ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਲ 2021-22 ਦੇ ਦਾਖ਼ਲਿਆਂ ਲਈ ਪ੍ਰਵੇਸ਼ ਪ੍ਰੀਖਿਆ ਦਾ ਐਲਾਨ

18

December

2020

ਐਸ ਏ ਐਸ ਨਗਰ, 18 ਦਸੰਬਰ (ਗੁਰਪ੍ਰੀਤ ਸਿੰਘ ਤੰਗੌਰੀ) ਭਾਰਤ ਦੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਪ੍ਰਵੇਸ਼ ਪ੍ਰੀਖਿਆ ‘ਸੀਯੂ.ਸੀ.ਈ.ਟੀ-2021’ ਲਾਂਚ ਕੀਤੀ ਗਈ। ਚੰਡੀਗੜ੍ਹ ਯੂਨੀਵਰਸਿਟੀ ’ਚ ਇੰਜੀਨੀਅਰਿੰਗ, ਐਮ.ਬੀ.ਏ, ਲਾਅ, ਫਾਰਮੇਸੀ ਅਤੇ ਐਗਰੀਕਲਚਰ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ। ਇਸ ਪ੍ਰੀਖਿਆ ਦੇ ਅੰਤਰਗਤ ਵਿਦਿਆਰਥੀ ਵੱਖ-ਵੱਖ ਕੋਰਸਾਂ ’ਚ ਮੈਰਿਟ ਦੇ ਆਧਾਰ ’ਤੇ ਦਾਖ਼ਲਾ ਲੈ ਸਕਣਗੇ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪ੍ਰਵੇਸ਼ ਪ੍ਰੀਖਿਆ ਦੇ ਆਧਾਰ ’ਤੇ 33 ਕਰੋੜ ਰੁਪਏ ਦੀ ਵਜ਼ੀਫ਼ਾ ਰਾਸ਼ੀ ਵੀ ਦਿੱਤੀ ਜਾਵੇਗੀ। ‘ਵਰਸਿਟੀ ਵੱਲੋਂ ਹੁਣ ਤੱਕ ਦੀ ਸੱਭ ਤੋਂ ਵੱਡੀ ਵਜ਼ੀਫ਼ਾ ਰਾਸ਼ੀ ਦਾ ਲਾਭ ਲੈਣ ਲਈ ਹਰ ਕੋਰਸ ਦੇ ਵਿਦਿਆਰਥੀ ਇਸ ਪ੍ਰੀਖਿਆ ’ਚ ਭਾਗ ਲੈ ਸਕਣਗੇ ਅਤੇ ਮੈਰਿਟ ਦੇ ਆਧਾਰ ’ਤੇ ਉਨ੍ਹਾਂ ਨੂੰ ਵੱਖ-ਵੱਖ ਕੋਰਸਾਂ ਵਿੱਚ 100 ਫ਼ੀਸਦੀ ਤੱਕ ਦੇ ਵਜ਼ੀਫ਼ੇ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ ਮੈਰਿਟ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਦਾਖ਼ਲਾ ਅਤੇ 33 ਕਰੋੜ ਦੀ ਸਕਾਲਰਸ਼ਿਪ ਦੇਣ ਦਾ ਚੰਡੀਗੜ੍ਹ ਯੂਨੀਵਰਸਿਟੀ ਦਾ ਉਪਰਾਲਾ ਸ਼ਾਲਾਘਾਯੋਗ ਹੈ। ਇਸ ਸਕੀਮ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਹਾਸਲ ਕਰਨ ਦੇ ਨਵੇਂ ਮੌਕੇ ਪ੍ਰਦਾਨ ਹੋਣਗੇ। ਉਨ੍ਹਾਂ ਕਿਹਾ ਕਿ ‘ਵਰਸਿਟੀ ਦੀ ਬਹੁਕਰੋੜੀ ਵਜ਼ੀਫ਼ਾ ਸਕੀਮ’ ਦੇਸ਼ ਦੇ ਹੋਣਹਾਰ ਵਿਦਿਆਰਥੀਆਂ ਲਈ ਨਵੇਂ ਰਸਤੇ ਖੋਲ੍ਹੇਗੀ, ਜਿਸ ਨਾਲ ਉਹ ਰਾਸ਼ਟਰ ਨਿਰਮਾਣ ’ਚ ਆਪਣਾ ਬਿਹਤਰ ਯੋਗਦਾਨ ਪਾ ਸਕਣਗੇ। ਇਸ ਸਬੰਧੀ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਹੁਨਰਮੰਦ ਵਿਦਿਆਰਥੀਆਂ ਨੂੰ ਢੁਕਵੇਂ ਮੌਕੇ ਅਤੇ ਵਿੱਤੀ ਮਦਦ ਪ੍ਰਦਾਨ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ 2021 ਦੀ ਪ੍ਰਵੇਸ਼ ਪ੍ਰੀਖਿਆ ਅਤੇ ਦਾਖ਼ਲਾ ਨੀਤੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਜ਼ਿੰਮੇਵਾਰੀ ਤਹਿਤ ਯੂਨੀਵਰਸਿਟੀ ਵੱਲੋਂ ਇਸ ਸਾਲ ਮੈਰੀਟੋਰੀਅਸ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਵਾਸਤੇ ਵਜ਼ੀਫ਼ਿਆਂ ਦੇ ਰੂਪ ’ਚ 33 ਕਰੋੜ ਰੁਪਏ ਖ਼ਰਚੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸਤਬੀਰ ਸਿੰਘ ਸਹਿਗਲ ਨੇ ਦੱਸਿਆ ਕਿ ਪ੍ਰਵੇਸ਼ ਪ੍ਰੀਖਿਆ (ਸੀਯੂ ਸੀ.ਈ.ਟੀ) ਰਾਹੀਂ ਦੇਸ਼ ਭਰ ਤੋਂ ਵਿਦਿਆਰਥੀ ‘ਵਰਸਿਟੀ ਵੱਲੋਂ ਪੇਸ਼ ਕੀਤੇ ਗਏ 135 ਅੰਡਰ-ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ’ਚ ਮੈਰਿਟ ਦੇ ਆਧਾਰ ’ਤੇ 100 ਫ਼ੀਸਦੀ ਤੱਕ ਦਾ ਵਜ਼ੀਫ਼ਾ ਪ੍ਰਾਪਤ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ‘ਵਰਸਿਟੀ ਦੀ ਸਥਾਪਨਾ ਤੋਂ ਹੁਣ ਤੱਕ 63 ਹਜ਼ਾਰ ਵਿਦਿਆਰਥੀਆਂ ਨੂੰ ਇਸ ਵਜ਼ੀਫ਼ਾ ਸਕੀਮ ਦਾ ਲਾਭ ਮਿਲ ਚੁੱਕਾ ਹੈ। ਡਾ. ਸਹਿਗਲ ਨੇ ਦੱਸਿਆ ਕਿ ਦਾਖ਼ਲਾ ਨੀਤੀ ਤਹਿਤ ਇੰਜੀਨੀਅਰਿੰਗ, ਐਮ.ਬੀ.ਏ, ਲਾਅ, ਫਾਰਮੇਸੀ ਅਤੇ ਐਗਰੀਕਲਚਰ ਕੋਰਸਾਂ ’ਚ ਪ੍ਰਵੇਸ਼ ਪ੍ਰੀਖਿਆ (ਸੀਯੂ. ਸੀ.ਈ.ਟੀ) ਲਾਜ਼ਮੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੀਮ ਦੇ ਅੰਤਰਗਤ ਵਿਦਿਆਰਥੀਆਂ ਨੂੰ ਮਿਆਰ, ਸਮੱਰਥਾ ਅਤੇ ਉਨ੍ਹਾਂ ਦੀ ਸ਼ਕਤੀ ਦੇ ਆਧਾਰ ’ਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ 33 ਕਰੋੜ ਤੱਕ ਦੇ ਵਜ਼ੀਫ਼ੇ ਮੁਹੱਈਆ ਕਰਵਾਏ ਜਾਣਗੇ। ਡਾ. ਸਹਿਗਲ ਨੇ ਦੱਸਿਆ ਕਿ ਪ੍ਰਵੇਸ਼ ਪ੍ਰੀਖਿਆ ਨੂੰ ਦੋ ਵੱਖ-ਵੱਖ ਪੜਾਵਾਂ ਤਹਿਤ ਵੰਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਪੜਾਅ ਦਸੰਬਰ ਤੋਂ ਮਈ ਅਤੇ ਦੂਜੇ ਪੜਾਅ ਦੀ ਸ਼ੁਰੂਆਤ ਜੂਨ ਤੋਂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪ੍ਰਵੇਸ਼ ਪ੍ਰੀਖਿਆ ਦੇ ਪਹਿਲੇ ਪੜਾਅ ਤਹਿਤ 90.01 ਤੋਂ 100 ਫ਼ੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 100 ਫ਼ੀਸਦੀ ਵਜ਼ੀਫ਼ਾ, 80 ਤੋਂ 90 ਫ਼ੀਸਦੀ ਅੰਕ ਪ੍ਰਾਪਤ ਕਰਨ ’ਤੇ 50 ਫ਼ੀਸਦੀ, 70-79.99 ਅੰਕ ਪ੍ਰਾਪਤ ਕਰਨ ’ਤੇ 40 ਫ਼ੀਸਦੀ, 60-69.99 ਅੰਕਾਂ ’ਤੇ 30 ਫ਼ੀਸਦੀ, 50-59.99 ਅੰਕਾਂ ’ਤੇ 20 ਫ਼ੀਸਦੀ ਅਤੇ 40.49.99 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 10 ਫ਼ੀਸਦੀ ਵਜ਼ੀਫ਼ਾ ਮੁਹੱਈਆ ਕਰਵਾਇਆ ਜਾਵੇਗਾ ਜਦਕਿ ਤਹਿ ਕੀਤੇ ਗਏ ਘੱਟੋ ਘੱਟ ਅੰਕਾਂ ਵਾਲੇ ਵਿਦਿਆਰਥੀਆਂ ਨੂੰ 5 ਫ਼ੀਸਦੀ ਵਜ਼ੀਫ਼ੇ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਪ੍ਰਵੇਸ਼ ਪ੍ਰੀਖਿਆ ਲਈ ਅਰਜ਼ੀਆਂ ਆਨਲਾਈਨ ਅਤੇ ਆਫ਼ਲਾਈਨ ਦੋਵੇਂ ਤਰ੍ਹਾਂ ਲਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਆਫ਼ਲਾਈਨ ਮੋਡ ਰਾਹੀਂ ਵਿਦਿਆਰਥੀ ਰਜਿਸਟ੍ਰੇਸ਼ਨ ਫ਼ਾਰਮ ਦੇਸ਼ ਭਰ ’ਚ ਮੌਜੂਦ ‘ਵਰਸਿਟੀ ਦੇ 21 ਖੇਤਰੀ ਸੈਂਟਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ’ਵਰਸਿਟੀ ਦੇ ਖੇਤਰੀ ਸੈਂਟਰ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਜੰਮੂ ਕਸ਼ਮੀਰ, ਰਾਜਸਥਾਨ, ਆਂਧਰਾ ਪ੍ਰਦੇਸ਼, ਯੂਪੀ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਉਤਰਾਖੰਡ, ਮਨੀਪੁਰ, ਤੇਲੰਗਨਾ, ਬਿਹਾਰ, ਝਾਰਖੰਡ, ਆਸਾਮ, ਛੱਤੀਸ਼ਗੜ੍ਹ, ਗੁਜਰਾਤ, ਉੜੀਸ਼ਾ ਅਤੇ ਕੇਰਲਾ ਆਦਿ ਸੂਬਿਆਂ ’ਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਮਾਧਿਅਮ ਰਾਹੀਂ ਲਈ ਜਾਣ ਵਾਲੀ ਇਸ ਪ੍ਰੀਖਿਆ ਦੀ ਵਿਸੇਸ਼ਤਾ ਹੈ ਕਿ ਇਹ ਵਿਦਿਆਰਥੀਆਂ ਨੂੰ ਸਮਾਂ ਅਤੇ ਸਥਾਨ ਚੁਣਨ ਸਬੰਧੀ ਲਚੀਕਲਾਪਣ ਮੁਹੱਈਆ ਕਰਵਾਉਂਦੀ ਹੈ। ਡਾ. ਸਹਿਗਲ ਨੇ ਦੱਸਿਆ ਕਿ ਪ੍ਰੀਖਿਆ ਸਬੰਧੀ ਰਜਿਸਟ੍ਰੇਸ਼ਨ ਫ਼ੀਸ 1 ਹਜ਼ਾਰ ਰੁਪਏ ਹੈ, ਜਿਸ ਨਾਲ ਵਿਦਿਆਰਥੀ ਡਿਜੀਟਲ ਪ੍ਰਾਸਪੈਕਟ ਪ੍ਰਾਪਤ ਕਰਨ ਦੇ ਨਾਲ-ਨਾਲ ਅੰਕਾਂ ’ਚ ਸੁਧਾਰ ਲਈ ਤਿੰਨ ਵਾਰ ਇੱਕੋ ਪੜਾਅ ਤਹਿਤ ਪ੍ਰੀਖਿਆ ਦੇਣ ਦੀ ਸਹੂਲਤ ਪ੍ਰਾਪਤ ਕਰਦਾ ਹੈ। ਡਾ. ਸਹਿਗਲ ਨੇ ਦੱਸਿਆ ਕਿ ਸੀਯੂ. ਸੀ.ਈ.ਟੀ ਤਹਿਤ ਵਿਦਿਆਰਥੀਆਂ ਦੀ ਰੁਚੀ ਅਤੇ ਕੁਸ਼ਲਤਾ ਦੀ ਪਛਾਣ ਲਈ ‘ਸਾਈਕੋਮੈਟ੍ਰਿਕ ਟੈਸਟ’ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਤੇ ਸਮੱਰਥਾ ਅਨੁਸਾਰ ਢੁੱਕਵੇਂ ਕੋਰਸ ਚੁਣਨ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਵਿਸਥਾਰਿਤ ਬਿਊਰਾ ‘ਵਰਸਿਟੀ ਦੀ ਵੈਬਸਾਈਟ http://cucet.cuchd.in ਤੋਂ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ ਝਾਰਖੰਡ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿਦਿਆਰਥੀ ਅਤੁਲ ਰਾਜਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਖੇਤਰ ’ਚ ਆਪਣੇ ਸੁਨਿਹਰੇ ਭਵਿੱਖ ਦਾ ਨਿਰਮਾਣ ਕਰਨਾ ਚਾਹੁੰਦਾ ਸੀ, ਪ੍ਰੰਤੂ ਆਰਥਿਕ ਤੰਗੀ ਕਰਕੇ ਉਹ ਖਰਚਿਆਂ ਤੋਂ ਚਿੰਤਤ ਸੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੀ ਸੀਯੂ ਸੀ.ਈ.ਟੀ ਸਕੀਮ ਬਾਰੇ ਪਤਾ ਚੱਲਣ ਉਪਰੰਤ ਉਸਨੇ ਦਾਖ਼ਲਾ ਪ੍ਰੀਖਿਆ ਦਿੱਤੀ ਅਤੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਕੋਰਸ ਫ਼ੀਸ ਉੱਤੇ 75 ਫ਼ੀਸਦੀ ਤੱਕ ਦਾ ਵਜ਼ੀਫ਼ਾ ਹਾਸਲ ਕਰਨ ’ਚ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ਮੈਂ ‘ਵਰਸਿਟੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੁਨਿਹਰਾ ਮੰਚ ਪ੍ਰਦਾਨ ਕਰਵਾਇਆ।