ਦਸੂਹਾ ਵਿਖੇ ਮਨਿਆਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਕਰੋੜਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ

14

December

2020

ਦਸੂਹਾ, 14 ਦਸੰਬਰ (ਪ.ਪ)- ਦਸੂਹਾ ਵਿਖੇ ਮਨਿਆਰੀ ਦੀ ਇਕ ਦੁਕਾਨ 'ਚ ਰਾਤੀਂ ਦੋ ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਦੁਕਾਨ ਦੀਆਂ ਤਿੰਨ ਮੰਜ਼ਲਾਂ ਅਤੇ ਇੱਕ ਬੇਸਮੈਂਟ ਹੈ। ਅੱਗ ਲਪੇਟ 'ਚ ਬੇਸਮੈਂਟ, ਦੁਕਾਨ ਅਤੇ ਦੁਕਾਨ 'ਚ ਬਣਿਆ ਇਕ ਬਿਊਟੀ ਪਾਰਲਰ ਪੂਰੀ ਤਰ੍ਹਾਂ ਆ ਗਿਆ, ਜਦਕਿ ਦੁਕਾਨ ਉੱਪਰ ਬਣੀਆਂ ਰਿਹਾਇਸ਼ਾਂ ਦਾ ਬਚਾਅ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਰਾਤੀਂ 2 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਵੀ ਅੱਗ ਦੁਕਾਨ ਅੰਦਰ ਸੁਲਗਦੀ ਰਹੀ। ਅੱਗ 'ਤੇ ਕਾਬੂ ਪਾਉਣ ਲਈ ਰਾਤ ਤੋਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਨਾਲ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਵਲੋਂ ਪੂਰੀ ਜੱਦੋ-ਜਹਿਦ ਕੀਤੀ ਗਈ ਪਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਦੁਕਾਨ ਅੰਦਰਲਾ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸ਼ਹਿਰ ਦੀ ਸਭ ਤੋਂ ਮੁੱਖ ਦੁਕਾਨ ਹੋਣ ਕਾਰਨ ਇਸ ਦੁਕਾਨ 'ਚ ਮਨਿਆਰੀ ਦੇ ਸਾਮਾਨ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਗਿਫ਼ਟ ਆਈਟਮਾਂ ਸਨ। ਇਸ ਦੌਰਾਨ ਡੀ. ਐਸ. ਪੀ. ਦਸੂਹਾ ਅਸ਼ਵਨੀ ਸ਼ਰਮਾ, ਐਸ. ਐਚ. ਓ. ਦਸੂਹਾ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਮੌਕੇ 'ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਅੱਗ ਕਾਰਨ ਦੁਕਾਨ ਦੇ ਨਾਲ ਜੋ ਮੈਡੀਕਲ ਸਟੋਰ ਹੈ, ਉਸ ਦਾ ਏ. ਸੀ. ਤੇ ਬੋਰਡ ਸੜ ਗਏ ਅਤੇ ਨਾਲ ਲੱਗਦੀਆਂ ਦੋ ਦੁਕਾਨਾਂ ਨੂੰ ਵੀ ਤਰੇੜਾਂ ਆ ਗਈਆਂ।