ਪੰਜਾਬ ਕਿਸਾਨ ਸਭਾ ਵੱਲੋਂ ਦਿੱਲੀ ਵੱਲ ਵਹੀਰਾਂ ਘੱਤਣ ਦਾ ਸੱਦਾ

14

December

2020

ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) - ਪੰਜਾਬ ਕਿਸਾਨ ਸਭਾ ਦੀ ਆਨਲਾਈਨ ਮੀਟਿੰਗ ਮਿਤੀ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਚੇਤਨ ਸਿੰਘ ਬਾਸੀ, ਮੇਜ਼ਰ ਸਿੰਘ ਪੂੰਨਾਵਾਲ, ਸੁਖਵਿੰਦਰ ਸਿੰਘ ਸੇਖੋਂ, ਲਹਿੰਬਰ ਸਿੰਘ ਤੱਗੜ ਤੇ ਸਮੂਹ ਕਮੇਟੀ ਮੈਂਬਰਾਂ ਤੋਂ ਇਲਾਵਾ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਸਾਥੀ ਲਾਲ ਸਿੰਘ ਧਨੌਲਾ, ਰਾਮ ਸਿੰਘ ਨੂਰਪੁਰੀ ਨੇ ਵੀ ਹਿੱਸਾ ਲਿਆ। ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਸਾਥੀ ਅਸੋਕ ਧਾਵਲੇ ਨੇ ਵੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਵਿੱਚ ਸਿਰਕਤ ਕੀਤੀ। ਮੀਟਿੰਗ ਵਿੱਚ ਚਲ ਰਹੇ ਕਿਸਾਨ ਸੰਘਰਸ਼ ਬਾਰੇ ਵਿਆਪਕ ਵਿਚਾਰ ਵਿਟਾਂਦਰਾ ਕੀਤਾ ਗਿਆ। ਸਮੂਹ ਮੈਂਬਰਾਂ ਨੇ ਕਿਸਾਨ ਸੰਘਰਸ਼ ਵਿੱਚ ਪਾਏ ਗਏ ਯੋਗਦਾਨ ਬਾਰੇ ਰਿਪੋਰਟਿੰਗ ਕੀਤੀ। ਮੀਟਿੰਗ ਵਿੱਚ ਨੋਟ ਕੀਤਾ ਗਿਆ ਕਿ ਕਿਸਾਨੀ ਸੰਘਰਸ਼ ਨੂੰ ਦੇਸ/ਵਿਦੇਸ਼ ਤੋਂ ਮਿਲ ਰਹੇ ਸਮਰਥਨ ਦੇ ਬਾਵਜੂਦ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ। ਉਹ ਇਹਨਾਂ ਕਾਨੂੰਨਾਂ ਵਿੱਚ ਸੋਧਾਂ ਕਰਨ ਦੇ ਨਾਂ ਥੱਲੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦੀ ਰਣਨੀਤੀ ਕਿਸਾਨ ਅੰਦੋਲਨ ਨੂੰ ਲਮਕਾ ਕੇ ਇਸ ਨੂੰ ਕਮਜ਼ੋਰ ਕਰਨ ਦੀ ਹੈ। ਮੋਦੀ ਸਰਕਾਰ ਆਪਣੇ ਪੁਰਾਣੇ ਸਟੈਂਡ ਕਿ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹੈ ਦਾ ਹੀ ਰਾਗ ਅਲਾਪ ਰਹੀ ਹੈ ਅਤੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਅਫਸਲ ਕੋਸ਼ਿਸ਼ ਕਰ ਰਹੀ ਹੈ। ਮੀਟਿੰਗ ਵਿੱਚ ਸਰਕਾਰ ਦੇ ਇਸ ਵਰਤਾਰੇ ਤੇ ਚਿੰਤਾ ਪ੍ਰਗਟ ਕੀਤੀ ਗਈ ਕਿ ਕਿਵੇਂ ਸਰਕਾਰ ਦੇਸ਼ ਦੇ ਲੱਖਾਂ ਕਿਸਾਨਾਂ ਦੀ ਅਵਾਜ ਸੁਣਨ ਦੀ ਥਾਂ ਅੰਡਾਨੀ-ਅੰਬਾਨੀਆਂ ਦੇ ਹਿੱਤ ਪੂਰ ਰਹੀ ਹੈ। ਮੀਟਿੰਗ ਵਿੱਚ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਫੈਸਲੇ ਲਏ ਗਏ, ਜਿਹਨਾਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ-ਰਾਜਸਥਾਨ ਦੇ ਸ਼ਾਹਰਾਹਾਂ, ਬਾਰਡਰਾਂ ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ। ਕਿਸਾਨਾਂ ਦਾ ਸਾਥ ਦੇਣ ਲਈ ਜਨਤਕ ਜਥੇਬੰਦੀਆਂ, ਸੀਟੂ ਤੇ ਖੇਤ ਮਜਦੂਰ ਯੂਨੀਅਨ ਨੂੰ ਵੀ ਅਪੀਲ ਕੀਤੀ ਗਈ । ਕਿਸਾਨ ਜਥੇਬੰਦੀਆਂ ਵਲੋਂ ਅੱਜ ਡੀ.ਸੀ.ਦਫਤਰਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਵੀ ਕਾਮਯਾਬ ਕਰਨ ਦਾ ਫੈਸਲਾ ਕੀਤਾ ਗਿਆ।