3 ਕੋਵਿਡ ਪਾਜ਼ਟਿਵ ਮਰੀਜ਼ ਹੋਮਆਈਸੋਲੇਸ਼ਨ ਤੋਂ ਹੋਏ ਸਿਹਤਯਾਬ - ਡਿਪਟੀ ਕਮਿਸ਼ਨਰ

14

December

2020

ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) - ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਰੋਜ਼ਾਨਾ ਕੋਵਿਡ-19 ਵਿਰੁੱਧ ਜੰਗ ਜਿੱਤਣ ਵਾਲਿਆਂ 'ਚ ਅੱਜ ਜ਼ਿਲਾ ਸੰਗਰੂਰ ਤੋਂ 3 ਪਾਜ਼ਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ। ਉਨਾਂ ਕਿਹਾ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਠੀਕ ਹੋਣ ਵਾਲੇ 3 ਜਣਿਆਂ ਨੇ ਹੋਮਆਈਸੋਲੇਸ਼ਨ ਤੋਂ ਕੋਰੋਨਾ ਨੂੰ ਮਾਤ ਦਿੱਤੀ ਹੈ। ਉਨਾਂ ਕਿਹਾ ਕਿ ਕੋਰੋਨਾ ਦੀ ਚਲ ਰਹੀ ਦੂਜੀ ਲਹਿਰ ਤਹਿਤ ਪਹਿਲਾ ਤੋਂ ਹੋਰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਸ੍ਰੀ ਰਾਮਵੀਰ ਨੇ ਜ਼ਿਲ੍ਰਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਪਾਜ਼ਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲਿਆਂ ਬਾਰੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਅਤੇ ਪਹਿਲਕਦਮੀ ਨਾਲ ਜਾਂਚ ਕਰਵਾ ਕੇ ਸੈਂਪਿਗ ਕਰਵਾਈ ਜਾਵੇ। ਉਨਾਂ ਕਿਹਾ ਕਿ ਇਸ ਨਾਮੁਰਾਦ ਬਿਮਾਰੀ ਨੂੰ ਹਰਾਉਣ ਲਈ ਇਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣਾ ਅਤੇ ਮੂੰਹ ਤੇ ਮਾਸਕ ਪਾਉਣਾ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਬਦਲਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਖਾਂਸੀ, ਜੁਖਾਮ ਜਾਂ ਬੁਖਾਰ ਹੋਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਜਾ ਜਾਂਚ ਕਰਵਾਉਣ ਨੂੰ ਪਹਿਲ ਦੇਣਾ ਸਮੇਂ ਦੀ ਲੋੜ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਦੇ ਟੈਸਟ ਲਈ ਸਿਹਤ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ 'ਚ ਹਰੇਕ ਜ਼ਿਲਾ ਵਾਸੀ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਟੈਸਟਿੰਗ ਨਾਲ ਕੋਰੋਨਾ ਦੀ ਗੰਭੀਰ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਜਿਸਦੇ ਲਈ ਹਰੇਕ ਜ਼ਿਲਾ ਵਾਸੀ ਨੂੰ ਖੁਦ ਅੱਗੇ ਆਉਣਾ ਪਵੇਗਾ। ਉਨਾਂ ਕਿਹਾ ਕਿ ਜ਼ਿਲ੍ਰਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲੋਕਾਂ ਨੂੰ ਚੰਗੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।