ਆਰਐਸਪੀ ਵੱਲੋਂ ਬਾਬਾ ਰਾਮ ਸਿੰਘ ਵਲੋਂ ਕੀਤੇ ਆਤਮਘਾਤ ਸਬੰਧੀ ਗਹਿਰੇ ਦੁੱਖ ਦਾ ਪ੍ਰਗਟਾਵਾ

18

December

2020

ਸੰਗਰੂਰ, 18 ਦਸੰਬਰ (ਜਗਸੀਰ ਲੌਂਗੋਵਾਲ)- ਰੇਵੋਲੂਸ਼ਨਰੀ ਸੋਸ਼ਲਿਸਟ ਪਾਰਟੀ(ਆਰ.ਐਸ.ਪੀ) ਨੇ ਬਾਬਾ ਰਾਮ ਸਿੰਘ ਸਿੰਗੜਾ ਵਾਲਿਆਂ ਵਲੋਂ ਕਿਸਾਨ ਅੰਦੋਲਨ ਪ੍ਰਤੀ ਮੋਦੀ ਸਰਕਾਰ ਦੀ ਬੇਰੁਖੀ ਤੋਂ ਦੁੱਖੀ ਹੋ ਕੇ ਸਿੰਘੂ ਬਾਰਡਰ ਤੇ ਚੱਲ ਰਹੇ ਧਰਨੇ ਵਾਲੀ ਸਥਾਨ ਤੇ ਆਤਮਦਾਹ ਕਰ ਲੈਣ ਦੀ ਮੰਦਭਾਗੀ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੇ ਲਈ ਪੂਰੀ ਤਰ੍ਹਾਂ ਮੋਦੀ ਸਰਕਾਰ ਦੇ ਅੜੀਅਲ ਤੇ ਤਰਕਹੀਣ ਰਵਈਏ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਰਐਸਪੀ ਨੇ ਕਿਸਾਨ ਅੰਦੋਲਨ ਦੀਆਂ ਸਮਰਥਕ ਸਮੂਹ ਇਨਸਾਫ ਪਸੰਦ ਅਤੇ ਜਮਹੂਰੀ ਤਾਕਤਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਘਟਨਾ ਖਿਲਾਫ ਹਰ ਸੰਭਵ ਢੰਗ ਨਾਲ ਮੋਦੀ ਸਰਕਾਰ ਖਿਲਾਫ ਰੋਸ ਪ੍ਰਗਟਾਵਾ ਕਰਨ। ਆਰਐਸਪੀ ਦੀ ਪੰਜਾਬ ਸੂਬਾ ਕਮੇਟੀ ਦੇ ਸਕੱਤਰ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਅਤੇ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਨੇਤਰ ਸਿੰਘ ਨਾਗਰਾ ਕਿਹਾ ਕਿ ਬੇਸ਼ੱਕ ਅਸੀਂ ਸਰਕਾਰ ਖਿਲਾਫ ਅਪਣੇ ਰੋਸ ਦਾ ਇਜ਼ਹਾਰ ਕਰਨ ਲਈ ਅਜਿਹੇ ਦੁਖਦਾਈ ਢੰਗ ਤਰੀਕਿਆਂ ਦਾ ਸਮਰਥਨ ਨਹੀਂ ਕਰਦੇ ਅਤੇ ਸਮੂਹ ਅੰਦੋਲਨਕਾਰੀਆਂ ਨੂੰ ਅਪਣਾ ਧੀਰਜ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ। ਆਰਐਸਪੀ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ, ਸੰਘ ਪਰਿਵਾਰ ਤੇ ਏਜੰਸੀਆਂ ਮੁੱਢ ਤੋਂ ਹੀ ਕਿਸਾਨ ਅੰਦੋਲਨਕਾਰੀਆਂ ਵਿੱਚ ਭੜਕਾਹਟ ਪੈਦਾ ਕਰਨ ਦੇ ਹਰ ਸੰਭਵ ਯਤਨ ਕਰ ਰਹੀਆਂ ਹਨ, ਸਾਨੂੰ ਉਨ੍ਹਾਂ ਦੀਆ ਇੰਨ੍ਹਾਂ ਚਾਲਾਂ ਨੂੰ ਫੇਲ ਕਰਕੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਅਪਣੀ ਮੁੱਖ ਮੰਗ ਉਤੇ ਅਡੋਲ ਡੱਟੇ ਰਹਿਣਾ ਚਾਹੀਦਾ ਹੈ।