ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਹੀ ਵਿਤਕਰਾ ਕਿਉਂ ?

18

December

2020

ਕਿਸੇ ਵੀ ਦੇਸ਼ ਜਾਂ ਕੌਮ ਦੀ ਤਰੱਕੀ ਉਸਦੀ ਦੇ ਲੋਕਾਂ ਦੀ ਸਿੱਖਿਆ ਦੇ ਨਿਰਭਰ ਕਰਦੀ ਹੈ। ਜਿਸ ਦੇਸ਼ ਦੇ ਲੋਕ ਜ਼ਿਆਦਾ ਪੜ੍ਹੇ ਲਿਖੇ, ਸੂਜਵਾਨ, ਕੰਮਾਂ ਦੇ ਮਾਹਿਰ ਹੋਣਗੇ ਉਹੀ ਦੇਸ਼ ਵਿਕਸਤ ਦੇਸ ਬਣ ਸਕਦਾ ਹੈ। ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਲਈ ਪੜਿ੍ਹਆ ਲਿਖਿਆ ਹੋਣਾ ਬਹੁਤ ਜਰੂਰੀ ਹੈ। ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੈ ਇਸ ਲਈ ਬਾਕੀ ਵਿਸ਼ਿਆਂ ਦੀ ਪੜ੍ਹਾਈ ਨੇ ਨਾਲ ਨਾਲ ਕੰਪਿਊਟਰ ਸਿੱਖਿਆ ਹਾਸਲ ਕਰਨੀ ਸਭ ਤੋਂ ਵੱਧ ਮਹੱਤਵਪੂਰਨ ਹੈ। ਜਦੋਂ ਦੀ ਸੰਸਾਰ ਵਿੱਚ ਕੋਰੋਨਾ ਮਹਾਂਮਾਰੀ ਨੇ ਦਸਤਕ ਦਿੱਤੀ ਹੈ ਤੇ ਪੰਜਾਬ ਦੇ ਸਮੂਹ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਸਰਕਾਰ ਨੂੰ ਸਕੂਲ ਬੰਦ ਕਰਨੇ ਪਏ ਉਸੇ ਦਿਨ ਤੋਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਲਈ ਆਨ ਲਾਈਨ ਸਿੱਖਿਆ ਸ਼ੁਰੂ ਕੀਤੀ ਗਈ। ਇਸ ਆਨ ਲਾਈਨ ਸਿੱਖਿਆ ਨੂੰ ਸਫ਼ਲ ਬਣਾਉਣ ਵਿੱਚ ਕੰਪਿਊਟਰ ਅਧਿਆਪਕਾਂ ਨੇ ਭਰਪੂਰ ਸਹਿਯੋਗ ਦਿੱਤਾ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾ ਕੀਤਾ। ਅੱਜ ਕੱਲ ਹਰ ਵਿਦਿਆਰਥੀ ਆਨ ਲਾਈਨ ਸਿੱਖਿਆ ਨੂੰ ਮੋਬਾਇਲ ਤੇ ਕੰਪਿਊਟਰ ਦੇ ਮਾਧਿਅਮ ਨਾਲ ਆਪਣੀ ਪੜ੍ਹਾਈ ਕਰ ਰਿਹਾ ਹੈ। ਅੱਜ ਕੱਲ ਹਰ ਇੱਕ ਬੱਚੇ ਤੋਂ ਲੈਕੇ ਬਜੁਰਗ ਤੱਕ ਮੋਬਾਇਲ ਅਤੇ ਇੰਟਰਨੈੱਟ ਆਦਿ ਦੀ ਵਰਤੋਂ ਕਰਦਾ ਹੈ ਇਸ ਲਈ ਮੋਬਾਇਲ ਅਤੇ ਕੰਪਿਊਟਰ ਦੇ ਫੰਕਸ਼ਨਾਂ ਦੀ ਜਾਣਕਾਰੀ ਹਾਸਲ ਕਰਨ ਲਈ ਕੰਪਿਊਟਰ ਵਿਸ਼ੇ ਦੀ ਸਿੱਖਿਆ ਹਰੇਕ ਲਈ ਲਾਜਮੀ ਹੋਣੀ ਚਾਹੀਦੀ ਹੈ। ਆਨਲਾਈਨ ਸਿੱਖਿਆ ਨੂੰ ਲਾਗੂ ਕਰਨ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕੰਪਿਊਟਰ ਅਧਿਆਪਕ ਬਿਹਤਰੀਨ ਤੇ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ। ਬੱਚਿਆਂ ਨੂੰ ਘਰ ਬੈਠੇ ਹੀ ਕੰਪਿਊਟਰ ਵਿਸ਼ੇ ਦੀ ਵਧੀਆ ਤਰੀਕੇ ਨਾਲ ਈ ਕੰਟੈਨਟ, ਨੋਟਸ, ਲੈਕਚਰ, ਕੁਇੱਜ਼ ਮੁਕਾਬਲੇ, ਪੀ ਪੀ ਟੀ ਮੁਕਾਬਲੇ, ਲਿਖਤੀ ਟੈਸਟ ਆਦਿ ਜਰੀਏ ਪੜ੍ਹਾਈ ਕਰਵਾਈ ਜਾ ਰਹੀ ਹੈ। ਕੰਪਿਊਟਰ ਅਧਿਆਪਕ ਸਰਕਾਰੀ ਸਕੂਲਾਂ ਲਈ ਰੀੜ ਦੀ ਹੱਡੀ ਬਣ ਚੁੱਕੇ ਹਨ, ਜਿਨ੍ਹਾਂ ਤੋਂ ਬਿਨਾਂ ਸਕੂਲ ਚਲਾਉਣਾ ਅਸੰਭਵ ਹੋ ਗਿਆ ਹੈ ਕਿਉਂਕਿ ਅੱਜ ਕੱਲ ਹਰ ਇੱਕ ਕੰਮ ਆਨ ਲਾਈਨ ਹੋਣ ਕਰਕੇ ਕੰਪਿਊਟਰ ਅਧਿਆਪਕਾਂ ਦੀ ਸਹਾਇਤਾ ਲਈ ਜਾਂਦੀ ਹੈ। ਜਿਸ ਤਰ੍ਹਾਂ ਸਾਡਾ ਗੁਆਂਢੀ ਦੇਸ਼ ਚੀਨ ਵਿਸ਼ਵ ਦਾ ਸਭ ਤੋਂ ਵੱਧ ਜਨਸੰਖਿਆਂ ਵਾਲਾ ਦੇਸ਼ ਹੋਣ ਦੇ ਬਾਵਜੂਦ ਵਿਸ਼ਵ ਦੀ ਇੱਕ ਮਹਾਂਸ਼ਕਤੀ ਬਣ ਕੇ ਬਹੁਤ ਤੇਜੀ ਨਾਲ ਉਭਰ ਰਿਹਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਹੈ ਕਿ ਉਸ ਨੇ ਜਨਸੰਖਿਆਂ ਅਤੇ ਸਿੱਖਿਆ ਦੇ ਤੱਤ ਨੂੰ ਦੇਸ਼ ਦੇ ਵਿਕਾਸ ਵਿੱਚ ਪ੍ਰਯੋਗ ‘ਚ ਲਿਆਉਣਾ ਸਿੱਖ ਲਿਆ ਹੈ ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਆਪਣੀ ਜਨਸੰਖਿਆਂ ਦੇ ਬਹੁਤ ਵੱਡੇ ਵਰਗ ਦੀ ਸ਼ਕਤੀ ਨੂੰ ਅਜਾਈ ਹੀ ਗਵਾ ਰਹੇ ਹਾਂ। ਇੱਥੋਂ ਤੱਕ ਕਿ ਜਿਸ ਨੂੰ ਕੌਮ ਜਾਂ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ, ਜਿਸ ਨੇ ਵਿਕਸਤ ਦੇਸ਼ ਦੀ ਨੀਂਹ ਰੱਖਣੀ ਹੈ, ਜਿਸ ਨੂੰ ਵਿਕਸਤ ਰਾਸਟਰਾਂ ਵਿੱਚ ਪੂਰਾ ਮਾਨ ਸਨਮਾਨ ਦੇ ਕੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਲੋਕਾਂ ਦੀ ਸ਼ੇ੍ਰਣੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਭਾਵ ਅਧਿਆਪਕ ਦੀ ਵੀ ਯੋਗਤਾ ਅਤੇ ਸਮਰੱਥਾ ਨੂੰ ਸਾਡੀਆਂ ਚੁਣੀਆਂ ਹੋਈਆਂ ਲੋਕਤੰਤਰੀ ਸਰਕਾਰਾਂ ਵਿੱਚ ਬੈਠੇ ਪ੍ਰਤੀਨਿਧੀਆਂ ਵੱਲੋਂ ਜਾਣ ਬੁੱਝ ਕੇ ਵਿਅਰਥ ਗਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ 2005 ਵਿੱਚ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਦੀ ਸਿੱਖਿਆ ਸ਼ੁਰੂ ਕੀਤੀ ਸੀ ਅਤੇ ਨਵੇਂ ਕੰਪਿਊਟਰ ਅਧਿਆਪਕਾਂ ਦੀ ਠੇਕੇ ਤੇ ਭਰਤੀ ਕੀਤੀ ਗਈ। ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਗਿਣਤੀ ਵਿੱਚ ਵਾਧਾ ਹੋਇਆ ਸੀ। ਪਿਛੜੇ ਅਤੇ ਪੇਂਡੂ ਇਲਾਕਿਆਂ ਦੇ ਵਿਦਿਆਰਥੀ ਬੜੇ ਸ਼ੌਂਕ ਨਾਲ ਕੰਪਿਊਟਰ ਸਿੱਖਿਆ ਹਾਸਲ ਕਰਕੇ ਸਮੇਂ ਦੇ ਹਾਣੀ ਬਣਨੇ ਸ਼ੁਰੂ ਹੋਏ। ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਹੋਰ ਵੱਧ ਦੇਖਣ ਨੂੰ ਮਿਲੀ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਦੀ ਮਹੱਤਤਾ ਨੂੰ ਦੇਖਦੇ ਹੋਏ 2005 ਤੋਂ ਠੇਕੇ ਤੇ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਰਕਾਰ ਨੇ 1 ਜੁਲਾਈ 2011 ਵਿੱਚ ਪੰਜਾਬ ਦੇ ਰਾਜਪਾਲ ਦੀ ਮਨਜੂਰੀ ਨਾਲ ਨੋਟੀਫਿਕੇਸ਼ਨ ਪਾਸ ਕਰਕੇ ਸਿੱਖਿਆ ਵਿਭਾਗ ਦੀ ਪਿਕਟਸ ਸੋਸਾਇਟੀ ਵਿੱਚ ਵੋਕੇਸ਼ਨਲ ਮਾਸਟਰਾਂ ਦੇ ਬਰਾਬਰ ਸਕੇਲ ਦੇ ਕੇ ਰੈਗੁਲਰ ਕਰ ਦਿੱਤਾ ਗਿਆ। ਕੰਪਿਊਟਰ ਅਧਿਆਪਕ 2 ਸਾਲਾਂ ਦਾ ਪਰਖ ਸਮਾਂ ਪਾਰ ਕਰਕੇ ਪੂਰੀ ਤਨਖਾਹ ਤੇ ਕੰਮ ਕਰ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਬਹੁਤ ਹੀ ਵਧੀਆ ਰੋਲ ਅਦਾ ਕਰ ਰਹੇ ਹਨ। ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਨੂੰ ਸਰਕਾਰ ਵੱਲੋਂ ਆਈ.ਆਰ, ਏਸੀਪੀ, ਮੈਡੀਕਲ ਕਲੇਮ ਆਦਿ ਦਾ ਲਾਭ ਜਾਣ ਬੱਝ ਕੇ ਨਹੀਂ ਦਿੱਤਾ ਗਿਆ। ਇਹਨਾਂ ਨੂੰ ਇਹ ਕਹਿ ਕੇ ਇਹ ਲਾਭ ਰੋਕ ਲਏ ਗਏ ਕਿ ਤੁਸੀਂ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਹੋਏ ਹੋ। ਜਦੋਂ ਕਿ ਪਿਕਟਸ ਸੁਸਾਇਟੀ ਵੀ ਤਾਂ ਸਿੱਖਿਆ ਵਿਭਾਗ ਦਾ ਹੀ ਅੰਗ ਹੈ। ਹੁਣ ਕੰਪਿਊਟਰ ਅਧਿਆਪਕਾਂ ਦੀ ਪੰਜਾਬ ਸਰਕਾਰ ਤੋਂ ਸਿਰਫ ਇਹੀ ਮੰਗ ਹੈ ਕਿ ਉਨ੍ਹਾਂ ਨੂੰ ਪੂਰੇ ਮੋਜੂਦਾ ਤਨਖਾਹ ਸਕੇਲ ਅਨੁਸਾਰ ਸਿੱਖਿਆ ਵਿਭਾਗ ਵਿੱਚ ਸਿਫਟ ਕੀਤਾ ਜਾਵੇ। ਬਾਕੀ ਪੱਕੇ ਅਧਿਆਪਕਾਂ ਵਾਂਗ ਇਹਨਾਂ ਨੂੰ ਵੀ ਆਈ.ਆਰ, ਏ.ਸੀ.ਪੀ, ਮੈਡੀਕਲ ਰੀ ਇੰਬਰਸਮੈਂਟ ਆਦਿ ਦੇ ਲਾਭ ਤੁਰੰਤ ਲਾਗੂ ਕੀਤੇ ਜਾਣ। ਸਰਕਾਰ ਨੂੰ ਚਾਹੀਦਾ ਹੈ ਕਿ ਇੰਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਮੰਨੀਆਂ ਜਾਣ ਜਿੰਨਾਂ ਕਾਰਣ ਸਰਕਾਰੀ ਸਕੂਲ ਤਰੱਕੀ ਦੀ ਰਾਹ ਵੱਲ ਵਧ ਰਹੇ ਹਨ। ਇਸਦੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਨਵੇਂ ਕੰਪਿਊਟਰ ਦਿੱਤੇ ਜਾਣ, ਹਾਰਡਵੇਅਰ ਠੀਕ ਕਰਨ ਵਾਲੀ ਕੰਪਨੀ ਦਾ ਠੇਕਾ ਰਿਨਿਊ ਕੀਤਾ ਜਾਵੇ ਤਾਂ ਜੋ ਖਰਾਬ ਕੰਪਿਊਟਰ ਤੁੰਰਤ ਠੀਕ ਕਰਵਾਏ ਜਾ ਸਕਣ ਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾਂ ਹੋਵੇ। ਅੱਜ ਕੱਲ ਸਿੱਖਿਆ ਵਿਭਾਗ ਦਾ ਸਾਰਾ ਕੰਮ ਵੀ ਆਨ ਲਾਈਨ ਹੋ ਚੁੱਕਾ ਹੈ ਜਿਸ ਕਰਕੇ ਕੰਪਿਊਟਰਾਂ ਦਾ ਚਾਲੂ ਰਹਿਣਾ ਬਹੁਤ ਜਰੂਰੀ ਹੈ। ਸਕੂਲਾਂ ਵਿੱਚ ਇੰਟਰਨੈੱਟ ਦੇ ਪਲਾਨ ਵੀ ਹਾਈ ਸਪੀਡ ਵਾਲੇ ਅਣਲਿਮਟਿਡ ਕੀਤੇ ਜਾਣੇ ਚਾਹੀਦੇ ਹਨ। ਦੇਸ਼ ਦਾ ਅੰਨ ਦਾਤਾ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਖੇਤੀ ਕਾਨੂੰਨਾਂ ਤੋਂ ਮਜ਼ਬੂਰ ਹੋ ਕੇ, ਬਿੱਲ ਰੱਦ ਕਰਵਾਉਣ ਲਈ ਸਰਕਾਰ ਵਿਰੋਧੀ ਕਿਸਾਨ ਅੰਦੋਲਨ ਕਰ ਰਿਹਾ ਹੈ ਜਿਸਦਾ ਸਮੂਹ ਕੰਪਿਊਟਰ ਅਧਿਆਪਕ ਜਥੇਬੰਦੀਆਂ ਵੀ ਭਰਪੂਰ ਸਹਿਯੋਗ ਦੇ ਰਹੀਆਂ ਹਨ। ਅਗਰ ਕੰਪਿਊਟਰ ਅਧਿਆਪਕਾਂ ਦੀ ਮੰਗ ਨਾਂ ਮੰਨੀ ਗਈ ਤਾਂ ਇਹਨਾਂ ਵੱਲੋਂ ਵੀ ਤਿੱਖਾ ਸੰਘਰਸ਼ ਕਰਨ ਦੇ ਸੰਕੇਤ ਦਿੱਤੇ ਗਏ ਹਨ। ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ 9 ਜਨਵਰੀ 2021 ਨੂੰ ਪੰਜਾਬ ਦੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਉ ਕਰਨ ਦਾ ਵੀ ਐਲਾਣ ਕੀਤਾ ਜਾ ਚੁੱਕਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਨੂੰ ਸਾਰੇ ਪੱਖਾਂ ਤੇ ਵਿਚਾਰ ਕਰਕੇ ਜਮੀਨੀ ਸੱਚਾਇਆਂ ਨੂੰ ਧਿਆਨ ਵਿੱਚ ਰੱਖ ਕੇ ਇਨ੍ਹਾਂ ਕੰਪਿਊਟਰ ਅਧਿਆਪਕਾਂ ਦੀਆਂ ਉੱਚਿਤ ਮੰਗਾਂ ਨੂੰ ਪੂਰਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਇੱਕ ਆਰਥਿਕ ਪੱਖ ਤੋਂ ਸੰਤੁਸ਼ਟ ਵਿਅਕਤੀ ਹੀ ਦੇਸ਼ ਨਿਰਮਾਣ ਵੱਲ ਧਿਆਨ ਦੇ ਸਕਦਾ । ਇਸ ਤਰ੍ਹਾਂ ਕਰਨ ਨਾਲ ਸੰਵਿਧਾਨ ਵਿੱਚ ਦਰਜ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਾਂ ਨੂੰ ਆਰਥਿਕ ਨਿਆਂ ਦੇਣ ਦੇ ਨਾਲ ਨਾਲ ਇੱਕੋ ਜਿਹੇ ਕੰਮ ਬਦਲੇ ਇੱਕੋ ਜਿਹਾ ਵੇਤਨ ਦਿੱਤਾ ਜਾਵੇਗਾ ਵੀ ਪੂਰਾ ਹੋ ਜਾਵੇਗਾ। ਸਿੱਖਿਆ ਅਤੇ ਸਿਹਤ ਵਿਭਾਗ ਲੋਕਾਂ ਨੂੰ ਸਰਵਜਨਕ ਸਹੂਲਤਾਂ ਦੇਣ ਲਈ ਹੀ ਚਲਾਏ ਜਾਂਦੇ ਹਨ। ਸਰਕਾਰ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ Tਅਧਿਆਪਕ ਉਸ ਮੋਮਬੱਤੀ ਵਾਂਗ ਹੁੰਦਾ ਹੈ, ਜੋ ਖੁਦ ਜਲ ਕੇ ਦੂਸਰੇ ਨੂੰ ਰੋਸ਼ਨੀ ਦਿੰਦੀ ਹੈU। ਇਸ ਲਈ ਪੰਜਾਬ ਸਰਕਾਰ ਇਨ੍ਹਾਂ ਕੰਪਿਊਟਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਨਾਂ ਕਰੇ ਸਗੋਂ ਇਨ੍ਹਾਂ ਪਿਕਟਸ ਸੋਸਾਇਟੀ ਅਧੀਨ ਕੰਮ ਕਰ ਰਹੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਗਰੇਡ ਨਾਲ ਸਾਰੇ ਲਾਭ ਦੇ ਕੇ ਸਿੱਖਿਆ ਵਿਭਾਗ ਵਿੱਚ ਤੁਰੰਤ ਸਿਫ਼ਟ ਕਰੇ ਤਾਂ ਜੋ ਇਹ ਕੌਮ ਦੇ ਨਿਰਮਾਤਾ ਨਿਸ਼ਚਿੰਤ ਹੋ ਕੇ ਬੱਚਿਆਂ ਨੂੰ ਸਿੱਖਿਆ ਦੇ ਕੇ ਸਮੇਂ ਦੇ ਹਾਣੀ ਬਣਾ ਸਕਣ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ । (ਅਸ਼ੋਕ ਧੀਰ) ਜੈਤੋ ਮੰਡੀ (ਫਰੀਦਕੋਟ)