ਜ਼ਿੰਦਗੀ 'ਚ ਐਵੇਂ ਨਾ ਗੁਆਚੋ....

12

December

2020

ਜਦੋਂ ਮਹਿਸੂਸ ਹੋਵੇ ਕਿ ਜ਼ਿੰਦਗੀ 'ਚ ਇਕਦਮ ਠਹਿਰਾਅ, ਸਭ ਕੁਝ ਉਲਝਿਆ, ਦੂਰ ਤਕ ਹਨੇਰਾ ਨਜ਼ਰ ਆ ਰਿਹਾ ਹੈ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਗੋਂ ਸਮਝ ਕੇ ਤਿਆਰ ਹੋ ਲੈਣਾ ਚਾਹੀਦਾ ਹੈ ਕਿ ਕੁਝ ਚੰਗਾ ਅਤੇ ਉੱਦਮੀ ਕਾਰਜ ਕਰਨ ਦਾ ਵੇਲਾ ਆ ਗਿਆ ਹੈ। ਆਪਣਾ ਵੇਲਾ ਵਿਅਰਥ ਨਾ ਗੁਆਓ। ਕੁਝ ਗੱਲਾਂ ਜੋ ਅਜਿਹੇ ਹਾਲਾਤ ਵਿਚ ਆਪ ਮੁਹਾਰੇ ਦਿਮਾਗ਼ ਵਿਚ ਆਉਣ ਲੱਗ ਪੈਂਦੀਆਂ ਹਨ ਜਿਵੇਂ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਕੁਝ ਖ਼ਤਮ ਹੋ ਰਿਹਾ ਜਾਂ ਸਭ ਕੁਝ ਇੱਥੇ ਤਕ ਹੀ ਸੀ ਜਾਂ ਇੱਥੇ ਕੋਈ ਮੇਰਾ ਆਪਣਾ ਨਹੀਂ ਜਾਂ ਕੋਈ ਮੇਰਾ ਨਹੀਂ ਕਰ ਰਿਹਾ ਆਦਿ। ਇੱਥੇ ਸਭ ਤੋਂ ਵੱਡੀ ਲੋੜ ਇਨ੍ਹਾਂ ਗੱਲਾਂ ਤੋਂ ਅੱਗੇ ਆਉਣ ਦੀ ਹੁੰਦੀ ਹੈ। ਜ਼ਿੰਦਗੀ ਦੇ ਇਸ ਮੋੜ 'ਤੇ ਹਿੰਮਤ ਹੌਸਲਾ ਇਕੱਠਾ ਕਰ ਲਓ ਕਿਉਂਕਿ ਤੁਹਾਡੀ ਆਪਣੀ ਹਿੰਮਤ ਤੇ ਹੌਸਲਾ ਹੀ ਤੁਹਾਨੂੰ ਤਰੱਕੀ ਦੇ ਮੁਕਾਮ ਤਕ ਲੈ ਕੇ ਜਾਵੇਗਾ। ਗੱਲ ਪੱਲੇ ਨਾਲ ਬੰਨ੍ਹ ਲਓ ਕਿ ਤੁਹਾਡੇ ਤੋਂ ਸਿਵਾ ਕੋਈ ਵੀ ਹੋਰ ਤੁਹਾਡੀ ਮਦਦ ਨਹੀਂ ਕਰ ਸਕਦਾ। ਜ਼ਿੰਦਗੀ ਵਿਚ ਅਕਸਰ ਉਤਰਾਅ- ਚੜ੍ਹਾਅ ਆਉਂਦੇ ਜਾਂਦੇ ਰਹਿੰਦੇ ਹਨ ਤੇ ਆਉਂਦੇ ਰਹਿਣਗੇ। ਇਨ੍ਹਾਂ ਤੋਂ ਭੱਜੋ ਨਾ ਬਲਕਿ ਡਟ ਕੇ ਮੁਕਾਬਲਾ ਕਰੋ। ਸਮੱਸਿਆ ਕਿਸੇ ਵੀ ਤਰ੍ਹਾਂ ਹੋਵੇ, ਕਿਹੋ ਜਿਹੇ ਵੀ ਹਾਲਾਤ ਹੋਣ, ਤੁਸੀਂ ਬਸ ਸਮੱਸਿਆ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਜ਼ਿੰਦਗੀ ਵਿਚ ਹੁਣ ਤਕ ਉਹ ਸਾਰੇ ਕਾਮਯਾਬ ਹੋਏ ਹਨ ਜਿਨ੍ਹਾਂ ਵਿਚ ਆਪਣੇ ਹੁਨਰ ਤੇ ਜ਼ੋਰ ਦੇ ਨਾਲ ਨਾਲ ਲਚਕ ਵੀ ਸੀ। ਇਕ ਪੰਜਾਬੀ ਲੇਖਕ ਮੁਤਾਬਿਕ,''ਜੇਕਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਧੱਕੇ, ਮੁੱਕੇ, ਗਾਲਾਂ ਤੇ ਅਪਮਾਨ ਸਹਿਣਾ ਆਉਣਾ ਚਾਹੀਦਾ ਹੈ।'' ਤੁਹਾਡੀ ਸਮੱਸਿਆ ਦਾ ਹੱਲ ਤੁਹਾਡੇ ਕੋਲ ਹੈ, ਤੁਹਾਡੇ ਹਾਲਾਤ ਵਿਚ ਹੀ ਹੈ। ਤੁਸੀਂ ਇੰਜ ਕਰੋ ਕਿ ਜੇ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਜੋ ਕਰ ਨਹੀਂ ਪਾ ਰਹੇ ਉਸ ਵੱਲ ਤੁਰ ਪਵੋ, ਉਸ ਵੱਲ ਵੇਖਣ ਲੱਗ ਪਵੋ, ਉਸ ਨੂੰ ਤਾਂਘਣ ਲੱਗ ਪਓ। ਅੱਜ ਨਹੀਂ ਤਾਂ ਕੱਲ੍ਹ ਤੁਹਾਡਾ ਮੁਕਾਮ ਤੁਹਾਡੇ ਕੋਲ ਹੋਵੇਗਾ। ਕਾਹਲ ਤੇ ਜਲਦਬਾਜ਼ੀ ਵਿਚ ਪ੍ਰਾਪਤ ਕੀਤਾ ਮੁਕਾਮ ਲੰਮਾ ਸਮਾਂ ਨਹੀਂ ਰਹਿੰਦਾ। ਇਸ ਲਈ ਮਿਹਨਤ ਅਤੇ ਸੰਜਮ ਨਾਲ ਕੀਤਾ ਕਾਰਜ ਬਰਕਤ ਵਾਲਾ ਹੁੰਦਾ ਹੈ ਜਿਸ ਦਾ ਫ਼ਲ ਤੁਹਾਡੀਆਂ ਅਸਲ ਖ਼ੁਸ਼ੀਆਂ ਹੁੰਦੀਆਂ ਹਨ। ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਬਾਰੇ ਪੜ੍ਹੋ ਸੁਣੋ ਜਿਨ੍ਹਾਂ ਨੇ ਜ਼ਿੰਦਗੀ ਦੇ ਹਰ ਕਦਮ, ਹਰ ਪੜਾਅ 'ਤੇ ਸੰਘਰਸ਼ ਕਰਦਿਆਂ ਮਹਾਨ ਕਾਰਜ ਕੀਤੇ ਹਨ। ਜੇ ਆਸਤਿਕ ਹੋ ਤਾਂ ਸੰਤ ਸਿਪਾਹੀਆਂ ਗੁਰੂਆਂ ਦੇ ਮਨੁੱਖਤਾ ਦੇ ਉਦੇਸ਼ ਨੂੰ ਸਮਝੋ ਤੇ ਅਪਣਾਓ ਜੋ ਮਿਹਨਤ ਕਰਨ ਦੀ ਹਿੰਮਤ ਤੇ ਹੌਸਲਾ ਦਿੰਦੀਆਂ ਹਨ। ਇੱਥੇ ਖ਼ਾਸ ਖਿਆਲ ਰੱਖਿਓ ਕਿ ਸ਼ਰਧਾ 'ਚ ਉੱਲੂ ਨਹੀਂ ਬਣਨਾ ਸਗੋਂ ਆਪਣੀ ਮਿਹਨਤ 'ਤੇ ਯਕੀਨ ਰੱਖਣਾ ਆਉਣਾ ਚਾਹੀਦਾ ਹੈ। ਜੇ ਨਾਸਤਿਕ ਹੋ ਤਾਂ ਕੁਦਰਤ ਦੇ ਵਿਸ਼ਾਲ ਸੰਕਲਪ ਨੂੰ ਸਮਝੋ ਜੋ ਹਰ ਇਕ ਇਨਸਾਨ ਨਾਲ ਬਿਨਾਂ ਕਿਸੇ ਭੇਦ ਭਾਵ ਤੋਂ ਆਪਣਾ ਕਾਰਜ ਕਰਦੀ ਹੈ ਅਤੇ ਬਿਨਾਂ ਕੋਈ ਵਖਰੇਵਾਂ ਕੀਤੇ ਹਵਾ, ਪਾਣੀ, ਧੁੱਪ, ਛਾਂ ਸਭ ਨੂੰ ਬਰਾਬਰ ਦਿੰਦੀ ਹੈ। ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਵਿਚ ਸਕੂਨ ਤੇ ਖ਼ੁਸ਼ੀਆਂ ਲੱਭਣਾ ਸਭ ਤੋਂ ਵੱਡਾ ਕਾਰਜ ਹੈ। ਜ਼ਿੰਦਗੀ ਵਿਚ ਗੁਆਚੋ ਨਾ, ਇਸ ਦਾ ਹਰ ਪਲ ਤੁਹਾਡਾ ਆਪਣਾ ਹੈ। ਪੜ੍ਹਣ ਲਿਖਣ ਦਾ ਸ਼ੌਕ, ਸੰਗੀਤ ਦੀ ਮੌਜ ਅਤੇ ਨੱਚਣ ਦੇ ਆਨੰਦ ਦਾ ਅਨੁਭਵ ਤੁਹਾਨੂੰ ਆਉਣਾ ਚਾਹੀਦਾ ਹੈ। ਜ਼ਿੰਦਗੀ ਵਿਚ ਜੋ ਬੀਤ ਗਿਆ, ਉਸ ਤੋਂ ਸਿਰਫ਼ ਸਿੱਖਿਆ ਜਾ ਸਕਦਾ ਹੈ, ਇਸ ਲਈ ਜੋ ਅੱਜ ਤੇ ਹੁਣ ਤੁਹਾਡੇ ਹੱਥ ਵਿਚ ਹੈ, ਉਸ ਨੂੰ ਦਿਲ ਖੋਲ੍ਹ ਕੇ ਹੰਢਾਓ। ਦਾਅਵਾ ਹੈ ਕਿ ਤੁਹਾਡਾ ਆਉਣ ਵਾਲਾ ਸਮਾਂ ਤੁਹਾਡਾ ਆਪਣਾ ਅਤੇ ਖ਼ੁਸ਼ੀਆਂ ਭਰਪੂਰ ਹੋਵੇਗਾ। (ਜੀਤ ਬਾਗੀ)