ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜਿਲ੍ਹਾ ਪੱਧਰੀ ਰੋਸ ਧਰਨੇ

16

December

2020

ਸੰਗਰੂਰ, 16 ਦਸੰਬਰ (ਜਗਸੀਰ ਲੌਂਗੋਵਾਲ) ਖੇਤੀ ਪ੍ਰਧਾਨ ਦੇਸ਼ ਦੇ ਖੇਤੀ ਪ੍ਰਧਾਨ ਸੂਬਿਆਂ ਦੇ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਇਹ ਕਾਨੂੰਨ ਜਿਥੇ ਕਿਸਾਨਾਂ ਲਈ ਢੁਕਵੇਂ ਨਹੀਂ, ਉਥੇ ਹੀ ਕਿਰਸਾਨੀ ਨਾਲ ਜੁੜੇ ਵਿਭਾਗਾਂ ਜਾਂ ਹੋਰ ਅਦਾਰਿਆਂ ਲਈ ਵੀ ਮਾਰੂ ਸਾਬਤ ਹੋ ਸਕਦੇ ਹਨ। ਇਸ ਸ਼ਾਂਤਮਈ ਚੱਲ ਰਹੇ ਅੰਦੋਲਨ ਨੂੰ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਵੱਡਾ ਸਮਰਥਨ ਹਾਸਿਲ ਹੋਇਆ ਹੈ। ਜਿਸ ਤਰ੍ਹਾਂ ਲੋਕ ਆਪ ਮੁਹਾਰੇ ਦਿੱਲੀ ਵੱਲ ਕੂਚ ਕਰ ਰਹੇ ਹਨ, ਆਉਣ ਵਾਲੇ ਦਿਨਾਂ ਵਿੱਚ ਇਹ ਅੰਦੋਲਨ ਹੋਰ ਪ੍ਰਚੰਡ ਹੋਵੇਗਾ।ਅਸੀਂ ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ ਅਤੇ ਪਸ਼ੂ ਪਾਲਣ ਵਿਭਾਗ ਦੇ ਸਮੁੱਚੇ ਦਰਜਾ-ਬਦਰਜਾ ਅਧਿਕਾਰੀ/ਕਰਮਚਾਰੀ, ਜਿਨ੍ਹਾਂ ਦਾ ਸਿੱਧਾ ਸਬੰਧ ਖੇਤੀ ਅਰਥਚਾਰੇ ਨਾਲ ਹੈ, ਦਿੱਲੀ ਦੀ ਸਰਹੱਦ 'ਤੇ ਬੈਠੇ ਇਹਨਾਂ ਸੰਘਰਸ਼ਮਈ ਕਿਸਾਨਾਂ ਦੇ ਸੰਘਰਸ਼ ਵਿੱਚ ਪੂਰਨ ਤੌਰ ਤੇ ਸਮਰਥਨ ਦਿੰਦੇ ਹਾਂ। ਕਿਸਾਨਾਂ ਨੂੰ ਤਕਨੀਕੀ ਅਗਵਾਈ ਦੇਣ ਦੇ ਨਾਲ-ਨਾਲ ਉਹਨਾਂ ਨਾਲ ਨੇੜਲਾ ਰਿਸ਼ਤਾ ਹੋਣ ਕਰਕੇ ਉਹਨਾਂ ਦੇ ਦੁੱਖ-ਸੁੱਖ ਦੇ ਸਾਥੀ ਵੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਕਾਲ ਦਾ ਸਮਰਥਨ ਕਰਦੇ ਹੋਏ ਜ਼ਿਲ੍ਹਾ ਹੈੱਡ-ਕੁਆਰਟਰਾਂ 'ਤੇ ਖੇਤੀਬਾੜੀ ਨਾਲ ਜੁੜੇ ਵਿਭਾਗਾਂ ਦੀਆਂ ਸਮੂਹ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਰੋਸ ਧਰਨਾ ਦਿੰਦਿਆਂ ਅਤੇ ਕਿਸਾਨਾਂ ਦੇ ਨਾਲ ਖੜ੍ਹਦਿਆਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਆਉਂਦੇ ਦਿਨਾਂ ਵਿੱਚ ਅਸੀਂ ਕਾਫ਼ਲਿਆਂ ਦੇ ਰੂਪ ਵਿੱਚ ਲਗਾਤਾਰ ਜ਼ਿਲ੍ਹਾ ਵਾਰ ਬੱਸਾਂ ਲੈ ਕੇ ਦਿੱਲੀ ਜਾਵਾਂਗੇ ਅਤੇ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਤਨੋ ਮਨੋ ਧਨੂੰ ਪੂਰਾ ਸਹਿਯੋਗ ਦਿਆਂਗੇ। ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਮੌਜੂਦਾ ਸਮੇਂ ਵਿੱਚ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਅੰਨਦਾਤੇ ਵਿੱਚ ਪਾਈ ਜਾ ਰਹੀ ਨਿਰਾਸ਼ਾ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ਡਾ: ਜ਼ਸਵਿੰਦਰਪਾਲ ਸਿੰਘ ਗਰੇਵਾਲ, ਮੁੱਖ ਖੇਤੀਬਾੜੀ ਅਫਸਰ, ਡਾ: ਹਰਦੀਪ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ, ਡਾ: ਹਰਬੰਸ ਸਿੰਘ, ਖੇਤੀਬਾੜੀ ਅਫਸਰ,ਡਾ: ਰਾਮ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ: ਅਮਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ:ਮਨਦੀਪ ਸਿੰਘ ਡੀ.ਪੀ.ਡੀ. ਆਤਮਾ, ਸ੍ਰੀਮਤੀ ਗੁਰਮੇਲ ਕੌਰ ਸੁਪਰਡੰਟ ਆਦਿ ਨੇ ਸੰਬੋਧਨ ਕੀਤਾ।