Arash Info Corporation

ਬੀਬੀ ਜਗੀਰ ਕੌਰ ਨੇ ਰਵੀ ਸ਼ੰਕਰ ਵਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲਿਆ ਸਖ਼ਤ ਨੋਟਿਸ

14

December

2020

ਅੰਮ੍ਰਿਤਸਰ, 14 ਦਸੰਬਰ (ਪ.ਪ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਰਵੀ ਸ਼ੰਕਰ ਵਲੋਂ ਸਿੱਖ ਭਾਵਨਾਵਾਂ ਨਾਲ ਕੀਤੇ ਖਿਲਵਾੜ ਦਾ ਸਖ਼ਤ ਨੋਟਿਸ ਲਿਆ ਹੈ। ਦੱਸਣਯੋਗ ਹੈ ਕਿ ਰਵੀ ਸ਼ੰਕਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਸ ਵਲੋਂ ਪਾਵਨ ਗੁਰਬਾਣੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਉੱਪਰ ਪਹਿਲੇ ਪਾਤਸ਼ਾਹ ਜੀ ਦੇ ਨਾਲ ਆਪਣੀ ਤਸਵੀਰ ਲਗਾ ਕੇ ਰਵੀ ਸ਼ੰਕਰ ਨੇ ਸਿੱਖ ਹਿਰਦਿਆਂ ਨੂੰ ਸੱਟ ਮਾਰੀ ਹੈ। ਇਸ ਤੋਂ ਇਲਾਵਾ ਗਲ ਵਿਚ ਪਾਇਆ ਓਅੰਕਾਰ ਲਿਖਿਆ ਵਸਤਰ ਵੀ ਇਕ ਤਸਵੀਰ ਵਿਚ ਉਸ ਦੇ ਪੈਰਾਂ ਵਿਚ ਦਿਸ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਦੀ ਨਿੰਦਾ ਕਰਦਿਆਂ ਸਬੰਧਿਤ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਨੂੰ ਪੱਤਰ ਵੀ ਲਿਖਿਆ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਆਖਿਆ ਕਿ ਪਾਵਨ ਗੁਰਬਾਣੀ ਅਤੇ ਮਨੁੱਖਤਾ ਦੇ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰਵੀ ਸ਼ੰਕਰ ਨੂੰ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਸ਼੍ਰੋਮਣੀ ਕਮੇਟੀ ਸਖ਼ਤ ਕਾਰਵਾਈ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਜਿਹਾ ਕਰਨ ਵਾਲੇ ਲੋਕਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਆਪਣੇ ਦਾਇਰੇ 'ਚ ਰਹਿਣ ਅਤੇ ਅਜਿਹੀ ਗ਼ਲਤੀ ਨਾ ਕਰਨ, ਜਿਸ ਨਾਲ ਸੰਗਤਾਂ ਅੰਦਰ ਤਲਖ਼ੀ ਪੈਦਾ ਹੋਵੇ।