ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਦੀ ਕੋਠੀ ਵੱਲ ਵਹੀਰਾਂ ਘੱਤੀਆਂ

18

October

2018

ਪਟਿਆਲਾ, ਸਾਂਝਾ ਅਧਿਆਪਕ ਮੋਰਚਾ ਨੇ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਰਿਹਾਇਸ਼ ਵੱਲ ਮਾਰਚ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇ ਲਾਏ। ਦੂਜੇ ਪਾਸੇ ਕੈਪਟਨ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ 21 ਅਕਤੂਬਰ ਨੂੰ ਮੋਤੀ ਮਹਿਲ ਦੇ ਘਿਰਾਓ ਦੇ ਉਲੀਕੇ ਪ੍ਰੋਗਰਾਮ ’ਚ ਸੂਬੇ ਭਰ ’ਚੋਂ ਕਿਸਾਨ, ਮੁਲਾਜ਼ਮ ਤੇ ਹੋਰ ਜਨਤਕ ਜਥੇਬੰਦੀਆਂ ਨੇ ਵੀ ਸਰਗਰਮੀ ਨਾਲ ਹਿੱਸਾ ਲੈਣ ਲਈ ਹਾਮੀ ਭਰੀ ਹੈ। ਜਾਣਕਾਰੀ ਅਨੁਸਾਰ ਅਧਿਆਪਕਾਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ਅੱਗੇ ਜਾ ਕੇ ਉਨ੍ਹਾਂ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਮਰਨ ਵਰਤੀ ਅਧਿਆਪਕ ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਅੱਜ ਗਿਆਰਵੇਂ ਦਿਨ ਮਰਨ ਵਰਤ ’ਤੇ ਡਟੇ ਰਹੇ। ਪੱਕੇ ਮੋਰਚੇ ‘ਚ ਅੱਜ ਫ਼ਰੀਦਕੋਟ, ਮੁਕਤਸਰ ਤੇ ਨਵਾਂ ਸ਼ਹਿਰ ਦੇ ਅਧਿਆਪਕ ਕਾਲੇ ਬਿੱਲੇ ਲਾ ਕੇ ਸ਼ਾਮਲ ਹੋਏ। ਅਧਿਆਪਕਾਂ ਦੇ ਪੱਕੇ ਮੋਰਚੇ ਨੂੰ ਅੱਜ ਉਸ ਵੇਲੇ ਹੋਰ ਬਲ ਮਿਲਿਆ, ਜਦੋਂ ਤਿੰਨ ਦਰਜਨ ਤੋਂ ਵੱਧ ਹੋਰ ਕਿਸਾਨ, ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਲਏ ਫੈਸਲੇ ’ਚ ਅਧਿਆਪਕ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਸਥਾਨਕ ਰਿਹਾਇਸ਼ ਦੇ 21 ਅਕਤੂਬਰ ਨੂੰ ਪਹਿਲਾਂ ਤੋਂ ਉਲੀਕੇ ਘਿਰਾਓ ਦੇ ਪ੍ਰੋਗਰਾਮ ’ਚ ਸ਼ਮੂਲੀਅਤ ਕਰਨ ਲਈ ਹਾਮੀ ਭਰ ਦਿੱਤੀ। ਦੱਸਣਯੋਗ ਹੈ ਕਿ ਅਧਿਆਪਕ ਮੋਰਚਾ ਪਹਿਲਾਂ ਹੀ 26 ਵੱਖ ਵੱਖ ਅਧਿਆਪਕ ਜਥੇਬੰਦੀਆਂ ਆਧਾਰਿਤ ਸੰਗਠਨ ਹੈ। ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੇ ਬਿਆਨਾਂ ਦੀ ਤਿੱਖੀ ਆਲੋਚਨਾ ਕਰਦਿਆਂ ਆਖਿਆ ਕਿ ਲਗਾਤਾਰ 94 ਫੀਸਦੀ ਅਧਿਆਪਕਾਂ ਦੀ ਸਹਿਮਤੀ ਦੀ ਦੁਹਾਈ ਪਾ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂਕਿ ਹਕੀਕਤ ਇਸ ਦੇ ਉਲਟ ਹੈ। ਆਗੂਆਂ ਨੇ ਸਿੱਖਿਆ ਸਕੱਤਰ ਵੱਲੋਂ ਪੇਸ਼ ਕੀਤੇ ਗਏ ਝੂਠੇ ਅੰਕੜਿਆਂ ਦਾ ਪਰਦਾਫਾਸ਼ ਹੋਣ ’ਤੇ ਅੱਜ ਉਨ੍ਹਾਂ ਖ਼ਿਲਾਫ਼ ਮੁਜ਼ਾਹਰਾ ਕੀਤਾ। ਮੋਰਚੇ ਦੇ ਕਨਵੀਨਰਾਂ ਨਾਲ ਭਰਾਤਰੀ ਜਥੇਬੰਦੀਆਂ ਵੱਲੋਂ ਸੁਖਦੇਵ ਸੈਣੀ, ਜੋਗਿੰਦਰ ਸਿੰਘ, ਉਗਰਾਹਾਂ, ਡਾ. ਦਰਸ਼ਨ ਪਾਲ, ਕਰਮਜੀਤ ਬੀਹਲਾ ਤੇ ਹੋਰਨਾਂ ਨੇ ਬੈਠਕ ਕਰਕੇ ਸੰਘਰਸ਼ ਦੀ ਹਮਾਇਤ ਦਿੱਤੀ। 16 ਮਰਨ ਵਰਤੀਆਂ ’ਚੋਂ ਅੱਜ ਪ੍ਰਭਦੀਪ, ਬਚਿੱਤਰ ਤੇ ਜਸਵਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।