ਕਾਲੇ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦਾ ਬੱਚਾ-ਬੱਚਾ ਦਿੱਲੀ ਜਾਣ ਨੂੰ ਉਤਾਵਲਾ : ਕਿਸਾਨ ਆਗੂ

10

December

2020

ਅਮਰਗੜ੍ਹ 10 ਦਸੰਬਰ (ਹਰੀਸ਼ ਅਬਰੋਲ) ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਦਿੱਲੀ ਜਾਣ ਲਈ ਪੰਜਾਬ ਦਾ ਬੱਚਾ-ਬੱਚਾ ਉਤਾਵਲਾ ਹੋਇਆ ਪਿਆ ਹੈ, ਕਿਉਂਕਿ ਇਹ ਸਾਡੀ ਹੋਂਦ ਦੀ ਲੜਾਈ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਹੋਰਾਣਾ ਟੋਲ ਪਲਾਜ਼ਾ ਤੇ ਲਗਾਤਾਰ ਚੱਲ ਰਹੇ ਧਰਨੇ ਦੇ ਬੇ ਦਿਨ ਕਿਸਾਨਾਂ ਦੀ ਭਰੀ ਬੱਸ ਦਿੱਲੀ ਦੇ ਸਿੰਧੂ ਬਾਰਡਰ ਲਈ ਰਵਾਨਾ ਕਰਨ ਮੌਕੇ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਨਭੌਰਾ ਨੇ ਕੀਤਾ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਕਰਨ ਦੇ ਆਪਣੇ ਫ਼ੈਸਲੇ ਨੂੰ ਲਮਕਾਉਂਦੀ ਰਹੇਗੀ ਓਨੀ ਦੇਰ ਤਕ ਪੰਜਾਬ ਦੇ ਲੋਕ ਦਿੱਲੀ ਤੋਂ ਮੁੜਨ ਵਾਲੇ ਨਹੀਂ। ਇਸ ਸਮੇਂ ਉਨ੍ਹਾਂ ਕੁਝ ਰਾਜਨੀਤਕ ਆਗੂਆਂ ਵੱਲੋਂ ਲੋਕਾਂ ਨੂੰ ਦਿੱਲੀ ਲਿਜਾਣ ਲਈ ਕੀਤੇ ਜਾ ਰਹੇ ਸਾਧਨਾਂ ਦੇ ਪ੍ਰਬੰਧਾਂ ਬਾਰੇ ਕਿਹਾ ਕਿ ਕੋਈ ਇਸ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਰਿਹਾ ਹੈ ਬੜੀ ਚੰਗੀ ਗੱਲ ਹੈ, ਪਰ ਇਹ ਸੰਘਰਸ਼ ਕਿਸੇ ਵੀ ਰਾਜਨੀਤਿਕ ਸਪੋਰਟ ਤੋਂ ਬਿਨਾਂ ਸਿਰਫ਼ ਕਿਸਾਨੀ ਝੰਡੇ ਹੇਠ ਕਿਸਾਨ ਆਪਣੇ ਬਲਬੂਤੇ ਤੇ ਲੜ ਰਹੇ ਹਨ ਅਤੇ ਸਾਡੀ ਜਥੇਬੰਦੀ ਵੱਲੋਂ ਦਿੱਲੀ ਜਾਣ ਲਈ ਬੱਸਾਂ ਦਾ ਮੁਫ਼ਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਭਰਾ ਆਪਣਾ ਟਰੈਕਟਰ ਟਰਾਲੀ ਦਿੱਲੀ ਲਿਜਾਣਾ ਚਾਹੁੰਦਾ ਹੈ ਤਾਂ ਸਾਡੇ ਵੱਲੋਂ ਉਸ ਨੂੰ ਇੱਕ ਸੌ ਲੀਟਰ ਡੀਜ਼ਲ ਵੀ ਪਵਾ ਕੇ ਦਿੱਤਾ ਜਾ ਰਿਹਾ ਹੈ।