‘ਹੰਗਰ ਇੰਡੇਕਸ ਮਗਰੋਂ ਸਾਡਾ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਪਿਛੜਨਾ ਚਿੰਤਾ ਦਾ ਵਿਸ਼ਾ!’

21

December

2020

ਭੁੱਖਮਰੀ ਤੋਂ ਬਾਅਦ ਹੁਣ ਸੰਯੁਕਤ ਰਾਸ਼ਟਰ ਦੇ ਮਨੁੱਖੀ ਵਿਕਾਸ ਸੂਚਕ ਅੰਕ ’ਚ ਵੀ ਭਾਰਤ ਦਾ ਫਿਸਲਣਾ ਦੇਸ਼ ਨੂੰ ਸਹੀ ਅਰਥਾਂ ਵਿੱਚ ਮੁਹੱਬਤ ਕਰਨ ਵਾਲਿਆਂ ਲਈ ਯਕੀਨਨ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (United Nations 4evelopment Programme ਅਰਥਾਤ ਯੂ ਐਨ ਡੀ ਪੀ) ਵਲੋਂ ਜਾਰੀ 2020 ਰਿਪੋਰਟ ਅਨੁਸਾਰ ਮਨੁੱਖੀ ਵਿਕਾਸ ਸੂਚਕ ਅੰਕ ਵਿੱਚ ਭਾਰਤ 189 ਦੇਸ਼ਾਂ ਵਿੱਚੋਂ ਦੋ ਪਾਇਦਾਨ ਹੇਠਾਂ ਖਿਸਕ ਕੇ 131 ਆ ਗਿਆ ਹੈ । ਜਦੋਂ ਕਿ ਪਿਛਲੇ ਸਾਲ 129 ਸਥਾਨ ਤੇ ਸੀ। ਇਥੇ ਜਿਕਰਯੋਗ ਹੈ ਕਿ ਮਨੁੱਖੀ ਵਿਕਾਸ ਸੂਚਕਾਂਕ ਕਿਸੇ ਦੇਸ਼ ਦੀ ਸਿਹਤ, ਸਿੱਖਿਆ ਅਤੇ ਰਹਿਣ ਦੇ ਮਿਆਰਾਂ ਦਾ ਮਾਪ ਆਧਾਰਿਤ ਇਕ ਰਿਪੋਰਟ ਹੋਇਆ ਕਰਦੀ ਹੈ। ਇਸ ਵਰ੍ਹੇ 2020 ਦੀ ਹੋਈ ਜਾਰੀ ਰਿਪੋਰਟ ਜੋ ਖੁਲਾਸਾ ਹੋਇਆ ਹੈ ਉਸ ਅਨੁਸਾਰ ਮਨੁੱਖੀ ਵਿਕਾਸ ਰਿਪੋਰਟ ਵਿਚ 2019 ਵਿਚ ਭਾਰਤੀਆਂ ਦੀ ਸੰਭਾਵਤ ਉਮਰ ਦਰ 69.7 ਸਾਲ ਸੀ ਜਦੋਂ ਕਿ ਬੰਗਲਾਦੇਸ਼ ਵਿਚ ਇਹ ਦਰ 72.6 ਸਾਲ ਸੀ। ਰਿਪੋਰਟ ਵਿਚ ਦਿਖਾਇਆ ਗਿਆ ਹੈ ਕਿ ਨਾਰਵੇ ਇੰਡੈਕਸ ਵਿਚ ਪਹਿਲੇ ਨੰਬਰ ‘ਤੇ ਹੈ ਅਤੇ ਉਸ ਤੋਂ ਬਾਅਦ ਆਇਰਲੈਂਡ, ਸਵਿਟਜ਼ਰਲੈਂਡ, ਹਾਂਗ ਕਾਂਗ ਅਤੇ ਆਈਸਲੈਂਡ ਆਦਿ ਦੇਸ਼ ਆਉਂਦੇ ਹਨ । ਰਿਪੋਰਟ ਨੂੰ ਤਿਆਰ ਕਰਨ ਸਮੇਂ ਜਿਨ੍ਹਾਂ ਪੈਰਾਮੀਟਰ ਨੂੰ ਆਧਾਰ ਬਣਾਇਆ ਜਾਂਦਾ ਹੈ ਉਸ ਵਿੱਚ ਜਿਉਣ ਦੀ ਸੰਭਾਵਤ ਅਵਧੀ, ਸਿੱਖਿਆ ਅਤੇ ਆਮਦਨ ਨੂੰ ਇੱਕ ਸੰਗਠਤ ਅਤੇ ਮਿਸ਼ਰਤ ਅੰਕੜਾਤਮਕ ਪੈਮਾਨਾ ਤੇ ਮਾਪਿਆ ਜਾਂਦਾ ਹੈ ਇਨ੍ਹਾਂ ਸਭ ਦੇ ਅਧਾਰ ਤੇ ਹੀ ਦੁਨੀਆ ਦੇ ਵੱਖ-ਵੱਖ ਦੇਸਾਂ ਜਾਂ ਖੇਤਰਾਂ ਦੇ ਮਾਨਵੀ ਵਿਕਾਸ ਦੀ ਦਸ਼ਾ ਦੀ ਦਰਜਾਬੰਦੀ ਕੀਤੀ ਜਾਂਦੀ ਹੈ। ਇਥੇ ਜਿਕਰਯੋਗ ਹੈ ਕਿ ਭਾਰਤ ਦੇ ਪ੍ਰਸਿਧ ਅਰਥ ਸ਼ਾਸਤਰੀ ਅਮਰਤਿਆ ਸੇਨ ਅਤੇ ਪਾਕਿਸਤਾਨ ਦੇ ਅਰਥ ਸ਼ਾਸ਼ਤਰੀ ਮਹਿਬੂਬ-ਅਲ-ਹੱਕ ਇਸ ਉਕਤ ਸੂਚਕ ਅੰਕ ਨੂੰ ਤਿਆਰ ਕਰਨ ਵਾਲੇ ਬਾਨੀਆਂ ਚੋਂ ਹਨ, ਇਹਨਾਂ ਨੇ ਹੀ 1990 ਵਿੱਚ ਇਸ ਨੂੰ ਪਹਿਲੀ ਵਾਰ ਤਿਆਰ ਕੀਤਾ ਸੀ ਜਿਸ ਉਪਰੰਤ ਯੂਨਾਈਟਿਡ ਨੇਸ਼ਨ ਡਵੇਲਪਮੇਂਟ ਪ੍ਰੋਗਰਾਮ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ। ਇਸੇ ਦੇ ਅਧਾਰ ਤੇ ਹੁਣ ਯੂਨਾਈਟਿਡ ਨੇਸ਼ਨ ਡਵੇਲਪਮੇਂਟ ਪ੍ਰੋਗਰਾਮ ਹਰ ਸਾਲ ਵਿਸ਼ਵ ਮਨੁੱਖੀ ਵਿਕਾਸ ਰਿਪੋਰਟ ਤਿਆਰ ਕਰਦਾ ਹੈ ਜਿਸ ਦੇ ਤਹਿਤ ਵਿਸ਼ਵ ਦੇ ਅਲੱਗ ਅਲੱਗ ਦੇਸ਼ਾਂ ਦੀ ਮਾਨਵੀ ਵਿਕਾਸ ਦੇ ਮਿਆਰ ਅਨੁਸਾਰ ਦਰਜਾਬੰਦੀ ਕੀਤੀ ਜਾਂਦੀ ਹੈ। ਉਕਤ ਰਿਪੋਰਟ ਮੁਤਾਬਕ ਸਾਲ 2020 ਵਿੱਚ ਮਨੁੱਖੀ ਵਿਕਾਸ ਸੂਚਕ ਅੰਕ (8uman 4evelopment 9ndex) ਦੀ ਸੂਚੀ ’ਚ ਭਾਰਤ ਨੂੰ 131ਵਾਂ ਸਥਾਨ ਪ੍ਰਾਪਤ ਹੋਇਆ ਹੈ। ਇਸ ਸੂਚੀ ਵਿੱਚ ਕੁੱਲ 179 ਦੇਸ਼ ਸ਼ਾਮਲ ਕੀਤੇ ਗਏ ਹਨ। ਇਥੇ ਜਿਕਰਯੋਗ ਹੈ ਕਿ ਮਨੁੱਖੀ ਵਿਕਾਸ ਸੂਚਕ ਅੰਕ ਦਰਅਸਲ ਕਿਸੇ ਦੇਸ਼ ਦੇ ਸਿਹਤ, ਸਿੱਖਿਆ ਅਤੇ ਜੀਵਨ ਦੇ ਪੱਧਰ ਦਾ ਮਾਪ ਹੈ। ਮਨੁੱਖੀ ਵਿਕਾਸ ਰਿਪੋਰਟ ਅਨੁਸਾਰ ਸਾਲ 2019 ’ਚ ਭਾਰਤੀਆਂ ਦੀ ਉਮਰ ਦੀ ਉਮੀਦ 69.7 ਸਾਲ ਸੀ। ਬੰਗਲਾਦੇਸ਼ ’ਚ ਇਹ 72.6 ਸਾਲ ਅਤੇ ਪਾਕਿਸਤਾਨ ’ਚ 67.3 ਸਾਲ ਸੀ। ਰਿਪੋਰਟ ਮੁਤਾਬਕ ਭੂਟਾਨ 129ਵੇਂ ਸਥਾਨ ’ਤੇ, ਬੰਗਲਾਦੇਸ਼ 133ਵੇਂ ਸਥਾਨ ’ਤੇ, ਨੇਪਾਲ 142ਵੇਂ ਸਥਾਨ ’ਤੇ ਅਤੇ ਪਾਕਿਸਤਾਨ 154ਵੇਂ ਸਥਾਨ ’ਤੇ ਰਿਹਾ। ਜਦੋਂ ਕਿ ਸੂਚਕ ਅੰਕ ’ਚ ਨਾਰਵੇ ਸਭ ਤੋਂ ਉੱਪਰ ਰਿਹਾ ਅਤੇ ਉਸ ਤੋਂ ਬਾਅਦ ਆਇਰਲੈਂਡ, ਸਵਿਟਜ਼ਰਲੈਂਡ ਹਾਂਗਕਾਂਗ ਅਤੇ ਆਇਸਲੈਂਡ ਰਹੇ ਹਨ । ਭਾਵੇਂ ਉਕਤ ਸੂਚਕ ਅੰਕ ਦੇ ਸੰਦਰਭ ਵਿੱਚ ਯੂਐਨਡੀਪੀ ਦੇ ਰੈਜ਼ੀਡੈਂਟ ਪ੍ਰਤੀਨਿਧੀ ਸ਼ੋਕੋ ਨੋਡਾ ਦਾ ਇਹ ਵੀ ਆਖਣਾ ਹੈ ਕਿ ਭਾਰਤ ਦੀ ਰੈਂਕਿੰਗ ਚ' ਕਮੀ ਦਾ ਇਹ ਅਰਥ ਨਹੀਂ ਹੈ ਕਿ ‘ਭਾਰਤ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਬਲਕਿ ਇਸ ਦਾ ਅਰਥ ਹੈ ਕਿ ਹੋਰ ਦੇਸ਼ਾਂ ਨੇ ਬਿਹਤਰ ਕੀਤਾ।’ ਨੋਡਾ ਹੁਰਾਂ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦੂਜੇ ਦੇਸ਼ਾਂ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਭਾਰਤ ਵੱਲੋਂ ਕਾਰਬਨ ਉਤਸਰਜਨ ਘੱਟ ਕਰਨ ਦੀਆਂ ਕੋਸ਼ਿਸ਼ਾਂ ਦੀ ਵੀ ਤਾਰੀਫ਼ ਕੀਤੀ। ਜਦੋਂ ਕਿ ਪਿਛਲੇ ਦਿਨੀਂ ਜਾਰੀ ਰਿਪੋਰਟ ਮੁਤਾਬਕ ਕਮਾਉਣ ਦੀ ਤਾਕਤ ਬਰਾਬਰੀ (ਪੀਪੀਪੀ) ਦੇ ਆਧਾਰ ’ਤੇ 2018 ’ਚ ਭਾਰਤ ਦੀ ਪ੍ਰਤੀ ਵਿਅਕਤੀ ਕੁਲ ਰਾਸ਼ਟਰੀ ਆਮਦਨ 6829 ਅਮਰੀਕੀ ਡਾਲਰ ਸੀ ਜੋ 2019 ’ਚ ਡਿੱਗ ਕੇ 6681 ਡਾਲਰ ਹੋ ਗਈ। ਇਸ ਤੋਂ ਪਹਿਲਾਂ ਗਲੋਬਲ ਹੰਗਰ ਇੰਡੇਕਸ ਆਂਕੜਿਆਂ ਵਿੱਚ ਵੀ ਭਾਰਤ ਨੂੰ ਨਾਮੋਸ਼ੀ ਝੇਲਣੀ ਪਈ ਸੀ। ਗਲੋਬਲ ਹੰਗਰ ਇੰਡੇਕਸ 2019 ਵਿੱਚ ਭਾਰਤ ਵਿਸ਼ਵ ਦੇ ਉਨ੍ਹਾਂ 117 ਦੇਸ਼ਾਂ ਵਿੱਚੋਂ 102 ਵੇਂ ਨੰਬਰ ਤੇ ਰਿਹਾ ਹੈ ਜਿਥੇ ਬੱਚਿਆਂ ਦੀ ਲੰਬਾਈ ਦੇ ਅਨੁਸਾਰ ਵਜਨ ਨਹੀਂ ਹੈ ਤੇ ਬਾਲ ਮੌਤ ਦਰ ਵਧੇਰੇ ਹੈ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਹ ਰਿਪੋਰਟ ਕਿਸੇ ਦੇਸ਼ ਵਿੱਚ ਕੁਪੋਸ਼ਣ ਦੇ ਅਨੁਪਾਤ, ਪੰਜ ਸਾਲ ਤੋਂ ਘੱਟ ਉਮਰ ਤੋਂ ਕੰਮ ਵਾਲੇ ਬੱਚੇ ਜਿਨ੍ਹਾਂ ਦਾ ਵਜਨ ਜਾਂ ਲੰਬਾਈ ਉਮਰ ਦੇ ਹਿਸਾਬ ਤੋਂ ਘੱਟ ਹੈ ਅਤੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਵਿੱਚ ਮ੍ਰਿਤਕ ਦਰ ਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ। ਭਾਰਤ ਸਾਲ 2014 ਵਿੱਚ 55 ਵੇਂ ਸਥਾਨ ਤੇ ਸੀ। ਉਥੇ ਭਾਰਤ ਸਾਲ 2015 ਵਿੱਚ 80 ਵੇਂ ਸਥਾਨ ਤੇ, ਸਾਲ 2016 ਵਿੱਚ 97 ਵੇਂ ਸਥਾਨ ਤੇ, ਸਾਲ 20 17 ਵਿੱਚ 100 ਵੇਂ ਸਥਾਨ ਤੇ, ਅਤੇ ਸਾਲ 2018 ਵਿੱਚ 103 ਵੇਂ ਸਥਾਨ ਤੇ ਸੀ। ਜਦੋਂ ਕਿ ਸਾਲ 2010 ਵਿੱਚ 95 ਵੇਂ ਸਥਾਨ ਤੇ ਸੀ। ਵਿਸ਼ਵ ਵਿਚ ਬੱਚਿਆਂ ਦੇ ਮਾਮਲੇ ਵਿੱਚ ਸੱਭ ਤੋਂ ਖਰਾਬ ਪ੍ਰਦਰਸ਼ਨ ਯਮਨ, ਜਿਬੂਤੀ ਅਤੇ ਭਾਰਤ ਦਾ ਰਿਹਾ ਜਿਨ੍ਹਾਂ ਦਾ 17.9 %ਤੋਂ 20.8% ਦੇ ਵਿਚਕਾਰ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ 6 ਤੋਂ 23 ਮਹੀਨੇ ਵਿਚਕਾਰਲੀ ਉਮਰ ਦੇ ਮਹਿਜ 9.6 % ਬੱਚਿਆਂ ਨੂੰ ਹੀ " ਨਿਊਨਤਮ ਸਵੀਕਾਰਿਆ ਆਹਾਰ'' ਦਿੱਤਾ ਜਾਂਦਾ ਹੈ। ਰਿਪੋਰਟ ਵਿਚ 2016-18 ਦੇ ਵਿਚਕਾਰ ਕਰਵਾਏ ਇਕ ਸਰਵੇ ਦੇ ਆਧਾਰ ਤੇ ਦੱਸਿਆ ਹੈ ਕਿ ਭਾਰਤ 35 % ਬੱਚੇ ਛੋਟੇ ਕੱਦ ਦੇ ਹਨ ਜਦਕਿ 17 % ਫੀਸਦੀ ਬੱਚੇ ਕਮਜ਼ੋਰ ਪਾਏ ਗਏ ਸਨ। ਗਲੋਬਲ ਹੰਗਰ ਇੰਡੇਕਸ ਅੰਕੜਿਆਂ ਅਨੁਸਾਰ ਭਾਰਤ 117 ਦੇਸ਼ਾਂ ਦੀ ਸੂਚੀ ਵਿੱਚ 102 ਵੇਂ ਸਥਾਨ ਤੇ ਸੀ ਜਦੋਂ ਕਿ ਗੁਆਂਢੀ ਦੇਸ਼ਾਂ ਵਿੱਚ ਨੇਪਾਲ, ਪਾਕਿਸਤਾਨ ਅਤੇ ਬੰਗਲਾਦੇਸ਼ ਭਾਰਤ ਨਾਲੋਂ ਬਿਹਤਰ ਸਥਿਤੀ ਵਿਚ ਸਨ । ਇਸੇ ਰਿਪੋਰਟ ਬੇਲਾਰੂਸ, ਯੂਕਰੇਨ, ਤੁਰਕੀ, ਕਿਊਬਾ ਅਤੇ ਕੁਵੈਤ ਸਮੇਤ 17 ਦੇਸ਼ ਪੰਜ ਤੋਂ ਘੱਟ ਵਾਲੇ ਅੰਕਾਂ ਵਿੱਚੋਂ ਉਪਰਲੇ ਸਥਾਨਾਂ ਤੇ ਹਨ ਇਸ ਸੰਦਰਭ ਵਿੱਚ ਆਇਰਲੈਂਡ ਦੀ ਏਜੰਸੀ "ਕੰਸਰਨ ਵਰਲਡ ਵਾਈਡ" ਅਤੇ ਜਰਮਨੀ ਦੇ ਸੰਗਠਨ" ਵੇਲਟ ਹੰਗਰ ਹਿਲਫੇ " ਦੁਆਰਾ ਸਾਂਝੇ ਰੂਪ ਵਿੱਚ ਤਿਆਰ ਕੀਤੀ ਰਿਪੋਰਟ ਵਿਚ ਭਾਰਤ ਦੀ ਭੁੱਖਮਰੀ ਦੀ ਸਮੱਸਿਆ ਨੂੰ ਗੰਭੀਰ ਗਰਦਾਨਿਆ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਲੋੜ ਹੈ ਦੇਸ਼ ਦੇ ਸਰਵਪੱਖੀ ਵਿਕਾਸ ਲਈ ਹੰਭਲਾ ਮਾਰਨ ਦੀ ਇਸ ਦੇ ਲਈ ਲੋਕਾਂ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਨਫਰਤ ਦੀ ਰਾਜਨੀਤੀ ਨੂੰ ਤਿਆਗਣ ਤੇ ਮੁਹੱਬਤ ਅਤੇ ਵਿਸ਼ਵਾਸ ਦਾ ਵਾਤਾਵਰਣ ਬਣਾਉਣਾ ਯਕੀਨੀ ਬਣਾਉਣ, ਕਿਉਂਕਿ ਡਰ ਅਤੇ ਨਫਰਤ ਦੇ ਮਾਹੌਲ ਵਿੱਚ ਕੋਈ ਰਾਸ਼ਟਰ ਕਦੀ ਹਕੀਕੀ ਤਰੱਕੀ ਨਹੀਂ ਕਰ ਸਕਦਾ ਤੇ ਇਸ ਦੇ ਨਾਲ ਹੀ ਨਾ ਕੁਪੋਸ਼ਣ ਤੇ ਭੁੱਖਮਰੀ ਦੇ ਸ਼ਿਕਾਰ ਬੱਚਿਆਂ ਤੋਂ ਕਿਸੇ ਮਨੁੱਖੀ ਵਿਕਾਸ ਸੂਚਕ ਅੰਕ ਦੀ ਤਸੱਲੀਬਖਸ਼ ਉਮੀਦ ਰੱਖੀ ਜਾ ਸਕਦੀ ਹੈ ...!!! (ਅੱਬਾਸ ਧਾਲੀਵਾਲ ) (ਮਲੇਰਕੋਟਲਾ ) (ਸੰਪਰਕ: 9855259650)