ਏਡਜ਼ ਜਾਗਰੂਕਤਾ ਵੈਨ ਲੌਂਗੋਵਾਲ ਪੁੱਜੀ

14

December

2020

ਲੌਂਗੋਵਾਲ, 14 ਦਸੰਬਰ (ਜਗਸੀਰ ਸਿੰਘ) - ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਲੌਂਗੋਵਾਲ ਡਾ.ਅੰਜੂ ਸਿੰਗਲਾ ਦੇ ਦਿਸ਼ਾ ਨਿਰਦੇਸ਼ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਵਿੱਚ ਏਡਜ਼ ਐਚਆਈਵੀ ਦੀ ਜਾਗਰੂਕਤਾ ਲਈ ਏਡਜ਼ ਜਾਗਰੂਕਤਾ ਵੈਨਾਂ ਰਾਹੀਂ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਬਲਾਕ ਐਜੂਕੇਟਰ ਯਾਦਵਿੰਦਰ ਨੇ ਦੱਸਿਆ ਕਿ ਵੈਨ ਸੀ ਐਚ ਸੀ ਅਧੀਨ ਪੈਂਦੇ ਪਿੰਡ ਲੌਂਗੋਵਾਲ, ਮੰਡੇਰ ਕਲਾਂ,ਲੋਹਾ ਖੇੜਾ,ਦੁੱਗਾਂ,ਕੁੰਨਰਾਂ ਅਤੇ ਬਡਰੁੱਖਾਂ ਪਹੁੰਚੀ ਜਿਸ ਵਿੱਚ ਆਮ ਲੋਕਾਂ ਅਤੇ ਗਰਭਵਤੀ ਔਰਤਾਂ ਨੂੰ ਵਿਭਾਗ ਦੇ ਕਾਊਂਸਲਰ ਦੁਆਰਾ ਕਾਊਂਸਲਿੰਗ ਕੀਤੀ ਗਈ ਅਤੇ ਟੈਸਟਿੰਗ ਵੀ ਕੀਤੀ ਗਈ।ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਦਿਆਂ ਏਡਜ਼ ਬਿਮਾਰੀ ਦੇ ਲੱਛਣਾਂ, ਇਲਾਜ ਅਤੇ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਿੰਡ ਲੌਂਗੋਵਾਲ ਵਿਖੇ ਬਲਾਕ ਐਜੂਕੇਟਰ ਯਾਦਵਿੰਦਰ ਅਤੇ ਹੈਲਥ ਵਰਕਰ ਰਾਜਿੰਦਰ ਕੁਮਾਰ ਨੇ ਕਿਹਾ ਕਿ ਨਸ਼ੇ ਦੇ ਕਾਰਨ ਐਚ.ਆਈ.ਵੀ ਦੇ ਮਾਮਲੇ ਵੱਧ ਰਹੇ ਹਨ, ਲੋਕ ਸਾਂਝੀ ਸਰਿੰਜ ਨਾਲ ਇਕ ਦੂਜੇ ਨੂੰ ਨਸ਼ਾ ਦੇ ਰਹੇ ਹਨ, ਜੋ ਕਿ ਕਾਫ਼ੀ ਖਤਰਨਾਕ ਹੈ।ਇਸ ਤੋਂ ਇਲਾਵਾ ਲੋਕਾਂ ਨੂੰ ਐਚਆਈਵੀ ਪਾਜ਼ੇਟਿਵ ਮਰੀਜ਼ ਬਾਰੇ ਗਲਤ ਧਾਰਨਾਵਾਂ ਬਾਰੇ ਵੀ ਦੱਸਿਆ ਗਿਆ ਕਿ ਹੱਥ ਮਿਲਾਉਣ, ਗਲੇ ਲੱਗਣ,ਖਾਣਾ ਖਾਣ ਅਤੇ ਆਮ ਚੀਜਾਂ ਦੀ ਸਾਂਝੀ ਵਰਤੋਂ ਏਡਜ਼ ਦਾ ਪ੍ਰਸਾਰ ਨਹੀਂ ਕਰਦੀ, ਬਲਕਿ ਅਸੁਰੱਖਿਅਤ ਸਰੀਰਿਕ ਸੰਬੰਧਾਂ,ਮਾਂ ਤੋਂ ਬੱਚੇ ਨੂੰ, ਅਣਪ੍ਰਵਾਨਤ ਬਲੱਡ ਬੈਂਕਾਂ ਤੋਂ ਖੂਨ ਚੜ੍ਹਾਉਣ ਅਤੇ ਏਡਜ਼ ਤੋਂ ਪ੍ਰਭਾਵਿਤ ਮਰੀਜ਼ ਦੀ ਸਰਿੰਜ ਦੀ ਵਰਤੋਂ ਨਾਲ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦੀ ਹੈ। ਇਸ ਮੌਕੇ ਕਾਊਂਸਲਰ ਅੰਮ੍ਰਿਤ ਸਿੰਘ, ਲੈਬ ਟੈਕਨੀਸ਼ੀਅਨ ਇੰਦਰਦੀਪ ਕੌਰ,ਹੈਲਥ ਵਰਕਰ ਬਰਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਜਸਵੀਰ ਸਿੰਘ,ਏ ਐਨ ਐਮ ਕਮਲੇਸ਼ ਰਾਣੀ, ਕੁਲਵੀਰ ਕੌਰ,ਪਰਮਜੀਤ ਕੌਰ ਅਤੇ ਵੱਖ-ਵੱਖ ਪਿੰਡਾਂ ਦੇ ਆਸ਼ਾ ਵਰਕਰ ਵੀ ਹਾਜ਼ਰ ਸਨ।