ਕਿਸਾਨ ਸੰਘਰਸ਼ ਦੀ ਜਿੱਤ ਲਈ ਮੋਹਨਪੁਰ ਵਾਸੀਆਂ ਵਲੋਂ ਕੀਤੀ ਗਈ ਅਰਦਾਸ

18

December

2020

ਚੋਹਲਾ ਸਾਹਿਬ/ਤਰਨਤਾਰਨ, 18 ਦਸੰਬਰ (ਪ.ਪ) ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਦਿੱਲੀ ਵਿੱਚ ਧਰਨੇ ’ਤੇ ਡਟੇ ਕਿਸਾਨਾਂ ਦੀ ਚੜਦੀਕਲਾ ਵਾਸਤੇ ਪਿੰਡ ਮੋਹਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਉਪਰੰਤ ਕਾਲੇ ਕਾਨੂੰਨਾਂ ਖਿਲਾਫ ਵਿੱਢੇ ਸੰਘਰਸ਼ ’ਚ ਫਤਹਿ ਹਾਸਲ ਕਰਨ ਤੇ ਸਰਬੱਤ ਦੇ ਭਲੇ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ।ਇਸ ਸਮਾਗਮ ਵਿੱਚ ਪੁੱਜੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਅਜੀਤ ਸਿੰਘ ਚੰਬਾ ਅਤੇ ਨਿਰਵੈਰ ਸਿੰਘ ਧੁੰਨ ਨੇ ਇਕੱਠ ਵਿੱਚ ਬੋਲਦਿਆਂ ਕਿਹਾ ਕਿ ਖੇਤੀ ਸੁਧਾਰਾਂ ਦੇ ਨਾਂ ’ਤੇ ਲਿਆਂਦੇ ਗਏ ਇਹ ਬਿੱਲ ਪੂਰੀ ਤਰਾਂ ਕਿਸਾਨ ਵਿਰੋਧੀ ਹਨ।ਨਾਲ ਹੀ ਇਨ੍ਹਾਂ ਬਿੱਲਾਂ ਦਾ ਸਮੂਹ ਵਰਗ ਨੂੰ ਬਹੁਤ ਜਿਆਦਾ ਨੁਕਸਾਨ ਪੁਜੇਗਾ ਤੇ ਸਭ ਤਾਂ ਵੱਧ ਅਸਰ ਪੰਜਾਬ ਤੇ ਪਵੇਗਾ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ।ਇਸ ਮੌਕੇ ਸ.ਹਰੀ ਸਿੰਘ ਸ਼ਾਹ ਪੇਂਡੂ ਕਲਿਆਣ ਟਰੱਸਟ ਵਲੋਂ ਉੱਘੇ ਸਮਾਜ ਸੇਵੀ ਐਨ.ਆਈ.ਆਰ ਭਰਾ ਗੁਰਬਖਸ਼ ਸਿੰਘ ਸ਼ਾਹ ਅਤੇ ਸੁਖਵਿੰਦਰ ਸਿੰਘ ਸ਼ਾਹ ਕੈਨੇਡਾ (ਸ਼ਾਹ ਬ੍ਰਦਰਜ਼) ਵਲੋਂ ਭੇਜੀ ਗਈ 11 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਤੇਜਿੰਦਰ ਸਿੰਘ ਪਹਿਲਵਾਨ ਸਰਪੰਚ ਮੋਹਨਪੁਰ, ਜਤਿੰਦਰ ਸਿੰਘ ਸਰਪੰਚ, ਗੁਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਪ੍ਰਧਾਨ ਵਲੋਂ ਵਲੋਂ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਦਿੱਤੀ ਗਈ ਅਤੇ ਦਿੱਲੀ ਸੰਘਰਸ਼ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।ਇਸ ਸਮਾਗਮ ਵਿੱਚ ਸ਼ਾਮਲ ਸੰਗਤ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਸ਼ਾਹ ਬ੍ਰਦਰਜ਼ ਕੈਨੇਡਾ ਵਲੋਂ ਕੀਤਾ ਗਿਆ।ਇਸ ਮੌਕੇ ਕਿਸਾਨ ਆਗੂ ਹਰਜਿੰਦਰ ਸਿੰਘ ਸ਼ਕਰੀ,ਹਰਜਿੰਦਰ ਸਿੰਘ ਚੰਬਾ, ਬਲਵਿੰਦਰ ਸਿੰਘ ਚੋਹਲਾ ਤੋਂ ਇਲਾਵਾ ਮਾਸਟਰ ਗਿਆਨ ਸਿੰਘ, ਬਾਬਾ ਤਰਸੇਮ ਸਿੰਘ, ਜਗੀਰ ਸਿੰਘ ਠਾਣੇਦਾਰ, ਬਲਵਿੰਦਰ ਸਿੰਘ ਮੈਂਬਰ, ਸੁਖਦੇਵ ਸਿੰਘ ਸੁੱਖਾ, ਜਗੀਰ ਸਿੰਘ, ਰਾਜਵਿੰਦਰ ਸਿੰਘ ਸ਼ਾਹ, ਹਰਪ੍ਰੀਤ ਸਿੰਘ ਗ੍ਰੰਥੀ,ਸਰਪ੍ਰੀਤ ਸਿੰਘ, ਦਵਿੰਦਰ ਸਿੰਘ, ਨਿਰਮਲ ਸਿੰਘ, ਗੋਪੀ ਸ਼ਾਹ ਆਦਿ ਹਾਜਰ ਸਨ।