ਖੇਤੀ ਕਾਨੂੰਨਾ ਖਿਲਾਫ ਕਿਸਾਨਾ ਨੂੰ ਹਰੇਕ ਵਰਗ ਦੇ ਲੋਕ ਸਹਿਯੋਗ ਦੇ ਰਹੇ ਹਨ - ਰੋਹੀਸਰ ਵਾਲੇ

10

December

2020

ਫਤਿਹਗੜ੍ਹ ਸਾਹਿਬ, 10 ਦਸੰਬਰ (ਮੁਖਤਿਆਰ ਸਿੰਘ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾ ਖਿਲਾਫ ਪੰਜਾਬ ਦੇ ਸਾਰੇ ਵਰਗ ਕਿਸਾਨਾ ਨੂੰ ਸਹਿਯੋਗ ਦੇ ਰਹੇ ਹਨ। ਸੰਤ ਬਾਬਾ ਦਲਵਾਰਾ ਸਿੰਘ ਜੀ ਰੋਹੀਸਰ ਵਾਲੇ ਵੀ ਸੰਗਤਾ ਸਮੇਤ ਦਿੱਲੀ ਨੂੰ ਕਿਸਾਨਾ ਦੇ ਰੋਸ਼ ਧਰਨੇ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਏ। ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੇ ਦੱਸਿਆ ਕਿ ਉਹ ਅੱਜ ਕਿਸਾਨਾ ਦੀ ਮਦਦ ਲਈ 50 ਕੁਇੰਟਲ ਗੋਭੀ, ਘੀ, ਤੇਲ ਅਤੇ ਹੋਰ ਰਾਸ਼ਨ ਦਾ ਸਮਾਨ ਵੀ ਦਿੱਲੀ ਨਾਲ ਲੇ ਕੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ ਚੱਲ ਰਿਹਾ ਸੰਘਰਸ਼ ਇੱਕਲੇ ਕਿਸਾਨਾਂ ਦਾ ਨਹੀਂ ਰਿਹਾ ਸਗੋਂ ਹਰ ਦੇਸ਼ ਵਾਸੀ ਦਾ ਸੰਘਰਸ਼ ਬਣ ਗਿਆ ਹੈ। ਪੰਜਾਬ ਸਮੇਤ ਪੁਰੇ ਭਾਰਤ ਦੇ ਲੋਕ ਰਾਜਨੀਤਿਕ ਅਤੇ ਆਰਥਿਕ ਮਤਭੇਦਾਂ ਤੋਂ ਉਪਰ ਉੱਠ ਕੇ ਕਿਸਾਨੀ ਸੰਘਰਸ਼ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾ ਕਿਹਾ ਕਿ ਜਿੰਨ੍ਹੀ ਦੇਰ ਕੇਂਦਰ ਸਰਕਾਰ ਇੰਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਕਿਸਾਨਾਂ ਦਾ ਸੰਘਰਸ਼ ਉਨ੍ਹਾਂ ਸਮਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਸੜਕਾ ਤੇ ਪੁਲਸ ਫੋਰਸ ਤੈਨਾਤ ਕੀਤੀ ਗਈ, ਸੜਕਾ ਤੇ ਮਿੱਟੀ ਦੇ ਢੇਰ ਲਗਾਏ ਗਏ, ਬੈਰੀਗੇਟ ਲਗਾਏ, ਸੜਕਾਂ ਪੁੱਟੀਆਂ ਅਤੇ ਪਾਣੀ ਦੀਆਂ ਬੁਛਾਰਾਂ ਦੇਸ਼ ਦੇ ਅੰਨਦਾਤਾ ਤੇ ਕੀਤੀਆਂ ਗਈਆਂ, ਇਸਦੀ ਉਹ ਘੋਰ ਨਿੰਦਾ ਕਰਦੇ ਹਨ। ਦੇਸ਼ ਦੇ ਕਿਸਾਨਾਂ ਨੇ ਦਿੱਲੀ ਵਿਚ ਸਾਰੇ ਪਾਸੇ ਸੜਕਾ ਤੇ ਲੱਖਾ ਦੀ ਤਦਾਦ ਵਿਚ ਇਕੱਠੇ ਹੋਕੇ ਮੁਜ਼ਾਹਰਾ ਕਰਕੇ ਆਪਣੀ ਏਕਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਖਰਾਬ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ, ਜੋ ਕਦੇ ਕਾਮਯਾਬ ਨਹੀਂ ਹੋਣਗੀਆ।