮੇਰੇ ਸਾਹਮਣੇ ਜਿਊਂਦਾ ਜਾਗਦਾ ਖੜ੍ਹਾ ਹੋ ਗਿਆ। ਸਾਡੇ ਘਰ ਪਾਲ਼ੀ ਇੱਕ ਕੁੱਤੀ ਦੀ ਯਾਦ ਇਸ ਟੁਕੜੇ ਨਾਲ਼ ਚਿੰਮੜੀ ਹੋਈ ਸੀ , ਜਿਹੜੀ ਬੜੇ ਚਾਵਾਂ ਨਾਲ ਪਾਲੀ ਸੀ, ਨਾਂ ਸੀ ਲੂਸ਼ੀ।ਬੜਾ ਲਾਡ ਲਡਾਉਂਦੀ ਸੀ। ਜਦੋਂ ਕਿਸੇ ਜੀਅ ਨੇ ਕਿਤੇ ਬਾਹਰੋਂ ਆਉਣਾ,ਤਾਂ ਪੂਛ ਹਿਲਾਉਂਦੀ ਨੇ ਭੱਜ-ਭੱਜ ਕੇ ਕੋਲ ਨੂੰ ਆਉਣਾ। ਚਾਅ ਨਾਲ ਛਾਲਾਂ ਮਾਰਨੀਆਂ ਅੱਗੇ- ਪਿੱਛੇ ਘੁੰਮਣਾ ।ਜਦੋੰ ਬਾਪੂ ਜੀ ਨੇ ਰੋਪੜ ਤੋੰ ਸ਼ਾਮ ਨੂੰ ਸਾਇਕਲ ਤੇ ਘਰ ਆਉਣਾ ਲੂਸ਼ੀ ਨੇ ਨੱਠ ਕੇ ਪਹਿਲਾਂ ਹੀ ਅੱਗਿਓਂ ਘੇਰ ਲੈਣੇ। ਅਸੀਂ ਰੌਲਾ ਪਾਉਣਾ, ‘ਬਾਪੂ ਜੀ ਆ ਗਏ ! ਬਾਪੂ ਜੀ ਆ ਗਏ!’ ਅਸੀਂ ਆਪਣੇ ਦਾਦਾ ਜੀ ਨੂੰ ਬਾਪੂ ਜੀ ਸੱਦਦੇ ਹੁੰਦੇ ਸਾਂ। ਲੂਸ਼ੀ ਦੇ ਨਾਲ-ਨਾਲ ਸਾਨੂੰ ਵੀ ਚਾਅ ਚੜ੍ਹ ਜਾਣਾ ।ਅਸੀਂ ਉਨ੍ਹਾਂ ਦਾ ਝੋਲਾ ਫਰੋਲਣਾ ਕਿ ਸਾਡੇ ਲਈ ਕੀ ਲੈ ਕੇ ਆਏ ਨੇ।ਅਚਾਨਕ ਮੇਰੀ ਧੀ ਮੇਰੀ ਬਾਂਹ ਹਲੂਣਦੀ ਹੋਈ ਗਲੀ ਦੇ ਮੌੜ ਵੱਲ ਇਛਾਰਾ ਕਰਕੇ ਆਖਣ ਲੱਗੀ,’ ਮੰਮੀ ਓ ਦੇਖੋ, ਮਿਸ਼ਰੀ ਘੁੰਮਦਾ। ਲਓ ਜੀ ਐਂਗਰੀ ਵਰਲਡ ਵੀ ਆ ਗਿਆ। ‘ਐਨੇ ਨੂੰ ਹਰਸੁੱਖ ਉੱਚੀ ਦੇ ਕੇ,’ ਦੇਖੋ!ਦੇਖੋ!ਟਾਇਗਰ, ਪੋਪਲੂ ਤੇ ਕੋਕੋ ਇਹ ਤਾਂ ਸਾਰੇ ਤੁਰੇ ਹੋਏ ਨੇ।‘ਆਪਣੀ ਧੀ ਤੇ ਉਸ ਦੀ ਸਹੇਲੀ ਦੇ ਚਿਹਰਿਆਂ ਤੇ ਹੁਲਾਰ ਵੇਖਕੇ ਅਤੇ ਵੱਖੋ-ਵੱਖਰੇ ਨਾਂ ਸੁਣ, ਹੁਣ ਇਸ ਵਾਰ ਮੈਂ ਆਪਣੇ ਆਪ ਨੂੰ ਰੋਕ ਨਾ ਪਾਈ ਅਤੇ ਹੱਸ ਪਈ।ਕਿਉੰਕਿ ਇਹ ਨਾਂ ਜਿਹੜੇ ਓਹ ਖੁਸ਼ੀ ਵਿੱਚ ਵਾਰ- ਵਾਰ ਦੁਹਰਾ ਰਹੀਆਂ ਸਨ, ਕਤੂਰਿਆਂ ਦੇ ਸਨ।ਨਾਲ ਹੀ ਮੇਰੀ ਧੀ ਹੋਰ ਖ਼ੁਸ਼ੀ ਵਿੱਚ ਚਹਿਕ ਉੱਠੀ ਅਤੇ ਉੱਥੇ ਖੜ੍ਹੀ ਛਾਲਾਂ ਮਾਰ-ਮਾਰ ਕੇ ਆਖਣ ਲੱਗੀ’ ਲਓ ਜੀ! ਉਹਨਾਂ ਦੀ ਮੰਮੀ ਚਿੱਟੋ ਵੀ ਆ ਗਈ।’ ਗੁਗਲੂ-ਮੁਗਲੂ ਕਤੂਰੇ ਤੇ ਨਾਲ ਉਨ੍ਹਾਂ ਦੀ ਮੰਮੀ ਵੇਖ, ਮੇਰਾ ਚਿੱਤ ਕਰੇ ਮੈਂ ਉਨ੍ਹਾਂ ਨੂੰ ਵੇਖੀ ਜਾਵਾਂ।ਕਤੂਰੇ ਆਪਣੀ ਮੰਮੀ ਦੇ ਆਲੇ- ਦੁਆਲੇ ਛਾਲਾਂ ਮਾਰਦੇ ਤੁਰੇ ਹੋਏ ਸਨ।ਐਨੇ ਨੂੰ ਇੱਕ 15-16 ਸਾਲ ਦੀ ਕੁੜੀ ਨੇ ਪਿੱਛੋਂ ਆ ਕੇ ਇੱਕ ਕਤੂਰਾ ਨੂੰ ਲਾਡ ਨਾਲ਼ ਪੁਚਕਰਦੀ ਹੋਈ ਨੇ ਆਪਣੀ ਗੋਦੀ ਚੁੱਕ ਲਿਆ ਅਤੇ ਪਿੱਛੇ ਨੂੰ ਮੁਡ? ਪਈ। ਸਾਰੇ ਕਤੂਰੇ ਅਤੇ ਚਿੱਟੋ ਉਹਦੇ ਨਾਲ਼- ਨਾਲ਼ ਭੱਜਣ ਲੱਗੇ। ਉਸ ਕੁੜੀ ਨਾਲ ਕਤੂਰਿਆਂ ਦਾ ਲਗਾਅ ਦੇਖ ਮੈਂ ਹੋਰ ਹੈਰਾਨ ਹੋਈ।ਮੈਂ ਆਪਣੀ ਬੇਟੀ ਨੂੰ ਪੁੱਛਿਆ," ਇਹ ਕੌਣ ਐ ?‘ਮੇਰੀ ਬੇਟੀ ਆਖਣ ਲੱਗੀ,’ ਇਹ ਖੁਰਾਣਾ ਅੰਕਲ ਦੀ ਬੇਟੀ ਐ , ਟਿੰਮਸੀ ਦੀਦੀ। ਇਨ੍ਹਾਂ ਦੇ ਨੇ ਇਹ ਸਾਰੇ ਕਤੂਰੇ। ਟਿੰਮਸੀ ਦੀਦੀ ਨੇ ਹੀ ਕਤੂਰਿਆਂ ਦੇ ਨਾਂ ਰੱਖੇ।’ ਦੋਵੇਂ ਸਹੇਲੀਆਂ ਜ਼ਿੱਦ ਕਰਨ ਲੱਗੀਆ,’ ਸਾਡੇ ਨਾਲ ਚੱਲੋ ,ਅਸੀਂ ਕਤੂਰੇ ਵੇਖ ਕੇ ਆਉਣੇ।‘ਉਹ ਦੋਵੇਂ ਅੱਗੇ-ਅੱਗੇ ਅਤੇ ਪਿੱਛੇ- ਪਿੱਛੇ ਮੈਂ ਉਨ੍ਹਾਂ ਦੇ ਨਾਲ ਤੁਰ ਪਈ।ਅੱਗਿਓੰ ਹਰਸੁੱਖ ਦੇ ਮੰਮੀ ਵੀ ਘਰੋਂ ਬਾਹਰ ਆ ਗਏ ,ਉਹ ਵੀ ਸਾਡੇ ਨਾਲ ਹੀ ਤੁਰ ਪਏ। ਜਦੋਂ ਅਸੀਂ ਅਗਲੀ ਗਲੀ ਵਿੱਚ ਖੁਰਾਣਾ ਅੰਕਲ ਦੇ ਘਰ ਕੋਲ ਪਹੁੰਚੇ ਤਾਂ ਅਸੀਂ ਵੇਖਿਆ ਕੁਝ ਕਤੂਰੇ ਗੇੰਦ ਨਾਲ ਖੇਡ ਰਹੇ ਸਨ ਅਤੇ ਕੁਝ ਟਿੰਮਸੀ ਦੇ ਆਲੇ- ਦੁਆਲੇ ਲਾਡ ਨਾਲ਼ ਛਾਲਾਂ ਮਾਰ ਰਹੇ ਸਨ।ਥੋੜ੍ਹੀ ਦੇਰ ਬਾਅਦ ਟਿੰਮਸੀ ਆਖਣ ਲੱਗੀ,’ ਹੁਣ ਇਨ੍ਹਾਂ ਦੇ ਸੌਣ ਦਾ ਸਮਾਂ ਹੋ ਗਿਆ।’ ਉਸ ਨੇ ਆਪਣੇ ਘਰ ਦੇ ਨਾਲ ਹੀ ਇੱਕ ਖਾਲੀ ਪਏ ਘਰ ਦਾ ਗੇਟ ਖੋਲ੍ਹ ਦਿੱਤਾ ਤੇ ਸਾਰੇ ਕਤੂਰੇ ਝੱਟ ਗੇਟ ਅੰਦਰ ਵੜ ਗਏ।ਅਸੀਂ ਉਨ੍ਹਾਂ ਨੂੰ ਕੰਧ ਉੱਪਰੋਂ ਵੇਖਣ ਲੱਗੇ।ਅੰਦਰ ਫਰਸ਼ ਤੇ ਡੱਬੇ ਰੱਖੇ ਹੋਏ ਸਨ ਅਤੇ ਡੱਬਿਆਂ ਵਿੱਚ ਬੋਰੀਆਂ ਵਿਛਾਈਆਂ ਹੋਈਆਂ ਸਨ। ਉਹ ਸਾਰੇ ਕਤੂਰੇ ਉਨ੍ਹਾਂ ਡੱਬਿਆਂ ਦੇ ਵਿੱਚ ਵੜ ਕੇ ਬੈਠ ਗਏ ਅਤੇ ਉੱਪਰੋਂ ਟਿੰਮਸੀ ਨੇ ਉਨ੍ਹਾਂ ਨੂੰ ਢੱਕ ਦਿੱਤਾ।ਮੈਂ ਵੇਖ ਕੇ ਹੈਰਾਨ ਰਹਿ ਗਈ ਕਿ ਇਹ ਬੱਚੀ ਕਿਵੇਂ ਕਤੂਰਿਆਂ ਨੂੰ ਲਾਡ ਨਾਲ ਪਾਲ ਰਹੀ ਹੈ।ਉਨ੍ਹਾਂ ਲਈ ਛੋਟੇ-ਛੋਟੇ ਸਵੈਟਰ ਵੀ ਰੱਖੇ ਨੇ।ਸਵੇਰੇ ਸ਼ਾਮ ਪਾਲ਼ੇ ਤੋੰ ਬਚਾਉਣ ਲਈ ਸਵੈਟਰ ਪਾਉਂਦੀ।ਉਨ੍ਹਾਂ ਨੂੰ ਰੋਟੀ ਦੀਆਂ ਛੋਟੀ-ਛੋਟੀਆਂ ਬੁਰਕੀਆਂ ਤੋੜ ਦੁੱਧ ਵਿੱਚ ਪਾ ਕੇ ਖਿਲਾਉਂਦੀ। ਉਸ ਨੂੰ ਵੇਖ ਕੇ ਹੋਰ ਗੁਆਂਢ ਦੇ ਲੋਕ ਵੀ ਉਨ੍ਹਾਂ ਕਤੂਰਿਆਂ ਦੀ ਬਹੁਤ ਸੇਵਾ ਕਰਦੇ।ਉਨ੍ਹਾਂ ਕਤੂਰਿਆਂ ਨੂੰ ਵੇਖ ਕੇ ਮੈਨੂੰ ਆਪਣੀ ਬੀਬੀ ਦੇ ਕਹੇ ਬੋਲ ਯਾਦ ਆ ਗਏ ,‘ਐ ਵੀ ਰੱਬ ਦੇ ਜੀਅ ਨੇ’। (ਮਨਦੀਪ ਰਿੰਪੀ, ਰੋਪੜ)