Arash Info Corporation

ਮਾਨਸਾ: ਰੇਲ ਪਟੜੀ ਟੁੱਟਣ ਕਰਕੇ ਗੁਹਾਟੀ ਐਕਸਪ੍ਰੈਸ ਰੁਕੀ, ਹਾਦਸਾ ਟਲਿਆ

10

December

2020

ਮਾਨਸਾ/ਝੁਨੀਰ, 10 ਦਸੰਬਰ ਦਿੱਲੀ ਤੋਂ ਰਾਤ ਵੇਲੇ ਮਾਨਸਾ ਦੇ ਰਸਤੇ ਲਾਲਗੜ੍ਹ ਜਾ ਰਹੀ ਅਵਧ-ਅਸਾਮ ਐਕਸਪ੍ਰੈਸ (ਗੁਹਾਟੀ ਐਕਸਪ੍ਰੈੱਸ) ਨੂੰ ਰੈਲਵੇ ਲਾਈਨ ਟੁੱਟੀ ਹੋਣ ਕਰਕੇ ਪਿੰਡ ਨਰਿੰਦਰਪੁਰਾ ਲਾਗੇ ਰੋਕ ਲਿਆ ਗਿਆ। ਇਸ ਤਰ੍ਹਾਂ ਨੁਕਸਾਨ ਹੋਣ ਤੋਂ ਬੱਚਤ ਰਹਿ ਗਈ ਪਰ ਸਵਾਰੀਆਂ ਨੂੰ ਜ਼ਰੂਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਗੱਡੀ ਦੇਰ ਰਾਤ ਤੱਕ ਸਟੇਸ਼ਨ ਉਪਰ ਖੜ੍ਹੀ ਰਹੀ। ਕਈ ਸਵਾਰੀਆਂ ਨੂੰ ਹੋਰ ਸਾਧਨਾਂ ਰਾਹੀਂ ਘਰਾਂ ਨੂੰ ਜਾਣਾ ਪਿਆ। ਅਨੇਕਾਂ ਸਵਾਰੀਆਂ ਉਥੇ ਹੀ ਫਸ ਕੇ ਰਹਿ ਗਈਆ।ਰੇਲਵੇ ਪੁਲੀਸ ਚੌਕੀ ਮਾਨਸਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਨਰਿੰਦਰਪੁਰਾ ਲਾਗੇ ਰੇਲਵੇ ਲਾਈਨ ਦਾ ਟੁਕੜਾ, ਜਿਸ ’ਤੇ ਗੱਡੀ ਚਲ ਰਹੀ ਸੀ, ਟੁੱਟਿਆ ਹੋਣ ਕਰਕੇ ਗੱਡੀ ਨੂੰ ਰੋਕ ਲਿਆ ਗਿਆ ਹੈ। ਉੱਤਰੀ ਰੇਲਵੇ ਦੇ ਏਰੀਆ ਆਫਿਸ ਮੈਨੇਜਰ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਅਕਸਰ ਰੇਲਵੇ ਟਰੈਕ ਸੁੰਗੜ ਜਾਂਦਾ ਹੈ, ਜਿਸ ਨਾਲ ਕਦੇ-ਕਦੇ ਲਾਈਨਾਂ ਵਿਚਕਾਰ ਗੈਪ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਰੇਲਵੇ ਲਾਈਨ ਟੁੱਟਣ ਦਾ ਪਤਾ ਐਕਸਪ੍ਰੈਸ ਦੇ ਚਾਲਕ ਨੂੰ ਉਸ ਸਮੇਂ ਲੱਗਿਆ ਜਦੋਂ ਗੱਡੀ ਨੂੰ ਝਟਕਾ ਲੱਗਿਆ ਅਤੇ ਉਸ ਨੇ ਗੱਡੀ ਨੂੰ ਰੋਕ ਲਿਆ । ਰੋਕਣ ਤੋਂ ਪਤਾ ਲੱਗਿਆ ਕਿ ਰੇਲਵੇ ਲਾਈਨ ਟੁੱਟੀ ਹੋਈ ਹੈ। ਗੱਡੀ ਚਾਲਕ ਦੀ ਸਮਝਦਾਰੀ ਨਾਲ ਇਹ ਵੱਡਾ ਹਾਦਸਾ ਟਲ ਗਿਆ।