ਕਿਸਾਨ ਅੰਦੋਲਨ: ਦਿੱਲੀ ਆਉਣ ਵਾਲੇ ਰਸਤੇ ਬੰਦ, ਪੁਲੀਸ ਵੱਲੋਂ ਐਡਵਾਇਜ਼ਰੀ ਜਾਰੀ

14

December

2020

ਨਵੀਂ ਦਿੱਲੀ, 14 ਨਵੰਬਰ (ਜੀ.ਐਨ.ਐਸ.ਏਜੰਸੀ) ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਦਿੱਲੀ ਆਉਣ ਵਾਲੇ ਕਈ ਰਸਤੇ ਸਮੋਵਾਰ ਨੂੰ ਵੀ ਬੰਦ ਰਹੇ । ਇਸ ਦੇ ਮੱਦੇਨਜ਼ਰ ਦਿੱਲੀ ਟਰੈਫਿਕ ਪੁਲੀਸ ਨੇ ਟਵਿਟਰ ਰਾਹੀਂ ਲੋਕਾਂ ਨੂੰ ਬੰਦ ਰਸਤਿਆਂ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਪ੍ਰੇਸ਼ਾਨੀ ਤੋਂ ਬਚਣ ਲਈ ਬਦਲਵੇਂ ਮਾਰਗਾਂ ਰਾਹੀਂਂ ਸਫਰ ਕਰਨ ਦੀ ਸਲਾਹ ਦਿੱਤੀ। ਕੇਂਦਰ ਵੱਲੋਂ ਸਤੰਬਰ ਵਿੱਚ ਲਾਗੂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਵੱਖ ਵੱਖ ਸੂਬਿਆਂ ਦੇ ਕਿਸਾਨ ਸਿੰਘੂ, ਟਿਕਰੀ, ਗਾਜੀਪੁਰ ਅਤੇ ਚਿੱਲਾ ਸਰਹੱਦ 'ਤੇ ਦੋ ਹਫ਼ਤਿਆਂ ਤੋਂ ਡਟੇ ਹੋਏ ਹਨ। ਟਰੈਫਿਕ ਪੁਲੀਸ ਨੇ ਟਵੀਟ ਕੀਤਾ, 'ਸਿੰਘੂ, ਓਚੰਦੀ, ਪਿਯਾਊ ਮਨਿਯਾਰੀ, ਸਭੋਲੀ ਅਤੇ ਮੰਗੇਸ਼ ਸਰਹੱਦਾਂ ਬੰਦ ਹਨ। ਇਸ ਲਈ ਯਾਤਰੀ ਬਦਲਵੇਂ ਰਾਹ ਜਿਵੇਂ ਲਾਮਪੁਰ, ਸਫੀਆਬਾਦ ਅਤੇ ਸਿੰਘੂ ਸਕੂਲ ਟੋਲ ਰਸਤੇ ਰਾਹੀਂ ਲੰਘਣ।' ਯਾਤਰੀਆਂ ਨੂੰ ਬਾਹਰੀ ਰਿੰਗ ਰੋਡ ਅਤੇ ਐਨਐਚ44 'ਤੇ ਵੀ ਸਫਰ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਇਸੇ ਦੌਰਾਨ ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਨੇ ਹਰਿਆਣਾ ਦੇ ਬਰਵਾਲ ਦੀ ਸੜਕ ਰੋਕ ਦਿੱਤੀ ਹੈ। ਪੁਲੀਸ ਨੇ ਟਰੈਕਟਰ ਦੀਆਂ ਚਾਬੀਆਂ ਖੋਹ ਲਈਆਂ ਜਿਸ ਤੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਟਰੈਕਟਰ ਸੜਕ ਵਿਚਾਲੇ ਖੜ੍ਹੇ ਕਰਕੇ ਆਵਾਜਾਈ ਰੋਕ ਦਿੱਤੀ। ਇਹ ਕਿਸਾਨ ਦਿੱਲੀ ਜਾ ਰਹੇ ਸਨ।