ਬਣਾਈਏ ਕਲਪਨਾਮਈ ਚਿੱਤਰ

12

December

2020

ਬੱਚਿਓ, ਤੁਹਾਡੀ ਉਮਰ ਨੂੰ ਮੁੱਖ ਰੱਖਦੇ ਹੋਏ ਚਿੱਤਰ ਬਣਾਉਂਦੇ ਸਮੇਂ ਆਕਾਰਾਂ ਦੀ ਨਕਲ 'ਤੇ ਜ਼ੋਰ ਨਹੀਂ ਦੇਣਾ ਚਾਹੀਦਾ। ਤੁਹਾਡੇ ਅੰਦਰ ਕਲਾ ਨੂੰ ਤੁਹਾਡੇ ਪੱਧਰ ਅਨੁਸਾਰ ਹੀ ਨਿਖੇਰਿਆ ਜਾ ਸਕਦਾ ਹੈ। ਇਸ ਲਈ ਖੁੱਲ੍ਹੇ ਹੱਥ ਵੱਖ ਵੱਖ ਚਿੱਤਰਾਂ ਨੂੰ ਬਣਾ ਕੇ ਕਲਪਨਾਮਈ ਚਿੱਤਰਾਂ ਰਾਹੀਂ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ। ਅਜ਼ਾਦ ਹੋ ਕੇ ਆਪਾ ਪ੍ਰਗਟਾਅ ਰਾਹੀਂ ਜਿਹੜੇ ਚਿੱਤਰ ਬਣਾਏ ਜਾਣ ਕਲਪਨਾਮਈ ਚਿੱਤਰ ਅਖਵਾਉਂਦੇ ਹਨ। ਬੱਚਿਓ, ਤੁਹਾਡੇ ਵਿਚ ਕੁਦਰਤੀ ਤੌਰ 'ਤੇ ਬਚਪਨ ਵਿਚ ਹੀ ਵਿਚਾਰ ਪ੍ਰਗਟ ਕਰਨ ਦੀ ਰੁਚੀ ਹੁੰਦੀ ਹੈ। ਇਸ ਲਈ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਕਾਲਪਨਿਕ ਚਿੱਤਰਾਂ ਦੀ ਖੁੱਲ੍ਹ ਕੇ ਪ੍ਰਗਟਾਅ ਰਾਹੀਂ ਤੁਸੀਂ ਆਪਣੇ ਵਿਚ ਸਿਰਜਣਾਤਮਿਕ ਸ਼ਕਤੀ ਦਾ ਵਿਕਾਸ ਕਰ ਸਕਦੇ ਹੋ ਅਤੇ ਤੁਹਾਡੇ ਅੰਦਰ ਹੁਨਰ ਦੀ ਨੀਂਹ ਬੱਝਦੀ ਹੈ। ਇਹ ਤੁਹਾਡੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਅੱਜ ਦੇ ਯੁੱਗ ਵਿਚ ਭਾਵੇਂ ਸਾਇੰਸ ਅਤੇ ਤਕਨਾਲੋਜੀ ਨੇ ਕਲਾ ਨੂੰ ਮਕੈਨੀਕਲ ਰੂਪ ਦਿੱਤਾ ਹੈ ਪਰ ਕਲਾਕਾਰ ਦੀ ਕਲਪਨਾ ਨਾਲ ਤਿਆਰ ਚਿੱਤਰਾਂ ਦੀ ਆਪਣੀ ਹੀ ਸਜਾਵਟ ਹੁੰਦੀ ਹੈ। ਪੁਰਾਤਨ ਸਮੇਂ ਵਿਚ ਚੀਨ, ਭਾਰਤ, ਰੋਮ, ਮਿਸਰ ਆਦਿ ਦੇਸ਼ਾਂ ਵਿਚ ਪੁਰਾਣੀ ਸੱਭਿਅਤਾ ਦੇ ਕਲਾ ਨਮੂਨਿਆਂ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਮਨੁੱਖ ਵਿਚ ਕਿੰਨੀ ਸਿਰਜਣਾਤਮਕ ਰੁਚੀ ਸੀ। ਪੁਰਾਣੇ ਚਿੱਤਰਾਂ, ਮੂਰਤੀਆਂ ਅਤੇ ਭਵਨ ਕਲਾ ਦੇਖ ਕੇ ਕਾਲਪਨਿਕ ਚਿੱਤਰਾਂ ਦੀ ਮਹੱਤਤਾ ਦਾ ਪਤਾ ਚਲਦਾ ਹੈ। ਅੱਜ ਵੀ ਅਸੀਂ ਅਜਾਇਬ ਘਰਾਂ, ਪੁਰਾਤਨ ਕਿਲਿਆਂ, ਤਾਜ ਮਹਿਲ, ਕੁਤਬਮੀਨਾਰ, ਚਾਰਮਿਨਾਰ ਆਦਿ ਅਤੇ ਪੁਰਾਤਨ ਗੁਫਾਵਾਂ ਆਦਿ ਵਿਰਾਸਤਮਈ ਸਥਾਨਾਂ ਵਿਚ ਉੱਚ ਕਲਾ ਦੇ ਉੱਤਮ ਨਮੂਨੇ ਦੇਖ ਕੇ ਮਾਣ ਮਹਿਸੂਸ ਕਰਦੇ ਹਾਂ। ਕਿਸ ਤਰ੍ਹਾਂ ਉਦੋਂ ਦੇ ਮਨੁੱਖਾਂ ਨੇ ਕਲਪਨਾ ਰਾਹੀਂ ਇੰਨੇ ਸੋਹਣੇ ਵਿਚਾਰ ਪ੍ਰਗਟ ਕੀਤੇ ਹੋਣਗੇ। ਕੁਦਰਤ ਵਿਚੋਂ ਹੀ ਇਨ੍ਹਾਂ ਚਿੱਤਰਾਂ ਦੀ ਰੂਪ ਰੇਖਾ ਮਨ 'ਚ ਵਸਾ ਕੇ ਅਸੀਂ ਸੁੰਦਰ ਚਿੱਤਰ ਬਣਾ ਸਕਦੇ ਹਾਂ। ਬੱਚਿਓ ਤੁਹਾਡਾ ਇਹ ਸਕੂਲੀ ਜੀਵਣ ਆਉਣ ਵਾਲੇ ਸਮੇਂ ਦੀ ਤਿਆਰੀ ਹੈ। ਤੁਸੀਂ ਵੱਡੇ ਹੋਕੇ ਕਿਸੇ ਵੀ ਖੇਤਰ ਕਲਾਕਾਰੀ, ਡਾਕਟਰੀ, ਇੰਜੀਨੀਅਰਿੰਗ, ਮਕੈਨੀਕਲ ਆਦਿ ਵਿਚ ਜਾਓ ਤੁਹਾਨੂੰ ਕਲਪਮਾਮਈ ਸ਼ਕਤੀ ਦੇ ਵਿਕਾਸ ਦੀ ਜ਼ਰੂਰਤ ਹੈ ਕਿਉਂਕਿ ਜੀਵਨ ਦੇ ਹਰ ਖੇਤਰ ਵਿਚ ਖੁੱਲ੍ਹ ਕੇ ਆਪਾ ਭਾਵ ਪ੍ਰਗਟ ਕਰਨ ਦੀ ਲੋੜ ਹੈ। ਇਸ ਲਈ ਕਲਪਨਾਮਈ ਚਿੱਤਰਾਂ ਦੀ ਬਣਾਵਟ ਤੇ ਜ਼ੋਰ ਦੇ ਕੇ ਤੁਹਾਡੇ ਅੰਦਰ ਹੁਨਰ ਅਤੇ ਖੋਜ ਦੀ ਨੀਂਹ ਬੱਝਦੀ ਹੈ। ਇਸ ਲਈ ਪੂਰੇ ਉਤਸ਼ਾਹ ਨਾਲ ਆਪਣੀ ਕਲਪਨਾ ਨਾਲ ਚਿੱਤਰ ਬਣਾਓ। ਕੁਝ ਗੱਲਾਂ ਦਾ ਖਿਆਲ ਰੱਖ ਕੇ ਤੁਸੀਂ ਬਹੁਤ ਸੁੰਦਰ ਕਲਪਨਾਮਈ ਚਿੱਤਰ ਬਣਾ ਸਕੋਗੇ। ਲਾਈਟ ਦੇ ਸੋਮੇ ਦਾ ਧਿਆਨ ਰੱਖਦੇ ਹੋਏ ਚਿੱਤਰ ਬਣਾਓ। ਸਬੰਧਿਤ ਵਸਤੂ ਨੂੰ ਧਿਆਨ ਕੇਂਦਰਿਤ ਕਰਦੇ ਹੋਏ ਉਸ ਦੇ ਹਰੇਕ ਕੋਨੇ ਅਤੇ ਹਰੇਕ ਪੁਜ਼ੀਸ਼ਨ ਤੋਂ ਉਸਨੂੰ ਬਣਾਓ ਉਸ ਤੋਂ ਪਹਿਲਾਂ ਉਸ ਵਸਤੂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋਵੋ। ਇਸ ਤਰ੍ਹਾਂ ਹਰੇਕ ਬਣਾਉਣ ਵਾਲੀ ਵਸਤੂ ਲਈ ਇਸੇ ਤਰ੍ਹਾਂ ਕਰੋ। ਚਿਤਰਕਲਾ, ਅਸਲ ਵਿਚ ਅਸਲੀ ਦੇਖੀ ਅਤੇ ਸਮਝੀ ਵਸਤੂ ਅਤੇ ਬਾਅਦ ਵਿਚ ਆਪਣੀ ਯਾਦਸ਼ਕਤੀ ਅਤੇ ਦਿਮਾਗੀ ਤਸਵੀਰਾਂ ਰਾਹੀਂ ਚਿਤਰਣਾ ਹੈ। ਪੈਨਸਿਲ ਨੂੰ ਪਿਆਰ ਨਾਲ ਫੜ ਕੇ ਬਹੁਤ ਹੀ ਨਰਮ ਤਰੀਕੇ ਨਾਲ ਰੇਖਾਵਾਂ ਖਿੱਚਦੇ ਹੋਏ ਧਰਤੀ ਦੇ ਸੋਹਣੇ ਕੁਦਰਤੀ ਨਜ਼ਾਰਿਆਂ ਨੂੰ ਮਾਣਦੇ ਹੋਏ ਉਸ ਵਿਚੋਂ ਆਪਣੀ ਕਲਾ ਦੀ ਸ਼ੁਰੁਆਤ ਕਰੋ। (ਮਨਪ੍ਰੀਤ ਕੌਰ) (ਆਰਟ ਕਰਾਫਟ ਅਧਿਆਪਕਾ, ਸ.ਸ.ਸ.ਸ. ਕਿਸ਼ਨਪੁਰਾ ਕਲਾਂ (ਮੋਗਾ) (ਮੋਬਾਈਲ : 88725-26500)