ਈਸਟ ਇੰਡੀਆ ਕੰਪਨੀ ਅਤੇ ਮੋਦੀ ਵਿੱਚ ਕੋਈ ਫਰਕ ਨਹੀਂ: ਬਲਬੀਰ ਸਿੱਧੂ

14

December

2020

ਐਸ.ਏ.ਐਸ.ਨਗਰ (ਮੁਹਾਲੀ), 14 ਦਸੰਬਰ (ਗੁਰਪ੍ਰੀਤ ਸਿੰਘ ਤੰਗੋਰੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਕਟੇਟਰਾਂ ਵਾਂਗ ਦੇਸ਼ ਵਾਸੀਆਂ ਉੱਤੇ ਲੋਕ ਵਿਰੋਧੀ ਫੈਸਲੇ ਥੋਪ ਰਹੇ ਹਨ ਅਤੇ ਸ੍ਰੀ ਮੋਦੀ ਤੇ ਈਸਟ ਇੰਡੀਆ ਕੰਪਨੀ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਵਿਚਾਰ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਵੇਰੇ ਪਿੰਡ ਤੰਗੌਰੀ ਵਿਖੇ ਸੰਭੂ ਰੈਲੀ ਵਿੱਚ ਜਾਣ ਲਈ ਇਕੱਤਰ ਹੋਏ ਸੈਂਕੜੇ ਕਾਂਗਰਸੀ ਵਰਕਰਾਂ ਅਤੇ ਪੰਚਾਂ-ਸਰਪੰਚਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਸ੍ਰੀ ਸਿੱਧੂ ਨੇ ਆਖਿਆ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਪਰ ਸ੍ਰੀ ਮੋਦੀ ਮਨਮਾਨੇ ਢੰਗ ਨਾਲ ਲੋਕਤੰਤਰੀ ਤਰੀਕਿਆਂ ਨੂੰ ਛੱਡ ਕੇ ਡਿਕਟੇਟਰਾਂ ਵਾਂਗ ਵੱਡੇ ਸਨਅਤੀ ਘਰਾਣਿਆਂ ਦੇ ਵਿਚੋਲੇ ਬਣ ਕੇ ਲੋਕ ਵਿਰੋਧੀ ਫੈਸਲੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਅੰਬਾਨੀ ਅਤੇ ਅੰਡਾਨੀ ਨੂੰ ਖੁਸ਼ ਕਰਨ ਲਈ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਅੰਨਦਾਤੇ ਨਾਲ ਧ੍ਰੋਹ ਕਮਾਇਆ ਹੈ। ਕੈਬਨਿਟ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਰਾਹ ਦਿਖਾਇਆ ਹੈ ਅਤੇ ਕਿਸਾਨਾਂ ਦੀ ਸੰਘਰਸ਼ ਵਿੱਚ ਜਿੱਤ ਹੋਵੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਜ਼ਿੱਦ ਛੱਡ ਕੇ ਬਿਨ੍ਹਾਂ ਕਿਸੇ ਦੇਰੀ ਖੇਤੀ ਕਾਨੂੰਨ ਵਾਪਿਸ ਲੈਣ ਦੀ ਸਲਾਹ ਦਿੱਤੀ।