ਸੀਪੀਐੱਫ਼ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ 19 ਦਸੰਬਰ ਨੂੰ ਕਿਸਾਨੀ ਸੰਘਰਸ਼ ਦੇ ਸਮਰਥਨ ਵਿੱਚ ਹੁੰਮ ਹੁੰਮਾਕੇ ਦਿੱਲੀ ਪਹੁੰਚਣ ਦਾ ਐਲਾਨ

14

December

2020

ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) - ਸੀਪੀਐੱਫ਼ ਕਰਮਚਾਰੀ ਯੂਨੀਅਨ ਜਿਲਾ ਸੰਗਰੂਰ ਦੇ ਪ੍ਰ੍ਰਧਾਨ ਦੀਦਾਰ ਸਿੰਘ ਛੋਕਰਾਂ ਅਤੇ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਵੱਲੋਂ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਮਿਤੀ 19 ਦਸੰਬਰ 2020 ਨੂੰ 1-00 ਵਜੇ ਦੁਪਿਹਰ ਸੂਬੇ ਦੇ ਸਮੂਹ ਜਿਲਿਆਂ ਦੇ ਮੁਲਾਜਮ ਸ਼ੰਭੂ ਬਾਰਡਰ ਤੇ ਇਕੱਤਰ ਹੋਕੇ ਦਿੱਲੀ ਸੰਘਰਸ਼ ਵੱਲ ਕੂਚ ਕਰਨਗੇ। ਆਗੂਆਂ ਨੇ ਅੱਗੇ ਕਿਹਾ ਕਿ ਜਿਲਾ ਸੰਗਰੂਰ ਕਮੇਟੀ ਵੱਲੋਂ ਇਸ ਸਬੰਧੀ ਸਮੁੱਚੇ ਬਲਾਕਾਂ ਅਤੇ ਸਮੂਹ ਵਿਭਾਗਾਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਹਰੇਕ ਮੁਲਾਜਮ ਵਰਗ 19 ਦਸੰਬਰ ਨੂੰ ਦਿੱਲੀ ਪਹੁੰਚੇ। ਕਿਉਂਕਿ 2004 ਵਿੱਚ ਉਸ ਸਮੇਂ ਦੀਆਂ ਸਰਕਾਰਾਂ ਵੱਲੋਂ ਮੁਲਾਜਮ ਵਰਗ ਤੇ ਵੀ ਐਨਪੀਐਸ ਨਾਮੀ ਕਾਨੂੰਨ ਲਾਗੂ ਕਰਨ ਸਮੇਂ ਬਹੁਤ ਵੱਡੇ ਵੱਡੇ ਸੁਪਨੇ ਦਿਖਾਏ ਸੀ ਪਰ ਅੱਜ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਦੇ ਮਾੜੇ ਹਾਲਾਤਾਂ ਤੋਂ ਹਰ ਕੋਈ ਜਾਣੂੰ ਹੈ, ਕਿਉਂਕਿ ਮੁਲਾਜਮ ਦੀ ਰਿਟਾਇਰਮੈਂਟ ਹੋਣ ਤੇ ਜਾ ਮੌਤ ਹੋ ਜਾਣ ਦੀ ਸੂਰਤ ਵਿੱਚ ਐਨਪੀਐਸ ਤਹਿਤ ਮਿਲਣ ਵਾਲੀ ਨਾਮਾਤਰ ਪੈਨਸ਼ਨ ਨਾਲ ਉਹਨਾਂ ਦਾ ਗੁਜ਼ਾਰਾ ਹੋਣਾ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਹੈ। ਇਸ ਕਰਕੇ ਜੋ ਧੋਖਾ 2004 ਵਿੱਚ ਮੁਲਾਜਮਾਂ ਨਾਲ ਹੋਇਆ ਕਿਤੇ ਉਹੀ ਧੋਖਾ ਅੱਜ ਸਾਡੇ ਕਿਸਾਨਾਂ ਨਾਲ ਨਾ ਹੋ ਜਾਵੇ। ਇਸ ਕਰਕੇ ਜਥੇਬੰਦੀ ਨੇ ਫੈਸਲਾ ਲਿਆ ਹੈ ਕਿ ਦੇਸ਼ ਦੇ ਅੰਨਦਾਤੇ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਅਤੇ ਕਿਸੇ ਵਿਰੋਧੀ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੂਬੇ ਦੇ ਸਮੂਹ ਮੁਲਾਜਮ ਵਰਗ ਕਿਸਾਨੀ ਸੰਘਰਸ਼ ਦਾ ਸਮਰਥਨ ਕਰਨ ਲਈ ਦਿੱਲੀ ਜਾਣਗੇ।